ਪਹਿਲੇ ਪਰਵਾਸੀ ਪੰਜਾਬੀ ਮੇਅਰ ਅਮਰਜੀਤ ਮਰਵਾਹ ਦਾ ਦੇਹਾਂਤ
* ਲਾਸ ਏਂਜਲਸ ਵਿੱਚ ਲਿਆ ਆਖ਼ਰੀ ਸਾਹ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 9 ਜਨਵਰੀ
ਕੋਟਕਪੂਰਾ ਦੇ ਜੰਮਪਲ ਸਿੱਖਿਆਦਾਨੀ ਅਤੇ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਦੁਨੀਆਂ ਦੇ ਪਹਿਲੇ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਡਾ. ਅਮਰਜੀਤ ਸਿੰਘ ਮਰਵਾਹ ਦਾ ਉੱਥੇ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਡਾ. ਮਰਵਾਹ ਕਰੀਬ 50 ਸਾਲ ਪਹਿਲਾਂ ਅਮਰੀਕਾ ਗਏ ਸਨ ਤੇ ਉਨ੍ਹਾਂ ਨੇ ਉੱਥੇ ਆਪਣੇ ਸਿਰੜ ਕਰਕੇ ਖ਼ੂਬ ਤਰੱਕੀ ਕੀਤੀ। ਆਪਣੀ ਨੇਕ ਕਮਾਈ ਦੇ ਪੈਸਿਆਂ ਨਾਲ ਉਨ੍ਹਾਂ ਆਪਣੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਪਿੰਡ ਗੁਰੂ ਕੀ ਢਾਬ ਨੂੰ ਪੰਜਾਬ ਦਾ ਸਭ ਤੋਂ ਵਧੀਆ ਪਿੰਡ ਬਣਾਇਆ, ਜਿਸ ਨੂੰ ਹੁਣ ‘ਅਮਰੀਕੀ ਪਿੰਡ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਪੱਛੜੇ ਇਲਾਕੇ ਦੀਆਂ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਵਾਸਤੇ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਨਿਰੋਲ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਅਤੇ ਕਾਲਜ ਦੀ ਸਥਾਪਨਾ ਕੀਤੀ। ਡਾ. ਅਮਰਜੀਤ ਸਿੰਘ ਮਰਵਾਹ ਵੰਡ ਸਮੇਂ ਪਾਕਿਸਤਾਨ ਵਿੱਚ ਗਈਆਂ ਆਪਣੀ ਮਾਂ ਦੀਆਂ ਸਹੇਲੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਮਿਲਣ ਲਈ ਉੱਥੇ ਗਏ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪਾਕਿਸਤਾਨ ਵਿਚਲੇ ਸਕੂਲਾਂ ਵਿੱਚ ਦੱਸੀਆਂ ਘਾਟਾਂ ਨੂੰ ਪੈਸੇ ਦੇ ਕੇ ਪੂਰਾ ਕੀਤਾ। ਉਨ੍ਹਾਂ ਆਪਣੀ ਮਾਂ ਦੀਆਂ ਸਹੇਲੀਆਂ ਦੇ ਪਿੰਡ ਵਿੱਚ ਸਿਹਤ ਸਹੂਲਤਾਂ ਦੇ ਨਾਲ ਨਾਲ ਹੋਰ ਸਹੂਲਤਾਂ ਲਈ ਵੀ ਦਾਨ ਦਿੱਤਾ।
ਫਰੀਦਕੋਟ ਜ਼ਿਲ੍ਹੇ ਵਿੱਚ ਵੱਡੀ ਸਨਅਤ ਲਾਉਣ ਦੀ ਸੀ ਇੱਛਾ
ਡਾ. ਅਮਰਜੀਤ ਸਿੰਘ ਮਰਵਾਹ ਦੀ ਫਰੀਦਕੋਟ ਜ਼ਿਲ੍ਹੇ ਵਿੱਚ ਵੱਡੀ ਸਨਅਤ ਲਾਉਣ ਦੀ ਇੱਛਾ ਸੀ। ਇਸ ਮਕਸਦ ਲਈ ਉਹ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਪਿਛਲੇ ਸਮੇਂ ਦੌਰਾਨ ਲਾਸ ਏਂਜਲਸ ਵਿੱਚ ਕਈ ਮੀਟਿੰਗਾਂ ਕਰ ਚੁੱਕੇ ਸਨ। ਇੱਕ ਵਾਰ ਡਾ. ਮਰਵਾਹ ਨੇ ਇਹ ਖੁਦ ਦੱਸਿਆ ਸੀ ਕਿ ਉਹ ਫਰੀਦਕੋਟ ਜ਼ਿਲ੍ਹੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਅਜਿਹੇ ਸ਼ਖ਼ਸ ਨਹੀਂ ਮਿਲੇ ਜੋ ਇਮਾਨਦਾਰੀ ਨਾਲ ਅੱਗੇ ਲੱਗ ਕੇ ਇਲਾਕੇ ਦੀ ਤਰੱਕੀ ਵਾਸਤੇ ਪਹਿਲਕਦਮੀ ਕਰਨ। ਜਾਣਕਾਰੀ ਮੁਤਾਬਕ ਡਾ. ਅਮਰਜੀਤ ਸਿੰਘ ਮਰਵਾਹ ਨੇ ਆਪਣੇ ਪਿੰਡ ਨੂੰ ਸੁੰਦਰਗ੍ਰਾਮ ਬਣਾਉਣ ਅਤੇ ਇਲਾਕੇ ਵਿੱਚ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਕਾਲਜ ਬਣਾਉਣ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਪਿਛਲੇ ਸਮੇਂ ਦੌਰਾਨ 180 ਕਰੋੜ ਰੁਪਏ ਦੇ ਕਰੀਬ ਦਾਨ ਦਿੱਤਾ ਪਰ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ।
ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਨਤਾਰ ਸਿੰਘ ਬਰਾੜ ਨੇ ਡਾ. ਅਮਰਜੀਤ ਸਿੰਘ ਮਰਵਾਹ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡਾ. ਅਮਰਜੀਤ ਸਿੰਘ ਮਰਵਾਹ ਦਾ ਸ਼ਰਧਾਂਜਲੀ ਸਮਾਗਮ ਕੋਟਕਪੂਰਾ ਵਿੱਚ ਵੀ ਰੱਖਿਆ ਜਾਵੇਗਾ ਜਿਥੇ ਉਨ੍ਹਾਂ ਦੀਆਂ ਦੇਸ਼ ਦੁਨੀਆ ਦੇ ਨਾਲ ਨਾਲ ਆਪਣੇ ਇਲਾਕੇ ਨੂੰ ਦਿੱਤੀਆਂ ਸੇਵਾਵਾਂ ਬਾਰੇ ਯਾਦ ਕੀਤਾ ਜਾਵੇਗਾ।