ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਕੁਰ ਦੇ ਅਜਬ ਕਾਰਨਾਮੇ

07:48 AM Mar 20, 2024 IST

ਡਾ. ਡੀ. ਪੀ. ਸਿੰਘ
Advertisement

ਇੱਕ ਵਾਰ ਦੀ ਗੱਲ ਹੈ, ਇੱਕ ਹਰੇ ਭਰੇ ਜੰਗਲ ਵਿੱਚ ਅੰਕੁਰ ਨਾਮ ਦਾ ਇੱਕ ਛੋਟਾ ਜਿਹਾ ਪੌਦਾ ਰਹਿੰਦਾ ਸੀ। ਅੰਕੁਰ ਵੀ ਹੋਰ ਬੂਟਿਆਂ ਵਾਂਗ ਹੀ ਸੀ ਪਰ ਉਹ ਅਕਸਰ ਇੱਕ ਮਜ਼ਬੂਤ ਰੁੱਖ ਬਣਨ ਅਤੇ ਜੰਗਲ ਤੋਂ ਬਾਹਰਲੇ ਸੰਸਾਰ ਨੂੰ ਦੇਖਣ ਦੇ ਸੁਪਨੇ ਦੇਖਦਾ ਸੀ। ਨਿੱਘੀ ਧੁੱਪ ਨੂੰ ਮਾਣਦਾ ਅਤੇ ਮੀਂਹ ਦੇ ਸ਼ਰਬਤਨੁਮਾ ਪਾਣੀ ਨੂੰ ਪੀਂਦਾ ਹੈ, ਉਹ ਹਰ ਲੰਘਦੇ ਦਿਨ ਦੇ ਨਾਲ ਥੋੜ੍ਹਾ ਜਿਹਾ ਹੋਰ ਉੱਚਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਸੀ। ਇਸ ਵਾਧੇ ਦੇ ਨਾਲ-ਨਾਲ ਅੰਕੁਰ ਜੰਗਲ ਦੇ ਸਿਆਣੇ ਬਜ਼ੁਰਗ ਰੁੱਖਾਂ ਦੇ ਸਾਥ ਵਿੱਚ ਕੀਮਤੀ ਸਬਕ ਵੀ ਸਿੱਖ ਰਿਹਾ ਸੀ।
ਇੱਕ ਦਿਨ ਜਦੋਂ ਅੰਕੁਰ ਸੂਰਜ ਦੀ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣ ਰਿਹਾ ਸੀ ਤਾਂ ਉਸ ਨੂੰ ਇੱਕ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ ਜੋ ਉਸ ਨੂੰ ਬੁਲਾ ਰਹੀ ਸੀ। ਇਹ ਬਜ਼ੁਰਗ ਪਿੱਪਲ ਦੇ ਬੋਲ ਸਨ ਜੋ ਜੰਗਲ ਦਾ ਸਭ ਤੋਂ ਪੁਰਾਣਾ ਰੁੱਖ ਸੀ। ਪਿੱਪਲ ਨੇ ਕਿਹਾ, ‘‘ਅੰਕੁਰ, ਪਿਆਰੇ ਪੁੱਤਰ ਮੈਂ ਤੇਰੇ ਵਿੱਚ ਕੁਝ ਨਵਾਂ ਜਾਣਨ ਦੀ ਤੀਬਰ ਇੱਛਾ ਦੇਖ ਰਿਹਾ ਹਾਂ। ਇਹ ਦੇਖ ਕੇ ਮੈਨੂੰ ਇੱਕ ਕਹਾਣੀ ਯਾਦ ਆ ਗਈ ਹੈ। ਕੀ ਤੂੰ ਇਹ ਰੌਚਕ ਕਹਾਣੀ ਸੁਣਨੀ ਚਾਹੇਂਗਾ?’’
ਉਤਸੁਕਤਾ ਨਾਲ ਅੰਕੁਰ ਨੇ ਸਿਰ ਹਿਲਾਉਂਦਿਆਂ ਹਾਮੀ ਭਰੀ। ਤਦ ਹੀ ਪਿੱਪਲ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ: ‘‘ਇੱਕ ਵਾਰ ਨਮੋਲ ਨਾਮੀ ਇੱਕ ਛੋਟਾ ਜਿਹਾ ਬੂਟਾ ਸੀ ਜੋ ਜੰਗਲ ਵਿੱਚ ਸਭ ਤੋਂ ਉੱਚਾ ਨਿੰਮ ਬਣਨ ਦਾ ਸੁਪਨਾ ਲੈਂਦਾ ਸੀ ਪਰ ਸਹੀ ਸਮੇਂ ਦੀ ਉਡੀਕ ਕਰਨ ਦੀ ਬਜਾਏ, ਨਮੋਲ ਬੇਸਬਰ ਹੋ ਗਿਆ ਅਤੇ ਉਸ ਨੇ ਆਪਣੀਆਂ ਜੜਾਂ ਨੂੰ ਉੱਪਰ ਵੱਲ ਖਿੱਚ ਅਤੇ ਪੱਤਿਆਂ ਨੂੰ ਉੱਪਰ ਵੱਲ ਕਰ, ਤੇਜ਼ੀ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕੀਤੀ। ਅਫ਼ਸੋਸ, ਪਹਿਲੀ ਹਨੇਰੀ ਦੀ ਆਮਦ ਨਾਲ ਹੀ ਉਹ ਢਹਿ ਢੇਰੀ ਹੋ ਗਿਆ ਅਤੇ ਬਰਸਾਤ ਦਾ ਪਾਣੀ ਉਸ ਨੂੰ ਰੋੜ੍ਹ ਕੇ ਲੈ ਗਿਆ। ਅੰਕੁਰ! ਸੱਚ ਇਹ ਹੈ ਕਿ ਚੰਗੀਆਂ ਚੀਜ਼ਾਂ ਦੇ ਬਣਨ ਵਿੱਚ ਸਮਾਂ ਲੱਗਦਾ ਹੈ। ਜਿਵੇਂ ਇੱਕ ਰੁੱਖ ਨੂੰ ਉੱਚਾ ਅਤੇ ਮਜ਼ਬੂਤ ਹੋਣ ਲਈ ਸਮਾਂ ਚਾਹੀਦਾ ਹੈ, ਸਾਨੂੰ ਵੀ ਧੀਰਜ ਰੱਖਣਾ ਚਾਹੀਦਾ ਹੈ ਅਤੇ ਆਪਣੇ ਸਹੀ ਵਾਧੇ ਦੀ ਕਿਰਿਆ ਵਿੱਚ ਭਰੋਸਾ ਕਰਨਾ ਚਾਹੀਦਾ ਹੈ।’’

ਅੰਕੁਰ ਨੇ ਬਜ਼ੁਰਗ ਪਿੱਪਲ ਦੀ ਕਹਾਣੀ ਨੂੰ ਧਿਆਨ ਨਾਲ ਸੁਣਿਆ ਤੇ ਕਹਾਣੀ ਦੇ ਸਬਕ ਨੂੰ ਪੱਲੇ ਬੰਨ੍ਹ ਲਿਆ। ਉਸ ਦਿਨ ਤੋਂ ਉਸ ਨੇ ਆਪਣਾ ਹਰ ਕੰਮ ਧੀਰਜ ਅਤੇ ਲਗਨ ਨਾਲ ਕਰਨ ਦਾ ਫ਼ੈਸਲਾ ਕਰ ਲਿਆ। ਜਿਵੇਂ-ਜਿਵੇਂ ਰੁੱਤਾਂ ਬੀਤਦੀਆਂ ਗਈਆਂ, ਅੰਕੁਰ ਵਧਦਾ ਰਿਹਾ। ਉਸ ਦੀਆਂ ਜੜਾਂ ਧਰਤੀ ਵਿੱਚ ਡੂੰਘੀਆਂ ਚਲੀਆਂ ਗਈਆਂ ਅਤੇ ਉਸ ਦੀਆਂ ਟਾਹਣੀਆਂ ਅਸਮਾਨ ਵੱਲ ਵਧਦੀਆਂ ਗਈਆਂ। ਦਿਨਾਂ ਦੇ ਗੁਜ਼ਰਨ ਦੇ ਬਾਵਜੂਦ ਉਸ ਨੇ ਬਜ਼ੁਰਗ ਪਿੱਪਲ ਦੇ ਸ਼ਬਦਾਂ ਨੂੰ ਯਾਦ ਰੱਖਿਆ ਅਤੇ ਜੀਵਨ ਦੇ ਵਿਕਾਸ ਦੌਰਾਨ ਧੀਰਜ ਦੀ ਪਾਲਣਾ ਕੀਤੀ ਕਿਉਂਕਿ ਉਹ ਜਾਣਦਾ ਸੀ ਕਿ ਚੰਗੀਆਂ ਚੀਜ਼ਾਂ ਸਮੇਂ ਸਿਰ ਹੀ ਵਾਪਰਦੀਆਂ ਹਨ।
ਸਬਰ ਨਾਲ ਗੁਜ਼ਾਰੇ ਕਈ ਸਾਲਾਂ ਤੋਂ ਬਾਅਦ ਇੱਕ ਦਿਨ ਅੰਕੁਰ ਨੇ ਅਜਬ ਖਿੱਚ ਮਹਿਸੂਸ ਕੀਤੀ ਜੋ ਉਸ ਨੂੰ ਕੁਝ ਨਵਾਂ ਕਰਨ ਤੇ ਜਾਣਨ ਲਈ ਉਕਸਾ ਰਹੀ ਸੀ। ਹੁਣ ਤੱਕ ਉਸ ਦੀਆਂ ਜੜਾਂ ਜ਼ਮੀਨ ਵਿੱਚ ਮਜ਼ਬੂਤੀ ਨਾਲ ਗੱਡੀਆਂ ਜਾ ਚੁੱਕੀਆਂ ਸਨ ਅਤੇ ਤੇਜ਼ ਹਵਾਵਾਂ ਵਿੱਚ ਵੀ ਉਸ ਦੀਆਂ ਮਜ਼ਬੂਤ ਟਾਹਣੀਆਂ ਸਹਿਜ ਨਾਲ ਹਿੱਲਦੀਆਂ ਸਨ। ਅੰਕੁਰ ਆਪਣੇ ਸੁਪਨੇ ਦੀ ਸਾਕਾਰਤਾ ਲਈ ਖ਼ੁਦ ਤਾਂ ਆਪਣੇ ਥਾਂ ਤੋਂ ਚਾਲੇ ਨਹੀਂ ਸੀ ਪਾ ਸਕਦਾ ਪਰ ਉਸ ਦੀ ਰੂਹ ਤਾਂ ਸਮਾਂ ਤੇ ਸਥਾਨ ਦੇ ਬੰਧਨਾਂ ਤੋਂ ਮੁਕਤ ਸੀ। ਜੰਗਲ ਤੋਂ ਪਾਰ ਦੇ ਸੰਸਾਰ ਬਾਰੇ ਜਾਣਨ ਲਈ ਉਹ ਹਰ ਰੋਜ਼ ਯਾਤਰਾ ਉੱਤੇ ਚੱਲ ਪੈਣ ਦੇ ਸੁਪਨੇ ਦੇਖਣ ਲੱਗਾ।
ਅਚਾਨਕ ਇੱਕ ਦਿਨ ਅਜਬ ਘਟਨਾ ਵਾਪਰੀ। ਉਸ ਸਵੇਰ ਜਦ ਉਹ ਰਾਤ ਦੀ ਨੀਂਦ ਤੋਂ ਜਾਗਿਆ ਤਾਂ ਉਸ ਨੇ ਦੇਖਿਆ ਕਿ ਉਹ ਤੁਰ ਫਿਰ ਸਕਦਾ ਹੈ। ਉਹ ਖ਼ੁਸ਼ੀ ਨਾਲ ਝੂਮ ਉੱਠਿਆ। ਅਗਲੇ ਹੀ ਦਿਨ ਉਸ ਨੇ ਆਪਣੇ ਮਨਪਸੰਦ ਸਫ਼ਰ ਉੱਤੇ ਜਾਣ ਲਈ ਬਜ਼ੁਰਗ ਪਿੱਪਲ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਆਪਣੇ ਸੰਗੀ-ਸਾਥੀਆਂ ਤੋਂ ਵਿਦਾ ਲੈ ਕੇ ਅਣਜਾਣੀ ਮੰਜ਼ਿਲ ਵੱਲ ਚਾਲੇ ਪਾ ਦਿੱਤੇ। ਜਿਵੇਂ ਹੀ ਅੰਕੁਰ ਜੰਗਲ ਦੇ ਜਾਣੇ-ਪਛਾਣੇ ਚੌਗਿਰਦੇ ਤੋਂ ਬਾਹਰ ਨਿਕਲਿਆ, ਉਸ ਨੂੰ ਇੱਕ ਤੇਜ਼ ਵਹਿ ਰਹੀ ਨਦੀ ਨਜ਼ਰ ਆਈ ਜੋ ਉਸ ਦਾ ਰਾਹ ਰੋਕ ਕੇ ਖੜ੍ਹੀ ਸੀ। ਆਪਣੀ ਯਾਤਰਾ ਨੂੰ ਜਾਰੀ ਰੱਖਣ ਲਈ ਦ੍ਰਿੜ ਸੰਕਲਪ ਅੰਕੁਰ ਨੇ ਡੂੰਘਾ ਸਾਹ ਲਿਆ ਅਤੇ ਬਹੁਤ ਹੀ ਸਾਵਧਾਨੀ ਨਾਲ ਪਾਣੀ ਵਿੱਚ ਠਿੱਲ ਪਿਆ। ਹੌਲੇ ਹੌਲੇ ਕਦਮ ਪੁੱਟਦਾ ਉਹ ਅੱਗੇ ਵਧਦਾ ਜਾ ਰਿਹਾ ਸੀ। ਪਾਣੀ ਦੀਆਂ ਛੱਲਾਂ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਗਿੱਲਾ ਕਰ ਦਿੱਤਾ ਸੀ। ਠੰਢੇ ਪਾਣੀ ਕਾਰਨ ਹੁਣ ਤਾਂ ਉਹ ਕਾਂਬਾ ਵੀ ਮਹਿਸੂਸ ਕਰ ਰਿਹਾ ਸੀ ਪਰ ਉਸ ਨੇ ਧੀਰਜ ਦਾ ਪੱਲਾ ਨਾ ਛੱਡਿਆ। ਹੌਲੇ ਹੌਲੇ ਅੱਗੇ ਵਧਦਾ ਉਹ ਨਦੀ ਪਾਰ ਕਰ ਹੀ ਗਿਆਾ। ਅੱਗੇ ਕੀ ਹੋਰ ਅਜਬ ਵਾਪਰ ਸਕਦਾ ਹੈ, ਬਾਰੇ ਸੋਚ ਉਸ ਦਾ ਦਿਲ ਤੇਜ਼ੀ ਨਾਲ ਧੱਕ ਧੱਕ ਕਰ ਰਿਹਾ ਸੀ।
ਨਦੀ ਦੇ ਪਾਰ ਮੌਜੂਦ ਜੰਗਲ ਵਿੱਚ ਅੰਕੁਰ ਨੂੰ ਗੁਆਚੇ ਹੋਏ ਖ਼ਰਗੋਸ਼ਾਂ ਦਾ ਇੱਕ ਪਰਿਵਾਰ ਮਿਲਿਆ ਜੋ ਆਪਣੇ ਘਰ ਦਾ ਰਸਤਾ ਲੱਭ ਰਿਹਾ ਸੀ। ਸ਼ਾਮ ਦੇ ਘੁਸਮੁਸੇ ਵਿੱਚ ਉਹ ਪਰਿਵਾਰ ਡਾਢਾ ਦੁਖੀ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀ ਦੁਖੀ ਹਾਲਤ ਦੇਖਦਿਆਂ, ਅੰਕੁਰ ਨੇ ਉਨ੍ਹਾਂ ਦੀ ਮਦਦ ਕਰਨ ਦਾ ਮਨ ਬਣਾ ਲਿਆ। ਉਸ ਨੇ ਨਿੱਕੜੇ ਖ਼ਰਗੋਸ਼ਾਂ ਨੂੰ ਆਪਣੀਆਂ ਪੱਤੇਦਾਰ ਸ਼ਾਖਾਵਾਂ ਦੇ ਹੇਠਾਂ ਛੁਪਾ ਕੇ ਤਾਰਿਆਂ ਦੀ ਸਥਿਤੀ ਤੇ ਸੇਧ ਦੀ ਵਰਤੋਂ ਨਾਲ ਉਨ੍ਹਾਂ ਦੇ ਘੁਰਨੇ ਵੱਲ ਚੱਲਦੇ ਰਹਿਣ ਦੀ ਸਲਾਹ ਦਿੱਤੀ। ਇੰਝ ਅੰਕੁਰ ਨੇ ਖ਼ਰਗੋਸ਼ਾਂ ਦੇ ਟੱਬਰ ਨੂੰ ਖੌਫ਼ਨਾਕ ਜੰਗਲੀ ਰਸਤੇ ਵਿੱਚੋਂ ਸਹੀ ਸਲਾਮਤ ਲੰਘਾ, ਉਨ੍ਹਾਂ ਦੇ ਘੁਰਨੇ ਤੱਕ
ਪੁੱਜਣ ਵਿੱਚ ਮਦਦ ਕੀਤੀ। ਖ਼ਰਗੋਸ਼ਾਂ ਦਾ ਇਹ ਟੱਬਰ ਅੰਕੁਰ ਦੀ ਮਦਦ ਲਈ ਡਾਢਾ ਸ਼ੁਕਰਗੁਜ਼ਾਰ ਹੋਇਆ। ਉਨ੍ਹਾਂ ਨੇ ਜੰਗਲ ਬਾਰੇ ਕਈ ਦਿਲਚਸਪ ਕਿੱਸੇ ਵੀ ਅੰਕੁਰ ਨਾਲ ਸਾਂਝੇ ਕੀਤੇ। ਖ਼ਰਗੋਸ਼ਾਂ ਦੇ ਟੱਬਰ ਨੂੰ ਫਿਰ ਮਿਲਣ ਦਾ ਵਾਅਦਾ ਕਰ ਅੰਕੁਰ ਆਪਣੇ ਸਫ਼ਰ ਉੱਤੇ ਮੁੜ ਚੱਲ ਪਿਆ।
ਜਿਵੇਂ ਹੀ ਅੰਕੁਰ ਅੱਗੇ ਵਧਿਆ ਅਚਾਨਕ ਭਿਆਨਕ ਤੂਫ਼ਾਨ ਨੇ ਉਸ ਨੂੰ ਘੇਰ ਲਿਆ। ਤੇਜ਼ ਹਵਾ ਦੇ ਸ਼ੂਕਣ ਦੀ ਆਵਾਜ਼ ਤੇ ਬੱਦਲਾਂ ਦੀ ਗੜਗੜਾਹਟ ਕੰਨ ਪਾੜਵੀਂ ਸੀ। ਕਾਲੇ ਅੰਬਰ ਵਿੱਚ ਬਿਜਲੀ ਦੀ ਤੇਜ਼ ਚਮਕ ਭਿਆਨਕ ਮੰਜ਼ਰ ਪੇਸ਼ ਕਰ ਰਹੀ ਸੀ। ਤੇਜ਼ ਹਵਾ ਦਾ ਤਾਕਤਵਰ ਦੈਂਤ ਛੋਟੇ ਰੁੱਖਾਂ ਨੂੰ ਜੜੋਂ ਪੁੱਟ ਇੱਧਰ ਉੱਧਰ ਸੁੱਟਦਾ, ਵੱਡੇ ਰੁੱਖਾਂ ਦੇ ਡਾਲੇ ਤੋੜਦਾ ਅੱਗੇ ਵਧਦਾ ਜਾ ਰਿਹਾ ਸੀ। ਖ਼ਤਰੇ ਦੇ ਬਾਵਜੂਦ ਅੰਕੁਰ ਇੱਕ ਵੱਡੇ ਰੁੱਖ ਦੀ ਓਟ ਵਿੱਚ ਸਿੱਧਾ ਅਤੇ ਅਡੋਲ ਖੜ੍ਹਾ ਸੀ। ਤੂਫ਼ਾਨੀ ਦੈਂਤ ਦੇ ਕਰੋਪ ਤੋਂ ਡਰੇ ਹੋਏ ਕਿੰਨੇ ਹੀ ਜੰਗਲੀ ਜੀਵ ਅੰਕੁਰ ਦੀਆਂ ਸ਼ਾਖਾਵਾਂ ਹੇਠ ਆ ਛੁਪੇ ਸਨ। ਉਸ ਰਾਤ ਬਹੁਤ ਦੇਰ ਤੱਕ ਤੂਫ਼ਾਨੀ ਦੈਂਤ ਆਪਣਾ ਗੁੱਸਾ ਜ਼ਾਹਿਰ ਕਰਦਾ ਰਿਹਾ। ਜਿਵੇਂ ਹੀ ਸਵੇਰ ਦੀ ਲਾਲੀ ਪ੍ਰਗਟ ਹੋਈ, ਰਾਤ ਭਰ ਦੀ ਜੱਦੋ ਜਹਿਦ ਤੋਂ ਥੱਕ ਤੂਫ਼ਾਨੀ ਦੈਂਤ ਆਖ਼ਰ ਸ਼ਾਂਤ ਹੋ ਗਿਆ। ਬੇਸ਼ੱਕ ਚਾਰੇ ਪਾਸੇ ਉਜਾੜੇ ਦਾ ਮਾਹੌਲ ਸੀ ਪਰ ਜੰਗਲੀ ਜੀਵਾਂ ਨੇ ਤੂਫ਼ਾਨੀ ਮੁਸੀਬਤ ਤੋਂ ਛੁਟਕਾਰਾ ਪਾ ਸੁੱਖ ਦਾ ਸਾਹ ਲਿਆ। ਕਿੰਨੇ ਹੀ ਜੀਵ ਅੰਕੁਰ ਦੀ ਬਹਾਦਰੀ ਦੀ ਦਾਦ ਦੇ ਰਹੇ ਸਨ ਜਿਸ ਨੇ ਤੂਫ਼ਾਨੀ ਦੈਂਤ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਸੀ। ਉਹ ਸਾਰੇ ਬਹੁਤ ਮਸ਼ਕੂਰ ਜਾਪ ਰਹੇ ਸਨ ਤੇ ਆਪੋ ਆਪਣੇ ਢੰਗ ਨਾਲ ਉਸ ਦਾ ਧੰਨਵਾਦ ਕਰ ਰਹੇ ਸਨ।
ਉਨ੍ਹਾਂ ਜੰਗਲ ਵਾਸੀਆਂ ਤੋਂ ਵਿਦਾਇਗੀ ਲੈ ਅੰਕੁਰ ਜਿਵੇਂ ਹੀ ਅਣਜਾਣ ਜੰਗਲ ਵਿੱਚ ਅੱਗੇ ਵਧਿਆ, ਉਹ ਇੱਕ ਉੱਚੇ ਟਿੱਲੇ ਕੋਲ ਪਹੁੰਚ ਗਿਆ, ਜਿੱਥੇ ਲੂੰਬੜਾਂ ਦਾ ਇੱਕ ਸ਼ਰਾਰਤੀ ਟੋਲਾ ਰਹਿੰਦਾ ਸੀ। ਹਨੇਰਵਾਸੀਆਂ ਵਜੋਂ ਜਾਣੇ ਜਾਂਦੇ ਇਹ ਜਾਨਵਰ ਧੋਖਾਧੜੀ ਤੇ ਮੱਕਾਰੀ ਵਾਲੇ ਕੰਮਾਂ ਦੇ ਮਾਹਿਰ ਸਨ। ਨਵੀਆਂ ਨਵੀਆਂ ਤਰਕੀਬਾਂ ਤੇ ਚਲਾਕੀਆਂ ਰਾਹੀਂ ਮੁਸੀਬਤ ਪੈਦਾ ਕਰਨ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਹ ਜਿੱਥੇ ਵੀ ਜਾਂਦੇ, ਮੁਸੀਬਤ ਹੀ ਪੈਦਾ ਕਰਦੇ ਸਨ। ਜੰਗਲ ਦੇ ਅਨੇਕ ਵਾਸੀ ਇਸ ਟੋਲੇ ਦੇ ਮਾੜੇ ਕੰਮਾਂ ਦਾ ਸ਼ਿਕਾਰ ਹੋ ਚੁੱਕੇ ਸਨ। ਹਰ ਕੋਈ ਇਨ੍ਹਾਂ ਦੀ ਫਿਤਰਤ ਤੋਂ ਡਰਦਾ ਇਨ੍ਹਾਂ ਨਾਲ ਕਿਸੇ ਕਿਸਮ ਦੀ ਸਾਂਝ ਰੱਖਣ ਤੋਂ ਡਰਦਾ ਸੀ।
ਜਿਵੇਂ ਹੀ ਅੰਕੁਰ ਦੀ ਮੁਲਾਕਾਤ ਹਨੇਰਵਾਸੀਆਂ ਨਾਲ ਹੋਈ, ਉਨ੍ਹਾਂ ਅੰਕੁਰ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰਨ ਵਿੱਚ ਕੋਈ ਕੋਸ਼ਿਸ਼ ਨਾ ਛੱਡੀ। ਅੰਕੁਰ ਨੇ ਇਸ ਸਮੱਸਿਆ ਦੇ ਹੱਲ ਲਈ ਪਹਿਲਾਂ ਤਾਂ ਹਨੇਰਵਾਸੀਆਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਸ਼ਰਾਰਤੀ ਸੁਭਾਅ ਦੇ ਕਾਰਨ ਹਨੇਰਵਾਸੀ ਤਰਕ ਨੂੰ ਸੁਣਨ ਤੋਂ ਇਨਕਾਰੀ ਹੀ ਰਹੇ। ਸਗੋਂ ਉਲਟਾ ਉਨ੍ਹਾਂ ਅੰਕੁਰ ਦੀ ਨਰਮਦਿਲੀ ਤੇ ਦਿਆਲਤਾ ਭਰੇ ਸੁਭਾਅ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਕਮਜ਼ੋਰ ਤੇ ਬੁਜ਼ਦਿਲ ਤੱਕ ਕਹਿ ਦਿੱਤਾ।
ਹਨੇਰਵਾਸੀ ਅੰਕੁਰ ਨੂੰ ਕਿਸੇ ਵੀ ਤਰ੍ਹਾਂ ਅੱਗੇ ਵਧਣ ਤੋਂ ਰੋਕਣ ਦਾ ਪੱਕਾ ਇਰਾਦਾ ਕਰੀ ਬੈਠੇ ਸਨ। ਹਨੇਰਵਾਸੀਆਂ ਨਾਲ ਕੋਈ ਵੀ ਤਰਕ ਸਫਲ ਨਾ ਹੋਣ ਕਾਰਨ ਅੰਕੁਰ ਆਪਣੀ ਥਾਂ ਉੱਤੇ ਖੜ੍ਹਾ ਉਲਝਣ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਮਹਿਸੂਸ ਕਰ ਰਿਹਾ ਸੀ। ਹਨੇਰਵਾਸੀ ਕਿਸੇ ਸ਼ਰਤ ਉੱਤੇ ਵੀ ਉਸ ਨੂੰ ਉਨ੍ਹਾਂ ਦੇ ਇਲਾਕੇ ਵਿੱਚੋਂ ਲਾਂਘਾ ਦੇਣ ਤੋਂ ਮੁਨਕਰ ਸਨ। ਹੁਣ ਤਾਂ ਅੰਕੁਰ ਤੇ ਸ਼ਰਾਰਤੀ ਹਨੇਰਵਾਸੀਆਂ ਵਿੱਚ ਟਕਰਾਅ ਸਿਖ਼ਰ ਉੱਤੇ ਪਹੁੰਚ ਗਿਆ ਸੀ। ਇਸ ਸਮੇਂ ਅੰਕੁਰ ਦੀਆਂ ਸ਼ਾਖਾਵਾਂ ਭਾਵਨਾਵਾਂ ਦੀ ਉਥਲ-ਪੁਥਲ ਕਾਰਨ ਅਜਬ ਢੰਗ ਨਾਲ ਹਿੱਲ ਰਹੀਆਂ ਸਨ।
ਜਿਵੇਂ ਹੀ ਹਨੇਰਵਾਸੀਆਂ ਤੇ ਅੰਕੁਰ ਦੀ ਆਪਸੀ ਕਸ਼ਮਕਸ਼ ਆਪਣੇ ਸਿਖਰ ਉੱਤੇ ਪਹੁੰਚੀ, ਅੰਕੁਰ ਨੇ ਮਹਿਸੂਸ ਕੀਤਾ ਕਿ ਉਸ ਨੂੰ ਹਨੇਰਵਾਸੀਆਂ ਦੀ ਧੱਕੇਸ਼ਾਹੀ ਖ਼ਤਮ ਕਰਨ ਅਤੇ ਜੰਗਲ ਵਿੱਚ ਸ਼ਾਂਤੀ ਦੀ ਬਹਾਲੀ ਲਈ ਆਪਣੀ ਪੂਰੀ ਹਿੰਮਤ ਅਤੇ ਬੁੱਧੀ ਦੀ ਵਰਤੋਂ ਕਰਨੀ ਹੋਵੇਗੀ। ਇੱਕ ਡੂੰਘਾ ਸਾਹ ਲੈਂਦੇ ਹੋਏ ਅੰਕੁਰ ਨੇ ਆਪਣੀਆਂ ਜੜਾਂ ਨਾਲ ਜ਼ਮੀਨ ਨੂੰ ਪੱਕੀ ਤਰ੍ਹਾਂ ਜਕੜ ਲਿਆ ਅਤੇ ਆਪਣੀਆਂ ਸ਼ਾਖ਼ਾਵਾਂ ਨੂੰ ਪੂਰੀ ਤਾਕਤ ਨਾਲ ਘੁੰਮਾਇਆ। ਜਿਵੇਂ ਹੀ ਸ਼ਾਖਾਵਾਂ ਦਾ ਝੁਰਮਟ ਹਨੇਰਵਾਸੀਆਂ ਦੇ ਟੋਲੇ ਨਾਲ ਪੂਰੇ ਜ਼ੋਰ ਨਾਲ ਟਕਰਾਇਆ ਤਾਂ ਉਨ੍ਹਾਂ ਦੇ ਟੋਲੇ ਦੇ ਕਿੰਨੇ ਹੀ ਮੈਂਬਰ ਇਸ ਜ਼ੋਰਦਾਰ ਟੱਕਰ ਕਾਰਨ ਦੂਰ ਦੂਰ ਜਾ ਡਿੱਗੇ। ਪਥਰੀਲੇ ਮੈਦਾਨ ਵਿੱਚ ਡਿੱਗਣ ਨਾਲ ਲੱਗੀਆਂ ਸੱਟਾਂ ਕਾਰਨ ਹੁਣ ਉਹ ਦਰਦ ਦੇ ਮਾਰੇ ਉੱਚੀ ਉੱਚੀ ਕੁਰਲਾ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਸੰਭਲ ਸਕਦੇ, ਅੰਕੁਰ ਗੁੱਸੇ ਨਾਲ ਭਰਿਆ ਪੀਤਾ ਅੱਗੇ ਵਧਿਆ ਤੇ ਦੂਸਰਾ ਹੱਲਾ ਕਰਨ ਹੀ ਲੱਗਾ ਸੀ ਕਿ ਅੰਕੁਰ ਦੇ ਹਮਲਾਕਾਰੀ ਤੇਵਰ ਦੇਖ ਹਨੇਰਵਾਸੀਆਂ ਦੇ ਹੌਸਲੇ ਪਸਤ ਹੋ ਗਏ। ਉਨ੍ਹਾਂ ਨਾਲ ਅਜਿਹਾ ਪਹਿਲੀ ਵਾਰ ਵਾਪਰਿਆ ਸੀ ਕਿ ਕਿਸੇ ਜੰਗਲ ਵਾਸੀ ਨੇ ਉਨ੍ਹਾਂ ਦਾ ਇੰਝ ਵਿਰੋਧ ਕੀਤਾ ਹੋਵੇ। ਅਣਕਿਆਸੇ ਹਾਲਾਤ ਤੇ ਸਾਥੀਆਂ ਦੀ ਦੁਰਦਸ਼ਾ ਦੇਖ ਉਹ ਹੈਰਾਨ-ਪਰੇਸ਼ਾਨ ਹੋ ਗਏ ਸਨ। ਇਸ ਤੋਂ ਪਹਿਲਾਂ ਕਿ ਉਹ ਅੰਕੁਰ ਦੇ ਗੁੱਸੇ ਦਾ ਹੋਰ ਸ਼ਿਕਾਰ ਬਣਦੇ, ਡਰ ਦੇ ਮਾਰੇ ਉਹ ਭੱਜ ਗਏ। ਹੁਣ ਜੰਗਲ ਦਾ ਇਹ ਖਿੱਤਾ ਬਦਮਾਸ਼ ਹਨੇਰਵਾਸੀਆਂ ਦੇ ਕਬਜ਼ੇ ਤੋਂ ਮੁਕਤ ਹੋ ਚੁੱਕਾ ਸੀ।
ਇਸ ਜਿੱਤ ਪ੍ਰਾਪਤੀ ਕਾਰਨ ਅੰਕੁਰ ਦੀਆਂ ਸ਼ਾਖਾਵਾਂ ਖ਼ੁਸ਼ੀ ਨਾਲ ਕਿਸੇ ਰਾਗਬੱਧ ਤਾਲ ਵਿੱਚ ਹੌਲੇ ਹੌਲੇ ਨੱਚ ਰਹੀਆਂ ਸਨ। ਜੰਗਲ ਦੇ ਕਿੰਨੇ ਹੀ ਜੀਵ ਉਸ ਦੇ ਆਲੇ ਦੁਆਲੇ ਆ ਇਕੱਠੇ ਹੋਏੇ। ਉਹ ਸਾਰੇ ਉਸ ਦੀ ਬਹਾਦਰੀ ਅਤੇ ਜੰਗਲ ਵਿਖੇ ਸ਼ਾਂਤੀ ਸਥਾਪਤੀ ਕਰਨ ਲਈ ਉਸ ਦੇ ਵਿਲੱਖਣ ਯੋਗਦਾਨ ਲਈ ਉਸ ਦਾ ਧੰਨਵਾਦ ਕਰ ਰਹੇ ਸਨ। ਜੰਗਲਵਾਸੀਆਂ ਦੇ ਪਿਆਰ ਤੇ ਸਤਿਕਾਰ ਦਾ ਧੰਨਵਾਦ ਕਰ ਕੇ ਅੰਕੁਰ ਆਪਣੀ ਮੰਜ਼ਿਲ ਦੇ ਆਖ਼ਰੀ ਪੜਾਅ ਵੱਲ ਚੱਲ ਪਿਆ। ਬੇਸ਼ੱਕ ਉਸ ਦੀ ਯਾਤਰਾ ਚੁਣੌਤੀਆਂ ਅਤੇ ਰੁਕਾਵਟਾਂ ਨਾਲ ਭਰੀ ਹੋਈ ਸੀ ਪਰ ਅੰਕੁਰ ਨੇ ਉਨ੍ਹਾਂ ਸਾਰਿਆਂ ਦਾ ਮੁਕਾਬਲਾ ਬਹਾਦਰੀ ਅਤੇ ਅਡੋਲ ਭਾਵਨਾ ਨਾਲ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਸਬਰ ਅਤੇ ਲਗਨ ਨਾਲ ਕੁਝ ਵੀ ਸੰਭਵ ਸੀ। ਹਰ ਨਵੀਂ ਔਕੜ ਨੇ ਅੰਕੁਰ ਨੂੰ ਦ੍ਰਿੜਤਾ, ਹਿੰਮਤ, ਨਰਮਦਿਲੀ ਅਤੇ ਲਚਕੀਲੇਪਣ ਬਾਰੇ ਕੀਮਤੀ ਸਬਕ ਸਿਖਾਏ। ਉਸ ਦੇ ਸਫ਼ਰ ਦੌਰਾਨ ਉਸ ਨੂੰ ਬਹੁਤ ਸਾਰੇ ਜੀਵ ਮਿਲੇ ਜੋ ਉਸ ਦੇ ਵਿਲਖੱਣ ਗੁਣਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ। ਜਦ ਤੱਕ ਅੰਕੁਰ ਵਾਪਸ ਆਪਣੇ ਘਰ ਪੁੱਜਿਆ, ਆਪਣੇ ਅਦਭੁੱਤ ਤਜਰਬਿਆਂ ਸਦਕਾ ਉਹ ਇੱਕ ਸ਼ਾਨਦਾਰ ਰੁੱਖ ਬਣ ਚੁੱਕਾ ਸੀ, ਇੰਨਾ ਉੱਚਾ ਤੇ ਮਜ਼ਬੂਤ ਜਿੰਨਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਬੇਸ਼ੱਕ ਉਸ ਦਾ ਸਫ਼ਰ ਖ਼ਤਮ ਹੋ ਗਿਆ ਸੀ ਪਰ ਉਹ ਜਾਣਦਾ ਸੀ ਕਿ ਉਸ ਨੇ ਆਪਣੇ ਸਫ਼ਰ ਦੌਰਾਨ ਜੋ ਸਬਕ ਸਿੱਖੇ ਸਨ, ਉਹ ਸਦਾ ਲਈ ਉਸ ਦੇ ਨਾਲ ਰਹਿਣਗੇ।
ਈਮੇਲ: drdpsn@hotmail.com

Advertisement
Advertisement