ਅਮਰੀਕਾ: ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਵਾਸ਼ਿੰਗਟਨ, 21 ਜੁਲਾਈ
ਅਮਰੀਕਾ ਦੇ ਇੰਡਿਆਨਾ ਸੂਬੇ ਵਿੱਚ ਸੜਕ ’ਤੇ ਦੋ ਧਿਰਾਂ ਵਿਚਾਲੇ ਹੋਈ ਬਹਿਸਬਾਜ਼ੀ ਤੇ ਰੋਡ ਰੇਜ (ਸੜਕੀ ਹਮਲੇ) ਦੀ ਸ਼ੱਕੀ ਘਟਨਾ ਵਿੱਚ ਭਾਰਤੀ ਮੂਲ ਦੇ 29 ਸਾਲਾ ਸੱਜ-ਵਿਆਹੇ ਨੌਜਵਾਨ ਦੀ ਉਸ ਦੀ ਪਤਨੀ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਤੇ ਮੀਡੀਆ ਰਿਪੋਰਟਾਂ ਵਿੱਚ ਨੌਜਵਾਨ ਦੀ ਪਛਾਣ ਗੈਵਿਨ ਦਾਸੌਰ ਵਜੋਂ ਹੋਈ ਦੱਸੀ ਗਈ ਹੈ, ਜੋ ਕਿ ਆਪਣੀ ਮੈਕਸੀਕਨ ਮੂਲ ਦੀ ਪਤਨੀ ਨਾਲ ਘਰ ਪਰਤ ਰਿਹਾ ਸੀ।
ਇੰਡਿਆਨਾ ਪੁਲੀਸ ਵਿਭਾਗ ਦੀ ਅਧਿਕਾਰੀ ਆਮੰਡਾ ਹਿਬਸ਼ਮੈਨ ਨੇ ਕਿਹਾ ਕਿ ਇਹ ਘਟਨਾ ਪਿਛਲੇ ਹਫ਼ਤੇ ਮੰਗਲਵਾਰ ਰਾਤ 8 ਵਜੇ ਤੋਂ ਬਾਅਦ ਦੀ ਹੈ। ਦਾਸੌਰ ਪਿੱਛੋਂ ਆਗਰਾ ਨਾਲ ਸਬੰਧਤ ਸੀ ਅਤੇ ਉਸ ਦਾ 29 ਜੂਨ ਨੂੰ ਵਿਵਿਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ। ਸ਼ੱਕੀ ਸ਼ੂਟਰ ਨੂੰ ਪੁਲੀਸ ਨੇ ਮੌਕੇ ’ਤੇ ਹੀ ਹਿਰਾਸਤ ਵਿੱਚ ਲੈ ਲਿਆ ਸੀ, ਹਾਲਾਂਕਿ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਪੁਲੀਸ ਦੇ ਤਰਜਮਾਨ ਮੁਤਾਬਕ ਸ਼ੂਟਰ ਨੇ ਸ਼ਾਇਦ ਆਪਣੀ ਸਵੈ-ਰੱਖਿਆ ’ਚ ਗੋਲੀ ਚਲਾਈ ਸੀ। ਉਂਜ ਪੁਲੀਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ