ਅਮਨਦੀਪ ਜੌਹਲ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ ਦੇ ਸੀਈਓ ਨਿਯੁਕਤ
ਨਵੀਂ ਦਿੱਲੀ, 13 ਨਵੰਬਰ
ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਨੇ ਅੱਜ ਅਮਨਦੀਪ ਜੌਹਲ ਨੂੰ ਆਪਣਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਜਨਵਰੀ 2025 ਤੋਂ ਅਹੁਦਾ ਸੰਭਾਲਣਗੇ। ਜੌਹਲ ਕੋਲ ਇਸ ਖੇਡ ਦਾ ਕਾਫੀ ਤਜਰਬਾ ਹੈ। ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਇਸ ਸਾਲ ਜੂਨ ਵਿੱਚ ਪੀਜੀਟੀਆਈ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਜੌਹਲ ਉੱਤਮ ਸਿੰਘ ਮੁੰਡੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਤੋਂ ਬਾਅਦ ਸੰਸਥਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜੌਹਲ ਦੀ ਸੀਈਓ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਕਪਿਲ ਦੇਵ ਨੇ ਕਿਹਾ, ‘ਅਮਨਦੀਪ ਲਗਪਗ 34 ਸਾਲਾਂ ਤੋਂ ਭਾਰਤੀ ਅਤੇ ਏਸ਼ਿਆਈ ਗੋਲਫ ਸਰਕਟ ਵਿੱਚ ਹਨ। ਉਹ ਪੀਜੀਟੀਆਈ ਦੀ ਅਗਵਾਈ ਕਰਨ ਲਈ ਢੁਕਵੇਂ ਹਨ। ਇਹ ਭਾਰਤ ਵਿੱਚ ਗੋਲਫ ਲਈ ਰੋਮਾਂਚਕ ਸਮਾਂ ਹੈ ਅਤੇ ਅਮਨਦੀਪ ਦੀ ਅਗਵਾਈ ਹੇਠ ਪੀਜੀਟੀਆਈ ਭਾਰਤ ਅਤੇ ਦੁਨੀਆ ਭਰ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਲਈ ਉਤਸਾਹਿਤ ਹੈ।’
ਜੌਹਲ 1985 ਵਿੱਚ ਜੂਨੀਅਰ ਭਾਰਤੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ 1989 ਵਿੱਚ ਨੈਸ਼ਨਲ ਅਮੈਚਿਓਰ ਚੈਂਪੀਅਨ ਬਣ ਕੇ ਉੱਭਰੇ ਸਨ। ਉਨ੍ਹਾਂ ਕੋਲ ਖਿਡਾਰੀ ਅਤੇ ਕੋਚ ਵਜੋਂ ਚੰਗਾ ਤਜਰਬਾ ਹੈ। ਉਹ ਪੀਜੀਟੀਆਈ ਦੇ ਬੋਰਡ ਮੈਂਬਰ ਅਤੇ ਏਸ਼ਿਆਈ ਟੂਰ ਦੇ ਬਾਨੀ ਮੈਂਬਰ ਵੀ ਹਨ। ਉਨ੍ਹਾਂ ਕਿਹਾ, “ਮੈਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਪੀਜੀਟੀਆਈ ਦਾ ਧੰਨਵਾਦ। ਮੈਂ ਨਵੀਂ ਭੂਮਿਕਾ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਹਾਂ। ਇਹ ਮੇਰੇ ਗੋਲਫ ਕਰੀਅਰ ਦੀ ਸਭ ਤੋਂ ਅਹਿਮ ਭੂਮਿਕਾ ਹੈ।’