ਗਾਇਕੀ ਦੇ ਅੰਬਰ ਦਾ ਚਮਕਦਾ ਸਿਤਾਰਾ
ਸ. ਸ. ਰਮਲਾ
ਪੰਜਾਬੀ ਗਾਇਕੀ ਦੇ ਪਿੜ ਵਿੱਚ ਗਾਇਕ ਅਮਰ ਸਿੰਘ ਚਮਕੀਲੇ ਦਾ ਨਾਂ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ। ਸਿਰਫ਼ ਸਤਾਈ ਸਾਲ ਸੱਤ ਮਹੀਨੇ ਸੋਲਾਂ ਦਿਨ ਜ਼ਿੰਦਗੀ ਜਿਊਣ ਵਾਲੇ ਅਮਰ ਸਿੰਘ ਚਮਕੀਲੇ ਨੂੰ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੀ ਦੇਖਣ ਨੂੰ ਮਿਲੇ। ਉਸ ਦਾ ਬਚਪਨ ਦਾ ਘਰੇਲੂ ਨਾਮ ਧਨੀ ਸਿੰਘ ਸੀ ਤੇ ਸੱਚਮੁੱਚ ਉਹ ਕਿਸਮਤ ਦਾ ਵੀ ਧਨੀ ਹੀ ਨਿਕਲਿਆ ਪਰ ਉਮਰ ਪੱਖੋਂ ਨਹੀਂ ਸਿਰਫ਼ ਸ਼ੁਹਰਤ ਪੱਖੋਂ। ਉਸ ਨੇ ਪੰਜਾਬੀ ਗਾਇਕੀ ਦੇ ਪਿੜ ਵਿੱਚ ਜੋ ਮੁਕਾਮ ਹਾਸਲ ਕੀਤਾ, ਉਹ ਆਪਣੇ ਆਪ ਵਿੱਚ ਉਸ ਦੀ ਮਾਣ-ਮੱਤੀ ਪ੍ਰਾਪਤੀ ਸੀ। ਉਸ ਨੂੰ ਸਾਡੇ ਕੋਲੋਂ ਵਿੱਛੜਿਆਂ ਭਾਵੇਂ 36 ਵਰ੍ਹੇ ਹੋ ਗਏ ਹਨ ਪ੍ਰੰਤੂ ਉਸ ਦੀ ਆਵਾਜ਼ ਅੱਜ ਵੀ ਅਮਰ ਹੈ।
ਅਮਰ ਸਿੰਘ ਚਮਕੀਲਾ ਨੇ 21 ਜੁਲਾਈ 1960 ਨੂੰ ਲੁਧਿਆਣਾ ਦੀ ਜੂਹ ਵਿੱਚ ਪੈਂਦੇ ਪਿੰਡ ਦੁੱਗਰੀ ’ਚ ਗਰੀਬੀ ਨਾਲ ਜੂਝ ਰਹੇ ਪਰਿਵਾਰ ਵਿੱਚ ਜਨਮ ਲਿਆ। ਸਿਰਫ਼ ਛੇ ਕਲਾਸਾਂ ਤੱਕ ਹੀ ਪੜ੍ਹੇ ਅਮਰ ਚਮਕੀਲੇ ਦਾ ਮੁੱਢਲਾ ਜੀਵਨ ਫੈਕਟਰੀਆਂ ’ਚ ਮਿਹਨਤ ਮਜ਼ਦੂਰੀ ਕਰਦਿਆਂ ਗੁਜ਼ਰਿਆ। ਇਸੇ ਦੌਰਾਨ ਛੋਟੀ ਉਮਰੇ ਹੀ ਉਸ ਦਾ ਵਿਆਹ ਗੁਰਮੇਲ ਕੌਰ ਨਾਲ ਹੋਇਆ ਅਤੇ ਦੋ ਧੀਆਂ ਅਮਨਦੀਪ ਤੇ ਕਮਲਦੀਪ ਨੇ ਜਨਮ ਲਿਆ। ਮਿਹਨਤ ਮਜ਼ਦੂਰੀ ਕਰਦਿਆਂ ਉਸ ਦੇ ਮਨ ਵਿੱਚ ਲੱਗੀ ਸੰਗੀਤ ਦੀ ਚਿਣਗ ਸੀਨੇ ਵਿੱਚ ਬਰਾਬਰ ਧੁਖਦੀ ਰਹੀ ਤੇ ਇਹ ਚਿਣਗ ਉਸ ਨੂੰ ਉਸ ਸਮੇਂ ਦੇ ਚੋਟੀ ਦੇ ਗਾਇਕ ਸੁਰਿੰਦਰ ਸ਼ਿੰਦੇ ਦੇ ਦਰ ਤੱਕ ਲੈ ਗਈ। ਬਸ ਫਿਰ ਕੀ ਸੀ ਸੁਰਿੰਦਰ ਸ਼ਿੰਦੇ ਦੀ ਪਾਰਖੂ ਅੱਖ ਨੇ ਚਮਕੀਲੇ ਨੂੰ ਸੰਗੀਤ ਦਾ ਅਜਿਹਾ ਰਸਤਾ ਦਿਖਾਇਆ ਕਿ ਚਮਕੀਲਾ ਅਮਰ ਗਾਇਕ ਹੋ ਨਿੱਬੜਿਆ। ਸੁਰਿੰਦਰ ਸ਼ਿੰਦੇ ਨਾਲ ਰਹਿੰਦਿਆਂ ਹੀ ਚਮਕੀਲੇ ਨੇ ਤੂੰਬੀ ਵਜਾਉਣੀ ਸਿੱਖੀ। ਉਹ ਸਟੇਜਾਂ ’ਤੇ ਉਸ ਦੇ ਗੀਤਾਂ ਵਿੱਚ ਤੂੰਬੀ ਵੀ ਵਜਾਉਂਦਾ ਸੀ ਅਤੇ ਸਹਾਇਕ ਗਾਇਕ ਵਜੋਂ ਸਾਥ ਵੀ ਦਿੰਦਾ ਸੀ।
ਜਦੋਂ ਸੁਰਿੰਦਰ ਸ਼ਿੰਦਾ ਤੇ ਸੁਰਿੰਦਰ ਸੋਨੀਆ ਦੀ ਆਵਾਜ਼ ਵਿੱਚ ਚਮਕੀਲੇ ਦੇ ਲਿਖੇ ਗੀਤ ‘ਨੀਂ ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੁੱਕੀ’ ਮਾਰਕੀਟ ਵਿੱਚ ਆਇਆ ਤਾਂ ਅਮਰ ਸਿੰਘ ਚਮਕੀਲਾ ਰਾਤੋਂ ਰਾਤ ਪਹਿਲੀ ਕਤਾਰ ਦੇ ਗੀਤਕਾਰਾਂ ਵਿੱਚ ਸ਼ਾਮਲ ਹੋ ਗਿਆ। ਸਫਲ ਗੀਤਕਾਰ ਬਣਨ ਦੀ ਦੇਰ ਸੀ ਕਿ ਉਸ ਦੀ ਆਵਾਜ਼ ਵਿੱਚ ਐੱਚਐੱਮਵੀ ਨੇ ਉਸ ਦੇ ਆਪਣੇ ਹੀ ਲਿਖੇ ਗੀਤਾਂ ਦਾ ਈ.ਪੀ. ਰਿਕਾਰਡ ‘ਟਕੂਏ ’ਤੇ ਟਕੂਆ ਖੜਕੇ’ ਰਿਲੀਜ਼ ਕੀਤਾ। ਇਸ ਰਿਕਾਰਡ ਗੀਤ ਵਿੱਚ ਉਸ ਦਾ ਸਾਥ ਸੁਰਿੰਦਰ ਸੋਨੀਆ ਨੇ ਦਿੱਤਾ ਸੀ। ਇਹ ਗੀਤ ਇੰਨਾ ਚੱਲਿਆ ਕਿ ਚਾਰ-ਚੁਫ਼ੇਰੇ ਚਮਕੀਲੇ ਦੀ ਤੂਤੀ ਬੋਲਣ ਲੱਗ ਪਈ। ਸੁਰਿੰਦਰ ਸੋਨੀਆ ਤੋਂ ਬਾਅਦ ਊਸ਼ਾ ਕਿਰਨ ਨਾਲ ਬਹੁਤ ਹੀ ਹਿੱਟ ਗੀਤ ‘ਮਿੱਤਰਾ ਮੈਂ ਖੰਡ ਬਣਗੀ’, ‘ਤੇਰਾ ਦਿਓਰ ਸਿਰੇ ਦਾ ਵੈਲੀ’, ‘ਗੱਡੀ ’ਤੇ ਲਿਖਾ ਲੈ ਮੇਰਾ ਨਾਂ ਮਿੱਤਰਾ’ ਆਦਿ ਅਨੇਕਾਂ ਗੀਤ ਗਾਏ।
ਗਾਇਕੀ ਦੇ ਖੇਤਰ ਵਿੱਚ ਵੱਡੀ ਸਫਲਤਾ ਮਿਲਣ ਦੇ ਨਾਲ ਨਾਲ ਉਸ ਦੇ ਜੀਵਨ ਵਿੱਚ ਫ਼ਰੀਦਕੋਟ ਦੀ ਜੰਮਪਲ ਲੜਕੀ ਅਮਰਜੋਤ ਨੇ ਆਣ ਥਾਂ ਮੱਲੀ। ਹੁਣ ਉਹ ਉਸ ਦੀ ਸਹਿ-ਗਾਇਕਾ ਵੀ ਸੀ ਦੂਜੇ ਵਿਆਹ ਵਜੋਂ ਧਰਮਪਤਨੀ ਵੀ। ਅਮਰਜੋਤ ਦੀ ਆਵਾਜ਼ ਵਿੱਚ ਅੰਤਾਂ ਦੀ ਕਸ਼ਿਸ਼ ਸੀ। ਚਮਕੀਲਾ ਪੇਂਡੂ ਦਰਪਣ ਨੂੰ ਆਪਣੇ ਗੀਤਾਂ ਵਿੱਚ ਸਾਫ਼ ਸਾਫ਼ ਦਿਖਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ। ਉਹ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦੇ ਰਿਸ਼ਤੇ ਨਾਤਿਆਂ ਨੂੰ ਮੁੱਖ ਰੱਖ ਕੇ ਹੀ ਗੀਤਾਂ ਦੀ ਸਿਰਜਣਾ ਕਰਦਾ ਸੀ। ਉਸ ਦੀ ਬਹੁਤੀ ਰਿਕਾਰਡਿੰਗ ਦੇਸ਼ ਦੀ ਸਭ ਤੋਂ ਵੱਡੀ ਰਿਕਾਰਡਿੰਗ ਕੰਪਨੀ ਐੱਚਐੱਮਵੀ ਵਿੱਚ ਹੋਈ ਅਤੇ ਉਸ ਦੇ ਗੀਤਾਂ ਨੂੰ ਜ਼ਿਆਦਾਤਰ ਸੰਗੀਤਕ ਧੁਨਾਂ ਵਿੱਚ ਪਰੋਇਆ ਸੀ ਚਰਨਜੀਤ ਆਹੂਜਾ ਨੇ। ਉਸ ਦੀ ਲੇਖਣੀ ਅਤੇ ਗਾਇਕੀ ਵਿੱਚ ਇੰਨੀ ਖਿੱਚ ਸੀ ਕਿ ਉਸ ਦੇ ਮੂੰਹੋਂ ਸਹਿਜ ਸੁਭਾਅ ਕਹੇ ਬੋਲ ‘ਸਹੁਰੇ ਦੀ ਲਾਲ ਮਾਰੂਤੀ ਨੇ, ਅੱਜ ਚੱਕਾ ਜਾਮ ਕਰਾਤਾ’ ਵਰਗੇ ਗੀਤ ਨੇ ਇੱਕ ਵਾਰ ਤਾਂ ਗਾਇਕੀ ਦੇ ਖੇਤਰ ਵਿੱਚ ਹੀ ਚੱਕਾ ਜਾਮ ਕਰ ਦਿੱਤਾ ਸੀ।
ਆਪਣੇ ’ਤੇ ਲੱਗੇ ਲੱਚਰ ਗੀਤ ਗਾਉਣ ਦੇ ਦੋਸ਼ਾਂ ਤੋਂ ਮੁਕਤ ਹੋਣ ਲਈ ਉਸ ਨੇ ਆਪਣੀ ਗਾਇਕੀ ਦਾ ਮੂੰਹ-ਮੁਹਾਂਦਰਾ ਬਦਲਣ ਦਾ ਯਤਨ ਹੀ ਨਹੀਂ ਕੀਤਾ ਸਗੋਂ ਸਵਰਨ ਸਿਵੀਆ ਵਰਗੇ ਗੀਤਕਾਰ ਦੋਸਤਾਂ ਦੀ ਹਿੰਮਤ ਸਦਕਾ ਉਸ ਨੇ ਉੱਚ ਪਾਏ ਦੇ ਧਾਰਮਿਕ ਗੀਤ ਗਾਏ। ਜਦੋਂ ਐੱਚਐੱਮਵੀ ਨੇ ਕੁਝ ਕਲਾਕਾਰਾਂ ਦੀ ਆਵਾਜ਼ ਵਿੱਚ ਇੱਕ ਸਾਂਝਾ ਧਾਰਮਿਕ ਐੱਲ. ਪੀ. ਰਿਕਾਰਡ ਰਿਲੀਜ਼ ਕੀਤਾ ਤਾਂ ਇਸ ਵਿੱਚ ਅਮਰ ਚਮਕੀਲਾ ਅਤੇ ਅਮਰਜੋਤ ਦਾ ਧਾਰਮਿਕ ਗੀਤ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਬੇਹੱਦ ਪ੍ਰਭਾਵਸ਼ਾਲੀ ਤੇ ਜਜ਼ਬਾਤੀ ਗੀਤ ਸੀ। ਸੋਨੋਟੋਨ ਰਿਕਾਰਡਿੰਗ ਕੰਪਨੀ ਵੱਲੋਂ ਇਸ ਗਾਇਕ ਜੋੜੀ ਦੀਆਂ ਰਿਲੀਜ਼ ਕੀਤੀਆਂ ਗਈਆਂ ਦੋ ਧਾਰਮਿਕ ਕੈਸੇਟਾਂ ‘ਨਾਮ ਜਪ ਲੈ’ ਅਤੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਦੇ ਗੀਤ ਅੱਜ ਵੀ ਪ੍ਰਭਾਤ ਵੇਲੇ ਗੁਰਦੁਆਰਿਆਂ ਵਿੱਚ ਚੱਲਦੇ ਸੁਣੇ ਜਾ ਸਕਦੇ ਹਨ। ਚਮਕੀਲੇ ਦੇ ਧਾਰਮਿਕ ਗੀਤਾਂ ਨੇ ਉਸ ’ਤੇ ਲੱਗੇ ਲੱਚਰਤਾ ਦੇ ਦਾਗ਼ ਨੂੰ ਧੋ ਦਿੱਤਾ ਸੀ, ਫਿਰ ਵੀ ਉਸ ਦੀ ਆਵਾਜ਼ ਨੂੰ ਸਦਾ ਲਈ ਬੰਦ ਕਰਨ ਲਈ ਅੱਠ ਮਾਰਚ 1988 ਨੂੰ ਅਖਾੜੇ ਦੌਰਾਨ ਉਸ ਨੂੰ ਅਮਰਜੋਤ ਅਤੇ ਸਟੇਜ ਸੈਕਟਰੀ ਹਰਜੀਤ ਸਮੇਤ ਮਾਰ ਦਿੱਤਾ ਪਰ ਇਸ ਜੋੜੀ ਦੇ ਗੀਤ ਅੱਜ ਵੀ ਅਮਰ ਹਨ।
ਸੰਪਰਕ: 98722-50956