ਅਹਿਮਦਾਬਾਦ ’ਚ ਅੰਬੇਡਕਰ ਦੀ ਮੂਰਤੀ ਦੀ ਭੰਨ-ਤੋੜ
ਅਹਿਮਦਾਬਾਦ, 23 ਦਸੰਬਰ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਅੱਜ ਤੜਕੇ ਅਣਪਛਾਤੇ ਵਿਅਕਤੀਆਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਭੰਨ-ਤੋੜ ਕੀਤੀ ਗਈ। ਸਥਾਨਕ ਲੋਕਾਂ ਵੱਲੋਂ ਇਸ ਘਟਨਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ਵਿਚ ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਲਈ ਨੇੜਲੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ, ‘ਕੁਝ ਅਣਪਛਾਤੇ ਵਿਅਕਤੀਆਂ ਨੇ ਅਹਿਮਦਾਬਾਦ ਸ਼ਹਿਰ ਦੇ ਖੋਖਰਾ ਇਲਾਕੇ ਵਿੱਚ ਸ੍ਰੀ ਕੇਕੇ ਸ਼ਾਸਤਰੀ ਕਾਲਜ ਦੇ ਸਾਹਮਣੇ ਸਥਿਤ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਨੱਕ ਅਤੇ ਐਨਕਾਂ ਨੂੰ ਨੁਕਸਾਨ ਪਹੁੰਚਾਇਆ ਹੈ।’ ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 8 ਵਜੇ ਤੋਂ ਪਹਿਲਾਂ ਵਾਪਰੀ। ਇਸ ਸਬੰਧੀ ਬੀਐੱਨਐੱਸ ਦੀ ਧਾਰਾ 196 ਅਤੇ 298 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਮੂਰਤੀ ਦੇ ਨੇੜੇ ਪ੍ਰਦਰਸ਼ਨ ਕੀਤਾ ਅਤੇ ਭੰਨਤੋੜ ਕਰਨ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਪਰਭਾਨੀ ਵਿੱਚ ਸੰਵਿਧਾਨ ਦੀ ਸ਼ੀਸ਼ੇ ਵਿਚ ਬੰਦ ਕਲਾਕ੍ਰਿਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਕੁਝ ਹਫ਼ਤੇ ਬਾਅਦ ਵਾਪਰੀ ਹੈ। -ਪੀਟੀਆਈ