ਅਮਰੀਕਾ ਨੇ 1100 ਭਾਰਤੀ ਡਿਪੋਰਟ ਕੀਤੇ
* ਪੰਜਾਬ ਦੇ ਹਵਾਈ ਅੱਡੇ ’ਤੇ ਉਤਰਿਆ ਸੀ ਜਹਾਜ਼
* ਮੈਕਸਿਕੋ ਤੇ ਕੈਨੇਡਾ ਰਾਹੀਂ ਦਾਖ਼ਲ ਹੋਣ ਦੀ ਕੋਸ਼ਿਸ਼ ’ਚ ਸਨ ਲੋਕ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 29 ਅਕਤੂਬਰ
ਅਮਰੀਕਾ ਨੇ ਮੁਲਕ ’ਚ ਇਕ ਸਾਲ ਤੋਂ ਗ਼ੈਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 1,100 ਭਾਰਤੀਆਂ ਨੂੰ ਵਤਨ ਵਾਪਸ ਭੇਜਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਇਹ ਲੋਕ ਮੈਕਸਿਕੋ ਅਤੇ ਕੈਨੇਡਾ ਰਾਹੀਂ ਮੁਲਕ ਅੰਦਰ ਦਾਖ਼ਲ ਹੋਣਾ ਚਾਹੁੰਦੇ ਸਨ। ਅਮਰੀਕਾ ਮੁਤਾਬਕ ਅਜਿਹੇ ਵਿਅਕਤੀਆਂ ’ਤੇ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ। ਅਮਰੀਕਾ ਦੇ ਹੋਮਲੈਂਡ ਸਕਿਊਰਿਟੀ ਵਿਭਾਗ ’ਚ ਸਰਹੱਦੀ ਅਤੇ ਇਮੀਗਰੇਸ਼ਨ ਨੀਤੀ ਦੀ ਸਹਾਇਕ ਸਕੱਤਰ ਰੌਇਸ ਬਰਨਸਟੀਨ ਮੱਰੇ ਨੇ ਆਨਲਾਈਨ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਮਰੀਕੀ ਵਿੱਤੀ ਵਰ੍ਹੇ 2024 ’ਚ, ਜੋ 30 ਸਤੰਬਰ ਨੂੰ ਖ਼ਤਮ ਹੋਇਆ ਹੈ, ਮੁਲਕ ਨੇ 1,100 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ।’’ ਮੱਰੇ ਨੇ ਕਿਹਾ ਕਿ ਅਮਰੀਕਾ ਕੋਲ ਇਹ ਦੱਸਣ ਲਈ ਪੂਰਾ ਵੇਰਵਾ ਨਹੀਂ ਹੈ ਕਿ ਡਿਪੋਰਟ ਕੀਤੇ ਵਿਅਕਤੀਆਂ ’ਚੋਂ ਕਿਹੜਾ ਪੰਜਾਬ ਜਾਂ ਕਿਸੇ ਹੋਰ ਸੂਬੇ ਦਾ ਵਸਨੀਕ ਹੈ। ਉਂਝ ਮੱਰੇ ਨੇ ਕਿਹਾ ਕਿ 22 ਅਕਤੂਬਰ ਨੂੰ ਚਾਰਟਰਡ ਉਡਾਣ ਪੰਜਾਬ ਦੇ ਹਵਾਈ ਅੱਡੇ ’ਤੇ ਉਤਰੀ ਸੀ। ਜਹਾਜ਼ ’ਚ ਕਰੀਬ 100 ਵਿਅਕਤੀ ਸਵਾਰ ਸਨ। ਮੱਰੇ ਨੇ ਕਿਹਾ ਕਿ ਅਮਰੀਕਾ ’ਚੋਂ ਕੱਢੇ ਗਏ ਲੋਕਾਂ ’ਚ ਸਾਰੇ ਬਾਲਗ ਪੁਰਸ਼ ਅਤੇ ਮਹਿਲਾਵਾਂ ਸਨ ਅਤੇ ਉਨ੍ਹਾਂ ’ਚ ਕੋਈ ਵੀ ਬੱਚਾ ਸ਼ਾਮਲ ਨਹੀਂ ਸੀ। ਡਿਪੋਰਟ ਕੀਤੇ 1,100 ਵਿਅਕਤੀਆਂ ਬਾਰੇ ਮੱਰੇ ਨੇ ਕਿਹਾ ਕਿ ਉਹ ਮੈਕਸਿਕੋ ਅਤੇ ਕੈਨੇਡਾ ਦੀ ਸਰਹੱਦ ਰਾਹੀਂ ਗ਼ੈਰਕਾਨੂੰਨੀ ਤੌਰ ’ਤੇ ਅਮਰੀਕਾ ’ਚ ਦਾਖ਼ਲ ਹੋਣਾ ਚਾਹੁੰਦੇ ਸਨ। ਉਨ੍ਹਾਂ ਕੋਲ ਅਮਰੀਕਾ ’ਚ ਰਹਿਣ ਲਈ ਕੋਈ ਕਾਨੂੰਨੀ ਆਧਾਰ ਨਹੀਂ ਸੀ। ਜਿਹੜੇ ਵਿਅਕਤੀ ਵੀਜ਼ੇ ਦੀ ਮਿਆਦ ਪੁੱਗਣ ਮਗਰੋਂ ਵੀ ਮੁਲਕ ’ਚ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਵਿਅਕਤੀ ਜਾਇਜ਼ ਢੰਗ ਨਾਲ ਅਮਰੀਕਾ ਆਇਆ ਹੈ ਪਰ ਗੰਭੀਰ ਜੁਰਮ ਕਰਦਾ ਹੈ ਤਾਂ ਉਸ ਨੂੰ ਵੀ ਮੁਲਕ ’ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਚਾਰਟਰਡ ਉਡਾਣਾਂ ਤੋਂ ਇਲਾਵਾ ਲੋਕਾਂ ਨੂੰ ਕਮਰਸ਼ੀਅਲ ਜਹਾਜ਼ਾਂ ਰਾਹੀਂ ਵੀ ਵਤਨ ਵਾਪਸ ਭੇਜਿਆ ਜਾਂਦਾ ਹੈ।
ਕੁੱਲ 1.60 ਲੱਖ ਵਿਅਕਤੀਆਂ ਨੂੰ ਡਿਪੋਰਟ ਕੀਤਾ
ਵਿੱਤੀ ਵਰ੍ਹੇ 2024 ’ਚ ਅਮਰੀਕੀ ਹੋਮਲੈਂਡ ਸੁਰੱਖਿਆ ਬਾਰੇ ਵਿਭਾਗ ਨੇ 1.60 ਲੱਖ ਤੋਂ ਵਧ ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਵਿਭਾਗ ਨੇ ਬਿਆਨ ’ਚ ਦੱਸਿਆ ਕਿ ਉਸ ਨੇ ਭਾਰਤ ਸਮੇਤ 145 ਮੁਲਕਾਂ ’ਚ 495 ਤੋਂ ਵਧ ਉਡਾਣਾਂ ਦਾ ਪ੍ਰਬੰਧ ਕੀਤਾ ਸੀ ਜਿਨ੍ਹਾਂ ਰਾਹੀਂ ਅਮਰੀਕਾ ’ਚ ਗ਼ੈਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜਿਆ ਗਿਆ ਸੀ। -ਪੀਟੀਆਈ