For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ: ਓਬਾਮਾ

07:20 AM Aug 22, 2024 IST
ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ  ਓਬਾਮਾ
ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ’ਚ ਪਤਨੀ ਮਿਸ਼ੇਲ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ। -ਫੋਟੋ: ਰਾਇਟਰਜ਼
Advertisement

ਸ਼ਿਕਾਗੋ, 21 ਅਗਸਤ
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਵੋਟਰ ਮੁਲਕ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣਾ ਰਾਸ਼ਟਰਪਤੀ ਚੁਣ ਕੇ ਵਧੀਆ ਦਾਸਤਾਨ ਲਿਖਣ ਲਈ ਤਿਆਰ ਹਨ। ਹੈਰਿਸ ਦੀ ਜ਼ੋਰਦਾਰ ਹਮਾਇਤ ਕਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕੀ ਕਮਲਾ ਦੇ ਵਿਰੋਧੀ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ। ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ’ਚ ਮੰਗਲਵਾਰ ਰਾਤ ਆਪਣੇ ਸੰਬੋਧਨ ਦੌਰਾਨ ਓਬਾਮਾ ਨੇ 16 ਸਾਲ ਪਹਿਲਾਂ ਜੋਅ ਬਾਇਡਨ ਨੂੰ ਉਪ ਰਾਸ਼ਟਰਪਤੀ ਬਣਾਉਣ ਦੇ ਫ਼ੈਸਲੇ ਨੂੰ ਚੇਤੇ ਕੀਤਾ। ਓਬਾਮਾ ਨੇ ਕਿਹਾ, ‘‘ਅਮਰੀਕਾ ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ ਤਿਆਰ ਹੈ। ਅਮਰੀਕਾ ਬਿਹਤਰ ਦਾਸਤਾਨ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ ਅਤੇ ਉਹ ਵੀ ਅਹੁਦਾ ਸੰਭਾਲਣ ਲਈ ਤਿਆਰ ਹੈ।’’ ਉਨ੍ਹਾਂ ਕਿਹਾ ਕਿ ਬਾਇਡਨ ਨੂੰ ਇਤਿਹਾਸ ਲੋਕਤੰਤਰ ਦੀ ਰਾਖੀ ਲਈ ਯਾਦ ਕਰੇਗਾ। ‘ਮੈਨੂੰ ਬਾਇਡਨ ਨੂੰ ਆਪਣਾ ਰਾਸ਼ਟਰਪਤੀ ਆਖਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਆਪਣਾ ਦੋਸਤ ਆਖਣ ’ਤੇ ਮੈਨੂੰ ਜ਼ਿਆਦਾ ਮਾਣ ਹੈ। ਹੁਣ ਕਮਾਨ ਅੱਗੇ ਸੰਭਾਲ ਦਿੱਤੀ ਗਈ ਹੈ। ਅਸੀਂ ਆਪਣੇ ਸੁਪਨਿਆਂ ਦਾ ਅਮਰੀਕਾ ਬਣਾਉਣ ਲਈ ਹੁਣ ਸੰਘਰਸ਼ ਕਰਨਾ ਹੈ।’
ਉਨ੍ਹਾਂ ਟਰੰਪ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਕਿਰਦਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਨਹੀਂ ਚਾਹੀਦੇ ਹਨ। ਉਨ੍ਹਾਂ ਟਰੰਪ ਦੇ ਸੈਨੇਟ ’ਚ ਦੁਵੱਲੇ ਸਰਹੱਦੀ ਸਮਝੌਤੇ ਨੂੰ ਰੱਦ ਕਰਨ ਅਤੇ ਔਰਤਾਂ ਦੇ ਜਣੇਪਾ ਅਧਿਕਾਰ ਖੋਹਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਅਮਰੀਕੀਆਂ ਦੇ ਹਿਰਦੇ ਵਲੂੰਧਰੇ ਗਏ ਸਨ। ਜਦੋਂ ਭੀੜ ਨੇ ਟਰੰਪ ਖ਼ਿਲਾਫ਼ ਰੌਲਾ ਪਾਇਆ ਤਾਂ ਓਬਾਮਾ ਨੇ ਕਿਹਾ ਕਿ ਵੋਟ ਪਾ ਕੇ ਕਮਲਾ ਨੂੰ ਜਿਤਾਓ। -ਪੀਟੀਆਈ

ਕਮਲਾ ਹੈਰਿਸ ਵਧੀਆ ਸਦਰ ਸਾਬਿਤ ਹੋਵੇਗੀ: ਪਤੀ

ਸ਼ਿਕਾਗੋ:

Advertisement

ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਮਲਾ ਹੈਰਿਸ ਦੇ ਪਤੀ ਡਗਲਸ ਐਮਹੋਫ ਨੇ ਕਿਹਾ ਕਿ ਉਹ ਵਧੀਆ ਰਾਸ਼ਟਰਪਤੀ ਸਾਬਿਤ ਹੋਵੇਗੀ ਜਿਸ ’ਤੇ ਪੂਰੇ ਅਮਰੀਕਾ ਨੂੰ ਮਾਣ ਮਹਿਸੂਸ ਹੋਵੇਗਾ। ਉਨ੍ਹਾਂ ਭੀੜ ਨੂੰ ਪਰਿਵਾਰ ਅਤੇ ਹੈਰਿਸ ਨਾਲ ਆਪਣੀ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਐਮਹੋਫ ਨੇ ਕਿਹਾ ਕਿ ਹੈਰਿਸ ਲੋੜ ਪੈਣ ’ਤੇ ਹਰ ਸਮੇਂ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਮਰੀਕਾ ਨੂੰ ਹੈਰਿਸ ਦੀ ਲੋੜ ਹੈ ਤਾਂ ਉਹ ਦੇਸ਼ ਦੀ ਅਗਵਾਈ ਕਰਨ ਲਈ ਤਿਆਰ ਹੈ। -ਪੀਟੀਆਈ

Advertisement
Author Image

joginder kumar

View all posts

Advertisement
×