ਅੰਬਾਲਾ ਕੈਂਟ: ਪਛੜਨ ਤੋਂ ਬਾਅਦ ਅਨਿਲ ਵਿੱਜ ਨੇ ਚਿਤਰਾ ਸਰਵਾਰਾ ’ਤੇ ਲੀਡ ਬਣਾਈ
ਰਤਨ ਸਿੰਘ ਢਿੱਲੋਂ
ਅੰਬਾਲਾ, 8 ਅਕਤੂਬਰ
Haryana Elections Ambala Cantt. Constituency: ਹਰਿਆਣਾ ਵਿਧਾਨ ਸਭਾ ਚੋਣਾਂ ਦੀ ਜਾਰੀ ਗਿਣਤੀ ਦੌਰਾਨ ਅੰਬਾਲਾ ਕੈਂਟ ਹਲਕੇ ਵਿੱਚ ਭਾਜਪਾ ਉਮੀਦਵਾਰ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਤੇ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਚਿਤਰਾ ਸਰਵਾਰਾ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਹਲਕੇ ਦੀ ਗਿਣਤੀ ਦੇ 10ਵੇਂ ਗੇੜ ਵਿਚ ਬਾਅਦ ਦੁਪਹਿਰ 1.15 ਵਜੇ ਤੱਕ ਅਨਿਲ ਵਿਜ ਨੇ ਚਿਤਰਾ ਉਤੇ 5431 ਵੋਟਾਂ ਦੀ ਲੀਡ ਬਣਾ ਲਈ ਸੀ, ਜਦੋਂਕਿ ਪਹਿਲਾਂ ਉਹ ਪਛੜੇ ਹੋਏ ਸਨ।
ਚਿਤਰਾ ਸਰਵਾਰਾ ਨੇ ਪਹਿਲੇ ਗੇੜ ਵਿੱਚ ਵਿਜ ਉਤੇ 943 ਵੋਟਾਂ ਦੀ ਲੀਡ ਬਣਾ ਲਈ ਸੀ। ਵਿਜ ਨੂੰ 2951 ਤੇ ਚਿਤਰਾ ਨੂੰ 3894 ਵੋਟਾਂ ਮਿਲੀਆਂ।
ਕਾਂਗਰਸ ਉਮੀਦਵਾਰ ਪਰਵਿੰਦਰ ਪਾਲ ਪਰੀ 2216 ਵੋਟਾਂ ਨਾਲ ਤੀਜੇ ਨੰਬਰ ’ਤੇ ਰਹਿ ਗਏ। ਦੂਜੇ ਗੇੜ ਵਿਚ ਵੀ ਚਿਤਰਾ ਸਰਵਾਰਾ ਅਨਿਲ ਵਿਜ ਨਾਲੋਂ 256 ਵੋਟਾਂ ਨਾਲ ਅੱਗੇ ਸਨ। ਤੀਜੇ ਗੇੜ ਵਿਚ ਚਿਤਰਾ ਦੀ ਲੀਡ ਹੋਰ ਘਟ ਕੇ 33 ਵੋਟਾਂ ਰਹਿ ਗਈ ਅਤੇ ਪੰਜਵੇਂ ਗੇੜ ਵਿਚ ਵਿੱਜ ਨੇ ਚਿਤਰਾ ’ਤੇ 46 ਦੌੜਾਂ ਦੀ ਲੀਡ ਬਣਾ ਲਈ।
ਇਸੇ ਤਰ੍ਹਾਂ ਅੰਬਾਲਾ ਸ਼ਹਿਰ ਹਲਕੇ ਤੋਂ ਕਾਂਗਰਸ ਦੇ ਨਿਰਮਲ ਸਿੰਘ (ਚਿਤਰਾ ਸਰਵਾਰਾ ਦੇ ਪਿਤਾ) ਅੱਗੇ ਚੱਲ ਰਹੇ ਹਨ ਅਤੇ ਭਾਜਪਾ ਦੇ ਅਸੀਮ ਗੋਇਲ ਪਛੜੇ ਹੋਏ ਹਨ। ਸੱਤਵੇਂ ਗੇੜ ਦੀ ਗਿਣਤੀ ਪਿੱਛੋਂ 11 ਵਜੇ ਤੱਕ ਨਿਰਮਲ ਸਿੰਘ ਨੇ ਅਸੀਮ ਗੋਇਲ ’ਤੇ 3116 ਵੋਟਾਂ ਨਾਲ ਅੱਗੇ ਸਨ।
ਸੋਲ੍ਹਵੇਂ ਗੇੜ ਵਿਚ ਕਾਂਗਰਸ ਦੇ ਨਿਰਮਲ ਸਿੰਘ ਨੇ ਭਾਜਪਾ ਦੇ ਅਸੀਮ ਗੋਇਲ ਉਤੇ 6130 ਵੋਟਾਂ ਦੀ ਲੀਡ ਬਣਾ ਲਈ ਸੀ।