For the best experience, open
https://m.punjabitribuneonline.com
on your mobile browser.
Advertisement

ਅਮਰਨਾਥ ਯਾਤਰਾ: ਡੀਜੀਪੀ ਵੱਲੋਂ ਪੰਜਾਬ ਦੀਆਂ ਹੱਦਾਂ ’ਤੇ ਸੁਰੱਖਿਆ ਦਾ ਜਾਇਜ਼ਾ

07:14 AM Jul 04, 2024 IST
ਅਮਰਨਾਥ ਯਾਤਰਾ  ਡੀਜੀਪੀ ਵੱਲੋਂ ਪੰਜਾਬ ਦੀਆਂ ਹੱਦਾਂ ’ਤੇ ਸੁਰੱਖਿਆ ਦਾ ਜਾਇਜ਼ਾ
ਮਾਧੋਪੁਰ ’ਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ।
Advertisement

ਐੱਨਪੀ ਧਵਨ
ਪਠਾਨਕੋਟ, 3 ਜੁਲਾਈ
ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਵਿਸ਼ੇਸ਼ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਮਾਧੋਪੁਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਫੌਜ, ਹਵਾਈ ਸੈਨਾ, ਬੀਐੱਸਐੱਫ, ਪੰਜਾਬ ਪੁਲੀਸ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਇੰਟੈਲੀਜੈਂਸ ਤੇ ਸੈਂਟਰਲ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਦੋ ਮਹੀਨੇ ਚੱਲਣ ਵਾਲੀ ਅਮਰਨਾਥ ਯਾਤਰਾ ਵਿੱਚ ਇਕਜੁੱਟ ਹੋ ਕੇ ਚੌਕਸੀ ਵਰਤਣ ਅਤੇ ਸੁਰੱਖਿਆ ਮੁਹੱਈਆ ਕਰਵਾਉਣ ਦਾ ਅਹਿਦ ਲਿਆ ਗਿਆ। ਇਸ ਮੀਟਿੰਗ ਵਿੱਚ ਵੱਖ-ਵੱਖ ਬ੍ਰਿਗੇਡਾਂ ਦੇ ਕਮਾਂਡਰ, ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ, ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਐੱਸਐੱਸਪੀ ਪਠਾਨਕੋਟ ਸੋਹੇਲ ਕਾਸਿਮ ਮੀਰ, ਐੱਸਐੱਸਪੀ ਕਠੂਆ, ਐੱਸਐੱਸਪੀ ਨੂਰਪੁਰ, ਰਾਅ ਦੇ ਸ਼ੈਲੇਸ਼ ਕੁਮਾਰ ਅਤੇ ਆਈਬੀ ਦੇ ਰਵਿੰਦਰ ਠਾਕੁਰ, ਡੀਐੱਸਪੀ ਸੁਮੀਰ ਸਿੰਘ ਮਾਨ, ਨਛੱਤਰ ਸਿੰਘ ਤੇ ਲਖਵਿੰਦਰ ਸਿੰਘ ਸਣੇ ਪ੍ਰਮੁੱਖ ਅਧਿਕਾਰੀ ਹਾਜ਼ਰ ਸਨ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਮੀਟਿੰਗ ਦੌਰਾਨ ਅਮਰਨਾਥ ਯਾਤਰਾ ਲਈ ਪੰਜਾਬ ’ਚੋਂ ਲੰਘ ਰਹੇ ਯਾਤਰੀਆਂ ਦੀ ਸੁਰੱਖਿਆ ਅਤੇ ਕੌਮਾਂਤਰੀ ਹੱਦ ਪਾਕਿਸਤਾਨ ਨੇੜਿਓਂ ਘੁਸਪੈਠ ਨੂੰ ਖਤਮ ਕਰਨਾ ਤੇ ਰੋਕਣਾ ਵਰਗੇ ਪ੍ਰਮੁੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਅਤੇ ਪੂਰੀ ਰਣਨੀਤੀ ਬਣਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ੰਭੂ ਹੱਦ ਤੋਂ ਪਠਾਨਕੋਟ ਤੱਕ ਦੇ ਛੇ ਸੈਕਟਰਾਂ ਵਿੱਚ ਵੰਡੇ ਖੇਤਰ ਨੂੰ ਸੁਰੱਖਿਆ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਠਾਨਕੋਟ ਤੋਂ ਅੰਮ੍ਰਿਤਸਰ ਦੇ ਕੌਮੀ ਮਾਰਗ ’ਤੇ ਵੀ ਵਿਸ਼ੇਸ਼ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਅਧਿਕਾਰੀਆਂ, ਸੁਰੱਖਿਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਨਜ਼ਦੀਕੀ ਤਾਲਮੇਲ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਉਹ ਵਚਨਬੱਧ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ਅਤੇ ਬੇਸ ਕੈਂਪਾਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਅਜਿਹੇ ਖੇਤਰਾਂ ’ਤੇ ਮਜ਼ਬੂਤ ​​ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

Advertisement

Advertisement
Advertisement
Author Image

joginder kumar

View all posts

Advertisement