ਅਮਰੀਕਾ: ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਯੂਨੀਵਰਸਿਟੀ ਨੂੰ ਵੱਖਵਾਦੀ ਕਸ਼ਮੀਰੀ ਝੰਡੇ ਨਾ ਲੱਗਣ ਦੇਣ ਲਈ ਕਿਹਾ
ਵਾਸ਼ਿੰਗਟਨ, 4 ਮਈ
ਭਾਰਤੀ-ਅਮਰੀਕੀ ਭਾਈਚਾਰੇ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਅਮਰੀਕਾ ਦੇ ਨਿਊਜਰਸੀ ਸਥਿਤ ਰਟਗਰਜ਼ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੈਂਪਸ ’ਚ ਵੱਖਵਾਦੀ ਕਸ਼ਮੀਰੀ ਝੰਡੇ ਲਗਾਉਣ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਅਜਿਹਾ ਕਰਨ ਨਾਲ ਅਮਰੀਕੀ ਵਿਦਿਅਕ ਅਦਾਰਿਆਂ ਵਿੱਚ ਫਲਸਤੀਨ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਵਿੱਚ ਗਲਤ ਸੰਦੇਸ਼ ਜਾਵੇਗਾ। ਅਮਰੀਕਾ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਵਿੱਚ ਫਲਸਤੀਨੀ ਸਮਰਥਕ ਗਾਜ਼ਾ ਵਿੱਚ ਇਜ਼ਰਾਇਲੀ ਫੌਜੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਮੂਹ ਨੇ ਅੱਜ ਕਿਹਾ ਕਿ ਉਨ੍ਹਾਂ ਦੀਆਂ 10 ਮੰਗਾਂ ਵਿੱਚੋਂ 8 ਨੂੰ ਰਟਗਰਜ਼ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਵੀਕਾਰ ਕਰ ਲਿਆ ਹੈ। ਪ੍ਰਦਰਸ਼ਨਕਾਰੀਆਂ ਦੀ ਨੌਵੀਂ ਮੰਗ ਇਹ ਹੈ ਕਿ ਜਿੱਥੇ ਵੀ ਰਟਗਰਜ਼ ਕੈਂਪਸ ਵਿੱਚ ਅੰਤਰਰਾਸ਼ਟਰੀ ਝੰਡੇ ਲਗਾਏ ਗਏ ਹਨ, ਉੱਥੇ ਫਲਸਤੀਨ, ਕੁਰਦ ਅਤੇ ਕਸ਼ਮੀਰੀਆਂ ਦੇ ਕਬਜ਼ੇ ਵਾਲੇ ਖੇਤਰਾਂ ਦੇ ਝੰਡੇ ਲਗਾਏ ਜਾਣੇ ਚਾਹੀਦੇ ਹਨ ਪਰ ਸੂਤਰਾਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਹੈ।