ਬ੍ਰਾਜ਼ੀਲ ਦੇ ਰਾਜਦੂਤ ਵੱਲੋਂ ਪੁਰੋਹਿਤ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਬ੍ਰਾਜ਼ੀਲ ਦੇ ਰਾਜਦੂਤ ਕੈਨੇਥ ਐੱਚ ਡਾਅ ਨੋਬਰੇਗਾ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਬ੍ਰਾਜ਼ੀਲ ਤੇ ਪੰਜਾਬ ਦਰਮਿਆਨ ਦੁਵੱਲੇ ਸਬੰਧਾਂ ਤੇ ਸਹਿਯੋਗ ਦੇ ਮੌਕਿਆਂ ਨੂੰ ਵਧਾਉਣ ਵਾਸਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਰਾਜਪਾਲ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਆਰਥਿਕ ਲੈਂਡਸਕੇਪ ਵਿੱਚ ਮਹੱਤਵਪੂਰਨ ਤਬਦੀਲੀ ਨੂੰ ਉਜਾਗਰ ਕਰਦਿਆਂ ਨਿਵੇਸ਼ਕ-ਪੱਖੀ ਪਹੁੰਚ ’ਤੇ ਜ਼ੋਰ ਦਿੱਤਾ। ਉਨ੍ਹਾਂ ਬ੍ਰਾਜ਼ੀਲ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਆਪਸੀ ਲਾਭ ਵਾਲੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਇੱਛਾ ਜ਼ਾਹਿਰ ਕੀਤੀ। ਬ੍ਰਾਜ਼ੀਲ ਦੇ ਰਾਜਦੂਤ ਨੇ ਪੰਜਾਬ ਵਿੱਚ ਸਹਿਯੋਗ ਅਤੇ ਨਿਵੇਸ਼ ਦੇ ਮੌਕਿਆਂ ਦਾ ਪਤਾ ਲਗਾਉਣ ਵਿੱਚ ਬ੍ਰਾਜ਼ੀਲ ਦੀ ਡੂੰਘੀ ਦਿਲਚਸਪੀ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਨੇ ਗੱਲਬਾਤ ਨੂੰ ਅੱਗੇ ਵਧਾਉਣ ਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਲਈ ਠੋਸ ਸੰਭਾਵਨਾਵਾਂ ਬਾਰੇ ਪਤਾ ਲਗਾਉਣ ਲਈ ਇੱਕ ਵਰਕਿੰਗ ਗਰੁੱਪ ਦਾ ਗਠਨ ਕੀਤਾ ਹੈ। ਰਾਜਦੂਤ ਨੇ ਖੇਤੀਬਾੜੀ ਸਮੇਤ ਕਈ ਮੁੱਖ ਖੇਤਰਾਂ ਵਿੱਚ ਬ੍ਰਾਜ਼ੀਲ ਦੀ ਡੂੰਘੀ ਦਿਲਚਸਪੀ ਉਜਾਗਰ ਕੀਤੀ।
ਇਸ ਮੌਕੇ ਬ੍ਰਾਜ਼ੀਲ ਦੇ ਰਾਜਦੂਤ ਦੇ ਨਾਲ ਉਨ੍ਹਾਂ ਦੇ ਮੁੱਖ ਸਲਾਹਕਾਰ ਤੇ ਬ੍ਰਾਜ਼ੀਲ ਦੂਤਾਵਾਸ ਦੇ ਵਪਾਰ ਮੰਡਲ ਦੇ ਮੁਖੀ ਵੈਗਨਰ ਐਂਟੂਨਸ ਅਤੇ ਬ੍ਰਾਜ਼ੀਲ ਦੂਤਾਵਾਸ ਦੇ ਐਗਰੀਕਲਚਰ ਅਟੈਚ ਐਂਜੇਲੋ ਮੌਰੀਸੀਓ ਅਤੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਵੀ ਹਾਜ਼ਰ ਸਨ।