ਅਰਜਨਟੀਨਾ ਤੇ ਉਰੂਗੁਏ ਦੇ ਰਾਜਦੂਤਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਜਨਵਰੀ
ਦੋ ਵੱਖ ਵੱਖ ਮੁਲਕਾਂ ਦੇ ਭਾਰਤ ਵਿਚਲੇ ਰਾਜਦੂਤਾਂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ। ਉਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਅੱਜ ਇੱਥੇ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਰਾਜਦੂਤਾਂ ਵਿੱਚ ਅਰਜਨਟੀਨਾ ਦੇ ਰਾਜਦੂਤ ਮੈਰੀਆਨੋ ਕਾਉਸੀਨੋ ਅਤੇ ਉਰੂਗੁਏ ਦੇ ਰਾਜਦੂਤ ਐਲਬਰਟੋ ਗੁਆਨੀ ਸ਼ਾਮਿਲ ਸਨ। ਦੋਵਾਂ ਵਿਦੇਸ਼ੀ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਸੱਚਖੰਡ ਵਿਖੇ ਮੱਥਾ ਟੇਕਿਆ। ਸੂਚਨਾ ਕੇਂਦਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਧਰਮ ਬਾਰੇ ਜਾਣਕਾਰੀ ਦਿੱਤੀ ਗਈ। ਦੋਵਾਂ ਰਾਜਦੂਤਾਂ ਨੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਸਿੱਖ ਧਰਮ ਬਾਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਵਧੇਰੇ ਜਾਣਕਾਰੀ ਮਿਲੀ ਹੈ। ਉਹਨਾਂ ਗੁਰੂ ਘਰ ਦੇ ਚੱਲ ਰਹੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੂਚਨਾ ਕੇਂਦਰ ਵਿੱਚ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਯੂਕੋ ਬੈਂਕ ਦੇ ਐਗਜੈਕਟਿਵ ਡਾਇਰੈਕਟਰ ਹਰਿਮੰਦਰ ਸਾਹਿਬ ’ਚ ਨਤਮਸਤਕ
ਅੰਮ੍ਰਿਤਸਰ: ਇੱਥੇ ਅੱਜ ਯੂਕੋ ਬੈਂਕ ਦੇ ਕੋਲਕਾਤਾ ਤੋਂ ਆਏ ਐਗਜੈਕਟਿਵ ਡਾਇਰੈਕਟਰ ਵਿਜੇ ਐਨ ਕਾਬਲੇ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਗੁਰੂ ਘਰ ਵਿਖੇ ਨਤਮਸਤਕ ਹੋਣ ਆਏ ਯੂਕੋ ਬੈਂਕ ਦੇ ਇਸ ਉੱਚ ਅਧਿਕਾਰੀ ਨਾਲ ਚੰਡੀਗੜ੍ਹ ਤੋਂ ਬੈਂਕ ਦੇ ਜ਼ੋਨਲ ਮੁਖੀ ਅਲੋਕ ਅਤੇ ਜਲੰਧਰ ਤੋਂ ਜ਼ੋਨਲ ਮੁਖੀ ਰਾਹੁਲ ਰੰਜਨ ਵੀ ਸ਼ਾਮਿਲ ਸਨ। ਇਨ੍ਹਾਂ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਸੂਚਨਾ ਅਧਿਕਾਰੀ ਅੰਮ੍ਰਿਤ ਪਾਲ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। -ਟਨਸ