ਅਮਰੀਕਾ: ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਇਮੀਗਰੇਸ਼ਨ ਅਹਿਮ ਮੁੱਦਾ
ਅਟਲਾਂਟਾ, 27 ਅਕਤੂਬਰ
ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਸਿਰਫ਼ ਨੌਂ ਦਿਨ ਬਚੇ ਹਨ, ਅਜਿਹੇ ’ਚ ਇਮੀਗਰੇਸ਼ਨ ਦਾ ਮੁੱਦਾ ਚੋਣ ਪ੍ਰਚਾਰ ’ਚ ਹਾਵੀ ਹੈ। ਭਾਰਤ ਸਮੇਤ ਵੱਖ ਵੱਖ ਦੱਖਣ ਏਸ਼ਿਆਈ ਮੁਲਕਾਂ ਦੇ ਪਰਵਾਸੀਆਂ ਨੂੰ ਡਰ ਹੈ ਕਿ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਜਿੱਤਣ ’ਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਦਿੱਤੇ ਗਏ ਭਾਸ਼ਨਾਂ ’ਚ ਰਾਸ਼ਟਰਪਤੀ ਚੁਣੇ ਜਾਣ ’ਤੇ ਨਾ ਸਿਰਫ਼ ਵਾਸ਼ਿੰਗਟਨ ਦੀਆਂ ਇਮੀਗਰੇਸ਼ਨ ਨੀਤੀਆਂ ਸਖ਼ਤ ਬਣਾਉਣ ਦਾ ਵਾਅਦਾ ਕੀਤਾ ਹੈ ਸਗੋਂ ਅਮਰੀਕੀ ਇਤਿਹਾਸ ’ਚ ਬਿਨਾਂ ਦਸਤਾਵੇਜ਼ ਵਾਲੇ ਪਰਵਾਸੀਆਂ ਖ਼ਿਲਾਫ ਮੁਹਿੰਮ ਚਲਾਉਣ ਅਤੇ ਮੌਜੂਦਾ ਸ਼ਰਨਾਰਥੀ ਪ੍ਰੋਗਰਾਮ ਦੀ ਨਜ਼ਰਸਾਨੀ ਕਰਨ ਦਾ ਅਹਿਦ ਵੀ ਲਿਆ ਹੈ। ਸਾਬਕਾ ਰਾਸ਼ਟਰਪਤੀ ਨੇ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿਣ ਵਾਲੇ ਪਰਵਾਸੀਆਂ ਦੇ ਬੱਚਿਆਂ ਲਈ ਜਨਮ ਤੋਂ ਹੀ ਨਾਗਰਿਕਤਾ ਦੇ ਪ੍ਰਬੰਧ ਨੂੰ ਖ਼ਤਮ ਕਰਨ ਦਾ ਵੀ ਵਾਅਦਾ ਕੀਤਾ ਹੈ ਜਿਸ ਨਾਲ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਸਮੇਤ ਵੱਖ ਵੱਖ ਮੁਲਕਾਂ ਦੇ ਪਰਵਾਸੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪਰਵਾਸੀ ਪੱਖੀ ਗਰੁੱਪਾਂ ਨੇ ਇਮੀਗਰੇਸ਼ਨ ਬਾਰੇ ਬਿਆਨਬਾਜ਼ੀ ਨੂੰ ਲੈ ਕੇ ਟਰੰਪ ਦੀ ਆਲੋਚਨਾ ਕੀਤੀ ਹੈ। ਉਧਰ ਡੈਮੋਕਰੈਟਿਕ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਗ਼ੈਰਕਾਨੂੰਨੀ ਇਮੀਗਰੇਸ਼ਨ ਘੱਟ ਕਰਨ ਦੀ ਵਕਾਲਤ ਕੀਤੀ ਹੈ। ਟਰੰਪ ਨੇ ਇਸ ਹਫ਼ਤੇ ਇਕ ਚੋਣ ਰੈਲੀ ’ਚ ਹੈਰਿਸ ’ਤੇ ‘ਪਰਵਾਸੀ ਗਰੋਹਾਂ ਅਤੇ ਗ਼ੈਰਕਾਨੂੰਨੀ ਵਿਦੇਸ਼ੀ ਅਪਰਾਧੀਆਂ’ ਨੂੰ ਅਮਰੀਕਾ ’ਚ ਲਿਆਉਣ ਦਾ ਦੋਸ਼ ਲਾਇਆ ਸੀ। -ਪੀਟੀਆਈ