ਅੰਬੇਡਕਰ ਜੈਅੰਤੀ: ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਹੋਰਾਂ ਵੱਲੋਂ ਸ਼ਰਧਾਂਜਲੀਆਂ
ਨਵੀਂ ਦਿੱਲੀ, 14 ਅਪਰੈਲ
ਸੰਵਿਧਾਨ ਨਿਰਮਾਤਾ ਬਾਬਾਸਾਹੇਬ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਹੋਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਸੰਸਦ ਭਵਨ ਕੰਪਲੈਕਸ ’ਚ ਹੋਏ ਸਮਾਗਮ ਦੌਰਾਨ ਕਈ ਕੇਂਦਰੀ ਮੰਤਰੀ, ਸੰਸਦ ਮੈਂਬਰ, ਸਾਬਕਾ ਆਗੂ ਅਤੇ ਹੋਰ ਹਸਤੀਆਂ ਮੌਜੂਦ ਸਨ। ਬਾਅਦ ’ਚ ਕਈ ਪਤਵੰਤਿਆਂ ਨੇ ਸੰਸਦ ਭਵਨ ਦੀ ਪੁਰਾਣੀ ਇਮਾਰਤ ’ਚ ਸੰਵਿਧਾਨ ਸਭਾ ਦੇ ਕੇਂਦਰੀ ਹਾਲ ’ਚ ਸ੍ਰੀ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਲੋਕ ਸਭਾ ਦੇ ਸਕੱਤਰ ਜਨਰਲ ਉਤਪਲ ਕੁਮਾਰ ਸਿੰਘ ਅਤੇ ਰਾਜ ਸਭਾ ਦੇ ਸਕੱਤਰ ਜਨਰਲ ਪੀ ਸੀ ਮੋਦੀ ਵੀ ਇਸ ਮੌਕੇ ਹਾਜ਼ਰ ਸਨ। ਰਾਸ਼ਟਰਪਤੀ ਨੇ ਆਪਣੇ ਬਿਆਨ ’ਚ ਕਿਹਾ ਕਿ ਬਾਬਾਸਾਹੇਬ ਭਾਰਤ ਦੇ ਮਹਾਨ ਸਪੁੱਤਰ ਸਨ ਜੋ ਨਾ ਸਿਰਫ਼ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ ਸਗੋਂ ਉਹ ਸਮਾਜਿਕ ਨਿਆਂ ਦੇ ਮੁੱਦਈ ਵੀ ਸਨ। ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ ਉਨ੍ਹਾਂ ਹਾਸ਼ੀਏ ’ਤੇ ਧੱਕੇ ਵਰਗਾਂ ਨੂੰ ਤਾਕਤ ਅਤੇ ਬਰਾਬਰੀ ਦਿਵਾਉਣ ਲਈ ਅਹਿਮ ਯੋਗਦਾਨ ਪਾਇਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਬਾਬਾਸਾਹੇਬ ਵੱਲੋਂ ਦਿਖਾਏ ਗਏ ਰਾਹ ’ਤੇ ਚੱਲਣ ਦੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਵੀ ਸੰਵਿਧਾਨ ਨਿਰਮਾਤਾ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੁਪਰੀਮ ਕੋਰਟ ਪਰਿਸਰ ’ਚ ਅੰਬੇਡਕਰ ਦੇ ਬੁੱਤ ’ਤੇ ਫੁੱਲ ਚੜ੍ਹਾਉਣ ਮਗਰੋਂ ਉਨ੍ਹਾਂ ਕਿਹਾ ਕਿ ਬਾਬਾਸਾਹੇਬ ਨੇ ਆਪਣੇ ਵਿਚਾਰਾਂ ਅਤੇ ਸੰਵਿਧਾਨ ਲਿਖ ਕੇ ਸਮਾਜਿਕ ਬਦਲਾਅ ਲਿਆ ਦਿੱਤਾ ਸੀ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ’ਚ ਉਨ੍ਹਾਂ ਕਿਹਾ ਕਿ ਅੰਬੇਡਕਰ ਦਾ ਸੁਨੇਹਾ ਅੱਜ ਵੀ ਵਾਜਿਬ ਹੈ। -ਪੀਟੀਆਈ
ਮੋਦੀ ਸੰਵਿਧਾਨ ਨੂੰ ਢਾਹ ਲਾਉਣ ਦੀਆਂ ਕਰ ਰਹੇ ਨੇ ਕੋਸ਼ਿਸ਼ਾਂ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਬਾਸਾਹੇਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਮਹਾਰਾਸ਼ਟਰ ਦੇ ਨਾਗਪੁਰ ’ਚ ਦੀਕਸ਼ਾਭੂਮੀ ਦਾ ਦੌਰਾ ਕੀਤਾ ਜਿਥੇ ਬਾਬਾਸਾਹੇਬ ਨੇ ਬੁੱਧ ਧਰਮ ਅਪਣਾਇਆ ਸੀ। ਖੜਗੇ ਨੇ ‘ਐਕਸ’ ’ਤੇ ਨਾਗਪੁਰ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਕਿਹਾ ਕਿ ਪੂਰੇ ਮੁਲਕ ਨੂੰ ਸੰਵਿਧਾਨ ਬਚਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਡਾਕਟਰ ਅੰਬੇਡਕਰ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਨੂੰ ਢਾਹ ਲਗਾ ਰਹੇ ਹਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਹੁਕਮਰਾਨ ਭਾਜਪਾ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਰਹੀ ਹੈ। ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਹ ਸੰਵਿਧਾਨ ਬਦਲਣ ਦੇ ਬਿਆਨ ਦੇਣ ਵਾਲੇ ਆਗੂਆਂ ਨੂੰ ਭਾਜਪਾ ’ਚੋਂ ਕਿਉਂ ਨਹੀਂ ਕੱਢਦੇ ਹਨ। -ਪੀਟੀਆਈ