ਅਮਰੀਕਾ: ਬਾਇਡਨ ਨੇ ਦੱਖਣੀ ਕੈਰੋਲੀਨਾ ਦੀ ਪ੍ਰਾਇਮਰੀ ਚੋਣ ਜਿੱਤੀ
ਕੋਲੰਬੀਆ, 4 ਫਰਵਰੀ
ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦਾ ਮੁੜ ਉਮੀਦਵਾਰ ਚੁਣੇ ਜਾਣ ਦੇ ਅਮਲ ਤਹਿਤ ਜੋਅ ਬਾਇਡਨ ਨੇ ਦੱਖਣੀ ਕੈਰੋਲੀਨਾ ਪ੍ਰਾਇਮਰੀ ਚੋਣ ਸੌਖਿਆਂ ਹੀ ਜਿੱਤ ਲਈ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ ਤੇ ਅੱਜ ਦੀ ਜਿੱਤ ਨਾਲ ਬਾਇਡਨ ਨੇ ਡੈਮੋਕਰੈਟਿਕ ਉਮੀਦਵਾਰ ਬਣਨ ਦੇ ਰਾਹ ਵਿਚਲੇ ਪਹਿਲੇ ਅੜਿੱਕੇ ਨੂੰ ਪਾਰ ਕਰ ਲਿਆ ਹੈ। ਬਾਇਡਨ ਆਪਣੀ ਪਾਰਟੀ ਦਾ ਉਮੀਦਵਾਰ ਬਣਨ ਦੇ ਸਭ ਤੋਂ ਪ੍ਰਬਲ ਦਾਅਵੇਦਾਰ ਹਨ। ਇਹ ਸੱਤਾਧਾਰੀ ਡੈਮੋਕਰੈਟਿਕ ਪਾਰਟੀ ਦੀ ਪਹਿਲਾ ਅਧਿਕਾਰਤ ਪ੍ਰਾਇਮਰੀ ਚੋਣ ਹੈ। ਬਾਇਡਨ (81) ਨੇ ਕੈਰੋਲੀਨਾ ਪ੍ਰਾਇਮਰੀ ਵਿੱਚ ਮਿਨੀਸੋਟਾ ਤੋਂ ਸੰਸਦ ਮੈਂਬਰ ਡੀਨ ਫਿਲਿਪਸ ਤੇ ਲੇਖਿਕਾ ਮੈਰੀਅਨ ਵਿਲੀਅਮਸਨ ਨੂੰ ਹਰਾਇਆ। ਬਾਇਡਨ ਨੂੰ ਪ੍ਰਾਇਮਰੀ ਚੋਣ ਵਿਚ 96.2 ਫੀਸਦ ਤੇ ਵਿਲੀਅਮਸਨ ਨੂੰ ਮਹਿਜ਼ 2.1 ਫੀਸਦ ਵੋਟ ਮਿਲੇ। ਫਿਲਿਪਸ ਤੀਜੇ ਸਥਾਨ ’ਤੇ ਰਿਹਾ। ਕੈਰੋਲੀਨਾ ਵਿੱਚ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ 24 ਫਰਵਰੀ ਨੂੰ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ (77) ਆਪਣੀ ਪਾਰਟੀ ਦਾ ਉਮੀਦਵਾਰ ਬਣਨ ਦੇ ਪ੍ਰਮੁੱਖ ਦਾਅਵੇਦਾਰ ਹਨ। ਪੀਟੀਆਈ