ਅਮਰੀਕਾ: ਰਿਸ਼ਤੇਦਾਰ ਨੂੰ ਸਟੋਰ ’ਤੇ ਕੰਮ ਲਈ ਮਜਬੂਰ ਕਰਨ ਵਾਲਾ ਸਿੱਖ ਜੋੜਾ ਦੋਸ਼ੀ ਕਰਾਰ
ਵਾਸ਼ਿੰਗਟਨ, 24 ਜਨਵਰੀ
ਭਾਰਤੀ ਮੂਲ ਦੇ ਸਿੱਖ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਉਨ੍ਹਾਂ ਦੇ ਸਟੋਰ ਵਿੱਚ ਜ਼ਿਆਦਾ ਘੰਟੇ ਕੰਮ ਕਰਨ ਲਈ ਮਜਬੂਰ ਕਰਨ, ਸਰੀਰਕ ਸ਼ੋਸ਼ਣ, ਧਮਕੀਆਂ ਦੇਣ ਅਤੇ ਉਸ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ (30) ਅਤੇ ਕੁਲਬੀਰ ਕੌਰ (43) ਵਜੋਂ ਹੋਈ ਹੈ। ਜਿਸ ਵੇਲੇ ਲੜਕਾ ਅਮਰੀਕਾ ਆਇਆ ਸੀ ਤਾਂ ਉਹ ਨਾਬਾਲਗ ਸੀ। ਉਸ ਨੂੰ ਅਮਰੀਕਾ ’ਚ ਪੜ੍ਹਾਉਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਜੋੜੇ ਨੇ ਲੜਕੇ ਦੇ ਇਮੀਗ੍ਰੇਸ਼ਨ ਦਸਤਾਵੇਜ਼ ਲਏ ਅਤੇ ਉਸ ਨੂੰ ਤੁਰੰਤ ਕੰਮ 'ਤੇ ਲਗਾ ਦਿੱਤਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪੀੜਤ ਨੂੰ ਕਈ ਦਿਨਾਂ ਤੱਕ ਸਟੋਰ ਦੇ ਅੰਦਰ ਇੱਕ ਦਫਤਰ ਵਿੱਚ ਸੌਣ ਲਈ ਮਜਬੂਰ ਕੀਤਾ ਗਿਆ। ਉਸ ਨੂੰ ਰੋਟੀ ਤੱਕ ਨਹੀਂ ਦਿੱਤੀ ਗਈ। ਜੋੜੇ ਨੇ ਉਸ ਦੀ ਭਾਰਤ ਵਾਪਸ ਭੇਜਣ ਦੀ ਬੇਨਤੀ ਨੂੰ ਵੀ ਠੁਕਰਾ ਦਿੱਤਾ ਅਤੇ ਉਸ ਨੂੰ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਰਹਿਣ ਲਈ ਮਜਬੂਰ ਕਰ ਦਿੱਤਾ। ਕਈ ਵਾਰ ਉਸ ਨੂੰ ਕੁੱਟਿਆ ਵੀ ਗਿਆ ਤੇ ਬੰਦੂਕ ਦਿਖਾ ਕੇ ਡਰਇਆ ਵੀ ਗਿਆ। ਸਰਕਾਰੀ ਵਕੀਲਾਂ ਨੇ ਕਿਹਾ ਕਿ ਦੁਰਵਿਵਹਾਰ ਅਤੇ ਜ਼ਬਰਦਸਤੀ ਮਜ਼ਦੂਰੀ ਮਾਰਚ 2018 ਵਿੱਚ ਸ਼ੁਰੂ ਹੋਈ ਅਤੇ ਮਈ 2021 ਤੱਕ ਜਾਰੀ ਰਹੀ। ਹੁਣ ਸਜ਼ਾ ਦੀ ਸੁਣਵਾਈ 8 ਮਈ ਨੂੰ ਤੈਅ ਕੀਤੀ ਗਈ ਹੈ। ਜੋੜੇ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, ਪੰਜ ਸਾਲ ਦੀ ਨਿਗਰਾਨੀ ਹੇਠ ਰਿਹਾਈ, 250,000 ਡਾਲਰ ਤੱਕ ਦਾ ਜੁਰਮਾਨਾ ਅਤੇ ਜ਼ਬਰਦਸਤੀ ਮਜ਼ਦੂਰੀ ਦੇ ਦੋਸ਼ ਲਈ ਲਾਜ਼ਮੀ ਮੁਆਵਜ਼ੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।