ਆਧੁਨਿਕ ਭਾਰਤ ਦੇ ਭਗਵਾਨ ਤੋਂ ਘੱਟ ਨਹੀਂ ਅੰਬੇਡਕਰ: ਕੇਜਰੀਵਾਲ
ਨਵੀਂ ਦਿੱਲੀ, 19 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਸਦ ਵਿੱਚ ਬਾਬਾ ਸਾਹਿਬ ਅੰਬੇਡਕਰ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅੰਬੇਡਕਰ ਆਧੁਨਿਕ ਭਾਰਤ ਲਈ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ। ਕੇਜਰੀਵਾਲ ਇੱਥੇ ਮੰਦਰ ਮਾਰਗ ’ਤੇ ਭਗਵਾਨ ਵਾਲਮੀਕਿ ਮੰਦਰ ਦੇ ਦਰਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਤੁਹਾਨੂੰ ਬਾਬਾ ਸਾਹਿਬ ਅਤੇ ਭਾਜਪਾ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਵੇਗਾ। ਜੋ ਬਾਬਾ ਸਾਹਿਬ ਨੂੰ ਕਰੇ ਪਿਆਰ, ਉਹ ਭਾਜਪਾ ਨੂੰ ਦੇਵੇ ਨਕਾਰ।’’
ਉਨ੍ਹਾਂ ਕਿਹਾ, “ਇਹ ਸ਼ਬਦ ਆਪਣੇ ਆਪ ਵਿੱਚ ਬਹੁਤ ਦੁਖਦਾਈ ਅਤੇ ਅੰਬੇਡਕਰ ਲਈ ਅਪਮਾਨਜਨਕ ਸਨ। ਪਰ ਜਿਸ ਲਹਿਜੇ ਵਿੱਚ ਉਨ੍ਹਾਂ ਨੇ ਕਿਹਾ ਉਸ ਤੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਉਹ ਬਾਬਾ ਸਾਹਿਬ ਨੂੰ ਕਿੰਨੀ ਨਫ਼ਰਤ ਕਰਦੇ ਹਨ। ਪਹਿਲਾਂ ਤਾਂ ਮੈਨੂੰ ਜਾਪਿਆ ਕਿ ਇਹ ਉਨ੍ਹਾਂ ਦੇ ਮੂੰਹੋਂ ਨਿਕਲ ਗਿਆ ਹੋਵੇਗਾ, ਪਰ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਾਹ ਦਾ ਸਮਰਥਨ ਕਰ ਦਿੱਤਾ।’’
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਸ਼ਾਹ ਨੇ ਇਹ ਗੱਲ ਜਾਣ-ਬੁੱਝ ਕੇ ਸੰਸਦ ਵਿੱਚ ਕਹੀ ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਉਹ ਅੰਬੇਡਕਰ ਬਾਰੇ ਕੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਦੋ ਵਿਅਕਤੀਆਂ ਨੂੰ ਆਪਣਾ ਸਭ ਤੋਂ ਵੱਡਾ ਆਦਰਸ਼ ਮੰਨਦੀ ਹੈ- ਅੰਬੇਡਕਰ ਅਤੇ ਭਗਤ ਸਿੰਘ। ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਵਿੱਚ ਅਸੀਂ ਹੁਕਮ ਜਾਰੀ ਕੀਤਾ ਕਿ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਹਰ ਦਫ਼ਤਰ ਵਿੱਚ ਲਗਾਈਆਂ ਜਾਣ। ਅਸੀਂ ਜੈ ਭੀਮ ਯੋਜਨਾ ਵੀ ਲਾਗੂ ਕੀਤੀ। ਅੰਬੇਡਕਰ ਆਧੁਨਿਕ ਭਾਰਤ ਦੇ ਭਗਵਾਨ ਤੋਂ ਘੱਟ ਨਹੀਂ ਹਨ।’’
ਜ਼ਿਕਰਯੋਗ ਹੈ ਕਿ ਸ਼ਾਹ ਮੰਗਲਵਾਰ ਨੂੰ ਸੰਸਦ ਦੇ ਉਪਰਲੇ ਸਦਨ ਵਿੱਚ ਅੰਬੇਡਕਰ ਬਾਰੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਰਾਜ ਸਭਾ ਵਿੱਚ ਸੰਵਿਧਾਨ ’ਤੇ ਚਰਚਾ ਦੌਰਾਨ ਕਿਹਾ ਸੀ, ‘‘ਹੁਣ ਇੱਕ ਫੈਸ਼ਨ ਹੋ ਗਿਆ ਹੈ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਇਨ੍ਹਾਂ ਨਾਮ ਜੇਕਰ ਭਗਵਾਨ ਦਾ ਲੈਂਦੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ।’’ ਸ਼ਾਹ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਟਿੱਪਣੀ ਬਾਰੇ ਸਪਸ਼ਟੀਕਰਨ ਦਿੱਤਾ ਸੀ। ਉਨ੍ਹਾਂ ਨੇ ਕਾਂਗਰਸ ’ਤੇ ਆਪਣੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਸੀ। -ਪੀਟੀਆਈ
ਦਿੱਲੀ: ਰੋਹਿੰਗਿਆ ਤੇ ਅਮਿਤ ਸ਼ਾਹ ਦੀ ਟਿੱਪਣੀ ਨੂੰ ਲੈ ਕੇ ਐੱਮਸੀਡੀ ਹਾਊਸ ਵਿੱਚ ਹੰਗਾਮਾ
ਨਵੀਂ ਦਿੱਲੀ: ਦਿੱਲੀ ਨਗਰ ਨਿਗਮ (ਐੱਮਸੀਡੀ) ਸਦਨ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਉੱਤੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਉਂਦਿਆਂ ਪ੍ਰਰਦਸ਼ਨ ਕੀਤਾ। ਮੇਅਰ ਮਹੇਸ਼ ਖਿੰਚੀ ਦੁਪਹਿਰ ਤਿੰਨ ਵਜੇ ਤੱਕ ਸਦਨ ਵਿੱਚ ਨਹੀਂ ਪੁੱਜੇ, ਜਿਸ ਕਾਰਨ ਦੁਪਹਿਰ ਦੋ ਵਜੇ ਸ਼ੁਰੂ ਹੋਣ ਵਾਲਾ ਸੈਸ਼ਨ ਅਜੇ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਤਣਾਅ ਹੋਰ ਵਧ ਗਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਕੌਂਸਲਰ ਸਦਨ ਦੇ ਆਸਨ ਨੇੜੇ ਨੇੜੇ ਆ ਗਏ ਅਤੇ ਬੈਂਚਾਂ ’ਤੇ ਚੜ੍ਹ ਗਏ। ਉਨ੍ਹਾਂ ਦੇ ਹੱਥਾਂ ਵਿੱਚ ‘ਆਪ’ ਖ਼ਿਲਾਫ਼ ਲਿਖੇ ਨਾਅਰਿਆਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਫੜੀਆਂ ਤਖ਼ਤੀਆਂ ’ਤੇ ‘ਗੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਏ ‘ਆਪ’ ਦੇ ਦੋਸਤ ਹਨ’, ‘ਝੂਠੇ ਕੇਜਰੀਵਾਲ, ਸ਼ਰਮ ਕਰੋ’ ਵਰਗੇ ਨਾਅਰੇ ਲਿਖੇ ਹੋਏ ਸਨ। ਉਧਰ, ‘ਮੇਅਰ ਸਾਹਬ ਟਾਈਮ ਪੇ ਆਓ’ ਅਤੇ ‘ਨਹੀਂ ਚਲੇਗਾ, ਏਸੇ ਸਦਨ ਨਹੀਂ ਚਲੇਗਾ’ ਵਰਗੇ ਨਾਅਰੇ ਸਦਨ ਵਿੱਚ ਗੂੰਜ ਰਹੇ ਸਨ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਮੇਅਰ ਦੀ ਗੈਰ-ਮੌਜੂਦਗੀ ਦੀ ਆਲੋਚਨਾ ਕੀਤੀ ਅਤੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ‘ਆਪ’ ਕੌਂਸਲਰਾਂ ਨੇ ਇਸ ਦੇ ਜਵਾਬ ਵਿੱਚ ਬਾਬਾ ਸਾਹਿਬ ਅੰਬੇਡਕਰ ਬਾਰੇ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਤਾਜ਼ਾ ਬਿਆਨ ’ਤੇ ਨਿਸ਼ਾਨਾ ਸੇਧਦਿਆਂ ‘ਬਾਬਾ ਸਾਹਿਬ ਕਾ ਅਪਮਾਨ ਨਹੀਂ ਸਹੇਂਗੇ’ ਅਤੇ ‘ਜੈ ਭੀਮ’ ਵਰਗੇ ਨਾਅਰੇ ਲਾਏ। ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਭਾਜਪਾ ’ਤੇ ਅੰਬੇਡਕਰ ਦੀ ਵਿਰਾਸਤ ਨੂੰ ਢਾਹ ਲਾਉਣ ਦਾ ਦੋਸ਼ ਲਾਇਆ। -ਪੀਟੀਆਈ