ਅਮਰੀਕਾ: ਸਿੱਖ ਸੰਸਥਾ ਨੇ ਵੱਖ-ਵੱਖ ਥਾਵਾਂ ’ਤੇ ਲੰਗਰ ਲਾਇਆ
ਵਾਸ਼ਿੰਗਟਨ, 30 ਨਵੰਬਰ
ਨਿਊ ਜਰਸੀ ਦੀ ਗੈਰ-ਮੁਨਾਫ਼ਾ ਸੰਸਥਾ ਵੱਲੋਂ ਦੇਸ਼ ਭਰ ਵਿੱਚ ਲੰਗਰ ਲਗਾਏ ਗਏ। ਇਸ ਦੌਰਾਨ ਹਜ਼ਾਰਾਂ ਵਿਅਕਤੀਆਂ ਨੇ ਲੰਗਰ ਛਕਿਆ। ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ‘ਲੈਟਸ ਸ਼ੇਅਰ ਮੀਲ’ ਸੰਸਥਾ ਦੇ 700 ਤੋਂ ਵੱਧ ਸਵੈਮ ਸੇਵਕਾਂ ਨੇ ਨਿਊ ਜਰਸੀ, ਪੈਨਸਿਲਵੇਨੀਆ, ਮੈਸਾਚੁਸੇਟਸ ਅਤੇ ਕਨੈਕਟਿਕਟ ਵਿੱਚ 80 ਥਾਵਾਂ ’ਤੇ 10,000 ਤੋਂ ਵੱਧ ਵਿਅਕਤੀਆਂ ਨੂੰ ਲੰਗਰ ਵਰਤਾਇਆ। ਇਸ ਲੰਗਰ ਦੇ ਮੁੱਖ ਪ੍ਰਬੰਧਕਾਂ ’ਚੋਂ ਇਕ ਓਂਕਾਰ ਸਿੰਘ ਨੇ ਕਿਹਾ, ‘‘ਇਹ ਸੰਸਥਾ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਪੇਦਸ਼ਾਂ ਤੋਂ ਪ੍ਰੇਰਣਾ ਲੈ ਕੇ ਕੰਮ ਕਰ ਰਹੀ ਹੈ। ਲੰਗਰ ਦੀ ਧਾਰਨਾ ਗੁਰੂ ਨਾਨਕ ਦੇਵ ਜੀ ਦੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਸੰਸਥਾ ਆਪਣੀ ਸਥਾਪਨਾ ਦੇ ਬਾਅਦ ਤੋਂ ਪੂਰੇ ਅਮਰੀਕਾ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਲੰਗਰ ਛਕਾ ਚੁੱਕੀ ਹੈ।
ਇਕ ਸਵੈਮ ਸੇਵੀ ਹਰਲੀਨ ਕੌਰ ਨੇ ਕਿਹਾ, ‘‘ਮੈਂ 15 ਸਾਲਾਂ ਤੋਂ ਇਸ ਕੋਸ਼ਿਸ਼ ਦਾ ਹਿੱਸਾ ਹਾਂ ਅਤੇ ਜਿਸ ਤਰ੍ਹਾਂ ਇਹ ਅੱਗੇ ਵੱਧ ਰਹੀ ਹੈ, ਇਸ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ। ਹਰੇਕ ਸਾਲ ਜ਼ਿਆਦਾ ਤੋਂ ਜ਼ਿਆਦਾ ਲੋਕ (ਸਵੈਮ ਸੇਵੀ ਤੇ ਦਾਨੀ) ਇਸ ਨੂੰ ਸੰਭਵ ਬਣਾਉਣ ਲਈ ਜੁੜ ਰਹੇ ਹਨ।’’ -ਪੀਟੀਆਈ