For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਰਾਸ਼ਟਰਪਤੀ ਚੋਣਾਂ ਲਈ ਵੋਟਾਂ ਅੱਜ, ਟਰੰਪ ਅਤੇ ਕਮਲਾ ’ਚ ਫਸਵਾਂ ਮੁਕਾਬਲਾ

08:01 AM Nov 05, 2024 IST
ਅਮਰੀਕਾ  ਰਾਸ਼ਟਰਪਤੀ ਚੋਣਾਂ ਲਈ ਵੋਟਾਂ ਅੱਜ  ਟਰੰਪ ਅਤੇ ਕਮਲਾ ’ਚ ਫਸਵਾਂ ਮੁਕਾਬਲਾ
Advertisement

Advertisement

ਵਾਸ਼ਿੰਗਟਨ, 4 ਨਵੰਬਰ
ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਭਲਕੇ ਵੋਟਾਂ ਪੈਣਗੀਆਂ। ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਆਗੂ ਕਮਲਾ ਹੈਰਿਸ ਵਿਚਕਾਰ ਫਸਵਾਂ ਮੁਕਾਬਲਾ ਹੈ। ਜੇ ਕਮਲਾ ਹੈਰਿਸ ਚੋਣ ਜਿੱਤਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ।
ਫਲੋਰਿਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਮੁਤਾਬਕ ਐਤਵਾਰ ਤੱਕ ਸਾਢੇ 7 ਕਰੋੜ ਅਮਰੀਕੀਆਂ ਨੇ ਪਹਿਲਾਂ ਹੀ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹਨ। ਕਮਲਾ ਹੈਰਿਸ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦੇਸ਼ ਦੀ ਆਜ਼ਾਦੀ ਦੀ ਰੱਖਿਆ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਅਤੇ ਮਹਿਲਾਵਾਂ ਦੇ ਹੱਕ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ, ਜਦਕਿ ਟਰੰਪ ਅਮਰੀਕਾ ਨੂੰ ਗ਼ੈਰਕਾਨੂੰਨੀ ਪਰਵਾਸੀਆਂ ਤੋਂ ਖਹਿੜਾ ਛੁਡਾਉਣ ਤੇ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਦੇ ਵਾਅਦੇ ਕਰ ਰਹੇ ਹਨ। ਹੁਣ ਵੋਟਾਂ ਲਈ ਜਦੋਂ ਕੁਝ ਹੀ ਸਮਾਂ ਬਚਿਆ ਹੈ ਤਾਂ ਸਾਬਕਾ ਰਾਸ਼ਟਰਪਤੀ ਟਰੰਪ ਨੇ 2020 ਚੋਣਾਂ ਦੀਆਂ ਕੌੜੀਆਂ ਯਾਦਾਂ ਦਾ ਮੁੱਦਾ ਮੁੜ ਛੇੜਦਿਆਂ ਕਿਹਾ ਕਿ ਉਸ ਨੂੰ ਵ੍ਹਾਈਟ ਹਾਊਸ ਨਹੀਂ ਛੱਡਣਾ ਚਾਹੀਦਾ ਸੀ। ਇਸ ਨਾਲ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਜੇ ਉਹ ਚੋਣ ਹਾਰ ਜਾਂਦਾ ਹੈ ਤਾਂ ਉਹ ਨਤੀਜੇ ਨੂੰ ਸਵੀਕਾਰ ਨਾ ਕਰਨ ਦਾ ਆਧਾਰ ਤਿਆਰ ਕਰ ਰਿਹਾ ਹੈ। ਸਾਬਕਾ ਰਾਸ਼ਟਰਪਤੀ ਨੇ ਲਿਟਿਟਜ਼ (ਪੈਨਸਿਲਵੇਨੀਆ) ’ਚ ਰੈਲੀ ਦੌਰਾਨ ਕਿਹਾ, ‘‘ਮੈਨੂੰ ਵ੍ਹਾਈਟ ਹਾਊਸ ਨਹੀਂ ਛੱਡਣਾ ਚਾਹੀਦਾ ਸੀ। ਮੈਂ ਪੂਰੀ ਇਮਾਨਦਾਰੀ ਨਾਲ ਆਖਦਾ ਹਾਂ ਕਿ ਅਸੀਂ ਚੋਣਾਂ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ।’’ ਟਰੰਪ ਨੇ ਮੌਜੂਦਾ ਵੋਟਿੰਗ ਅਮਲ ਪ੍ਰਤੀ ਨਿਰਾਸ਼ਾ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਵੋਟਿੰਗ ਦੌਰਾਨ ਵੋਟਰਾਂ ਦੇ ਪਛਾਣ ਪੱਤਰ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਡੈਮੋਕਰੈਟਿਕ ਪਾਰਟੀ ਦੇ ਆਗੂ ਵੋਟਰ ਪਛਾਣ ਪੱਤਰ ਦਾ ਵਿਰੋਧ ਕਰ ਰਹੇ ਹਨ ਤਾਂ ਜੋ ਹੇਰਾਫੇਰੀ ਕੀਤੀ ਜਾ ਸਕੇ। ਆਯੋਵਾ ਦੇ ਇਕ ਚੋਣ ਸਰਵੇਖਣ ਮੁਤਾਬਕ ਹੈਰਿਸ ਨੇ ਟਰੰਪ ਖ਼ਿਲਾਫ਼ 44 ਦੇ ਮੁਕਾਬਲੇ 47 ਫ਼ੀਸਦ ਦੀ ਲੀਡ ਲੈ ਲਈ ਹੈ। -ਪੀਟੀਆਈ

Advertisement

ਨਿਊਯਾਰਕ ਦੇ ਬੈਲੇਟ ਪੇਪਰਾਂ ’ਤੇ ਬੰਗਲਾ ਇਕਲੌਤੀ ਭਾਰਤੀ ਭਾਸ਼ਾ

ਨਿਊਯਾਰਕ: ਸ਼ਹਿਰੀ ਯੋਜਨਾਬੰਦੀ ਵਿਭਾਗ ਮੁਤਾਬਕ ਨਿਊਯਾਰਕ ’ਚ 200 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਭਲਕੇ ਹੋਣ ਜਾ ਰਹੀਆਂ ਚੋਣਾਂ ’ਚ ਬੈਲੇਟ ਪੇਪਰਾਂ ’ਤੇ ਅੰਗਰੇਜ਼ੀ ਤੋਂ ਇਲਾਵਾ ਸਿਰਫ਼ ਚਾਰ ਹੋਰ ਭਾਸ਼ਾਵਾਂ ਹੋਣਗੀਆਂ ਜਿਸ ’ਚ ਬੰਗਲਾ ਇਕਲੌਤੀ ਭਾਰਤੀ ਭਾਸ਼ਾ ਹੈ। ਨਿਊਯਾਰਕ ਸਥਿਤ ਬੋਰਡ ਆਫ਼ ਇਲੈਕਸ਼ਨ ਦੇ ਕਾਰਜਕਾਰੀ ਡਾਇਰੈਕਟਰ ਮਾਈਕਲ ਜੇ ਰਿਆਨ ਨੇ ਦੱਸਿਆ, ‘‘ਸਾਨੂੰ ਅੰਗਰੇਜ਼ੀ ਤੋਂ ਇਲਾਵਾ ਚਾਰ ਹੋਰ ਭਾਸ਼ਾਵਾਂ ਨੂੰ ਵੀ ਸ਼ਾਮਲ ਕਰਨਾ ਪੈਂਦਾ ਹੈ। ਏਸ਼ਿਆਈ ਭਾਸ਼ਾਵਾਂ ’ਚ ਚੀਨੀ, ਸਪੈਨਿਸ਼, ਕੋਰਿਆਈ ਅਤੇ ਬਾਂਗਲਾ ਸ਼ਾਮਲ ਹਨ।’’ ਬੈਲੇਟ ਪੇਪਰਾਂ ’ਤੇ ਬਾਂਗਲਾ ਭਾਸ਼ਾ ਦੀ ਵਰਤੋਂ ਸਿਰਫ਼ ਸ਼ਿਸ਼ਟਾਚਾਰ ਨਹੀਂ ਸਗੋਂ ਇਕ ਕਾਨੂੰਨੀ ਮਜਬੂਰੀ ਵੀ ਹੈ। ਕਾਨੂੰਨ ਮੁਤਾਬਕ ਨਿਊਯਾਰਕ ਸ਼ਹਿਰ ਦੇ ਕੁਝ ਵੋਟਿੰਗ ਕੇਂਦਰਾਂ ’ਤੇ ਬਾਂਗਲਾ ’ਚ ਵੋਟਿੰਗ ਸਮੱਗਰੀ ਉਪਲੱਬਧ ਕਰਾਉਣਾ ਲਾਜ਼ਮੀ ਹੈ। -ਪੀਟੀਆਈ

Advertisement
Author Image

Advertisement