ਦਹਿਸ਼ਤਗਰਦਾਂ ਵੱਲੋਂ ਫੌਜੀ ਵਾਹਨ ’ਤੇ ਘਾਤ ਲਾ ਕੇ ਹਮਲਾ; 5 ਜਵਾਨ ਸ਼ਹੀਦ, 5 ਜ਼ਖ਼ਮੀ
ਕਠੂਆ/ਜੰਮੂ, 8 ਜੁਲਾਈ
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਮਛੇਦੀ ਵਿਚ ਦਹਿਸ਼ਤਗਰਦਾਂ ਨੇ ਅੱਜ ਘਾਤ ਲਾ ਕੇ ਫੌਜੀ ਵਾਹਨ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਫ਼ੌਜ ਦੇ ਇੱਕ ਜੇਸੀਓ ਸਣੇ 5 ਜਵਾਨ ਸ਼ਹੀਦ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਦਹਿਸ਼ਤਗਰਦਾਂ ਨੇ ਫੌਜੀ ਵਾਹਨ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ। ਹਮਲਾ ਕਠੂਆ ਤੋਂ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਟਾ ਪਿੰਡ ਨੇੜੇ ਅੱਜ ਦੁਪਹਿਰ ਕਰੀਬ 3.30 ਵਜੇ ਕੀਤਾ ਗਿਆ। ਫੌਜ ਦੇ ਜਵਾਨ ਮਛੇਦੀ-ਕਿੰਡਲੀ-ਮਲਹਾਰ ਰੋਡ ’ਤੇ ਆਮ ਵਾਂਗ ਗਸ਼ਤ ਕਰ ਰਹੇ ਸਨ ਕਿ ਦਹਿਸ਼ਤਗਰਦਾਂ ਨੇ ਫੌਜੀ ਵਾਹਨ ’ਤੇ ਗਰਨੇਡ ਸੁੱਟਿਆ ਅਤੇ ਗੋਲੀਬਾਰੀ ਕੀਤੀ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ ਜੋ ਆਧੁਨਿਕ ਹਥਿਆਰਾਂ ਨਾਲ ਲੈਸ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਦਹਿਸ਼ਤਗਰਦ ਨੇੜਲੇ ਜੰਗਲ ਵੱਲ ਭੱਜ ਗਏ। ਆਖਰੀ ਰਿਪੋਰਟਾਂ ਤਕ ਮੁਕਾਬਲਾ ਜਾਰੀ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਹੋਰ ਸੁਰੱਖਿਆ ਬਲ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਨਾਲ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਵਲੋਂ ਦਹਿਸ਼ਤੀ ਕਾਰਵਾਈਆਂ ਰੋਕਣ ਲਈ ਮੁਹਿੰਮ ਆਰੰਭੀ ਗਈ ਹੈ ਜਿਸ ਦੀ ਅਗਵਾਈ ਸੂਬੇ ਦੇ ਡੀਜੀਪੀ ਆਰਆਰ ਸਵੈਨ ਕਰ ਰਹੇ ਹਨ। ਬਸੰਤਗੜ੍ਹ ਦਾ ਖੇਤਰ ਜੰਗਲ ਨਾਲ ਲਗਦਾ ਹੈ ਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਹਿਸ਼ਤਗਰਦ ਇਸ ਰਸਤੇ ਰਾਹੀਂ ਦਾਖਲ ਹੁੰਦੇ ਹਨ। ਹਮਲੇ ਤੋਂ ਬਾਅਦ ਫੌਜ ਵੱਲੋਂ ਖੇਤਰ ਵਿਚ ਸੁਰੱਖਿਆ ਬਲਾਂ ਦੀ ਨਫਰੀ ਵਧਾ ਦਿੱਤੀ ਗਈ ਹੈ।
ਇਕ ਅਧਿਕਾਰੀ ਨੇ ਦੱਸਿਆ, ‘ਅੱਜ ਦੇ ਦਹਿਸ਼ਤੀ ਹਮਲੇ ਵਿਚ 10 ਜਵਾਨ ਜ਼ਖਮੀ ਹੋ ਗਏ ਅਤੇ ਉਨ੍ਹਾਂ ਵਿਚੋਂ ਪੰਜ ਨੇ ਬਾਅਦ ’ਚ ਦਮ ਤੋੜ ਦਿੱਤਾ। ਦੱਸਣਾ ਬਣਦਾ ਹੈ ਕਿ ਪਿਛਲੇ ਚਾਰ ਹਫ਼ਤਿਆਂ ਵਿੱਚ ਕਠੂਆ ਜ਼ਿਲ੍ਹੇ ਵਿੱਚ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 12 ਅਤੇ 13 ਜੂਨ ਨੂੰ ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ ਜਿਸ ਕਾਰਨ ਦੋ ਦਹਿਸ਼ਤਗਰਦ ਅਤੇ ਇੱਕ ਸੀਆਰਪੀਐਫ ਜਵਾਨ ਮਾਰਿਆ ਗਿਆ ਸੀ। ਡੋਡਾ ਜ਼ਿਲੇ ਦੇ ਗੰਡੋਹ ਖੇਤਰ ਵਿਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਵਿਚਕਾਰ 26 ਜੂਨ ਨੂੰ ਗੋਲੀਬਾਰੀ ਹੋਈ ਸੀ ਜਿਸ ਦੌਰਾਨ ਤਿੰਨ ਵਿਦੇਸ਼ੀ ਦਹਿਸ਼ਤਗਰਦ ਮਾਰੇ ਗਏ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਜੰਮੂ ਵਿੱਚ ਪਿਛਲੇ ਸਮੇਂ ਵਿਚ ਦਹਿਸ਼ਤੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ 9 ਜੂਨ ਨੂੰ ਰਿਆਸੀ ਜ਼ਿਲ੍ਹੇ ਦੇ ਸ਼ਿਵ ਖੋਰੀ ਮੰਦਰ ਤੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ’ਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਬੱਸ ਡਰਾਈਵਰ ਅਤੇ ਕੰਡਕਟਰ ਸਣੇ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ 41 ਜ਼ਖਮੀ ਹੋ ਗਏ ਸਨ। -ਪੀਟੀਆਈ