ਅਮਨ ਅਰੋੜਾ ਦਾ ਬਹੁਮੰਤਵੀ ਤਿਲੰਗਾਨਾ ਦੌਰਾ ਸਮਾਪਤ
ਚੰਡੀਗੜ੍ਹ, 17 ਨਵੰਬਰ
ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਆਈਟੀ, ਇਨੋਵੇਸ਼ਨ ਅਤੇ ਟੈਕਨਾਲੋਜੀ-ਅਧਾਰਿਤ ਪੁਲੀਸਿੰਗ ਦੇ ਖੇਤਰ ਵਿੱਚ ਤਿਲੰਗਾਨਾ ਸੂਬੇ ਵੱਲੋਂ ਚੁੱਕੇ ਕਦਮਾਂ ਦੀ ਪੜਚੋਲ ਕਰਨ ਲਈ ਹੈਦਰਾਬਾਦ ਦਾ ਅਧਿਐਨ ਦੌਰਾ ਕੀਤਾ। ਇਸ ਦੌਰੇ ਦੌਰਾਨ ਸ੍ਰੀ ਅਰੋੜਾ ਦੇ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ ਵੀ ਸੀ। ਉਨ੍ਹਾਂ ਨੇ ਤਿਲੰਗਾਨਾ ਦੀਆਂ ਕੁਸ਼ਲ ਸੇਵਾ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਿਟੀਜ਼ਨ ਸਰਵਿਸ ਡਿਲੀਵਰੀ ਸੈਂਟਰ 'ਮੀਸੇਵਾ' ਤੋਂ ਆਪਣਾ ਦੌਰਾ ਸ਼ੁਰੂ ਕੀਤਾ। ਉਨ੍ਹਾਂ ਨੇ ਸੂਬੇ ਦੀਆਂ ਆਈਟੀ ਪਹਿਲਕਦਮੀਆਂ, ਉਭਰਦੀਆਂ ਤਕਨੀਕਾਂ, ਡਾਟਾ ਸੈਂਟਰ ਦੇ ਸੰਚਾਲਨ ਅਤੇ ਏਆਈ/ਐੱਮਐੱਲ/ਬਲੌਕ ਚੇਨ, ਬਿੱਗ ਡਾਟਾ ਨੂੰ ਲਾਗੂ ਕਰਨ ਦੀ ਘੋਖ ਕੀਤੀ।
ਇਸ ਤੋ ਇਲਾਵਾ ਉਨ੍ਹਾਂ ਨੇ ਤਿਲੰਗਾਨਾ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵਰਤੀਆਂ ਰਣਨੀਤੀਆਂ ਬਾਰੇ ਘੋਖ ਕੀਤੀ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਨੀਤੀਆਂ ਅਤੇ ਬੁਨਿਆਦੀ ਢਾਂਚੇ ਦਾ ਮੁਲਾਂਕਣ ਕੀਤਾ। ਪ੍ਰਸ਼ਾਸਨ ਵਿੱਚ ਤਕਨਾਲੋਜੀ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਲੈਣ ਲਈ ਸ੍ਰੀ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਦੇਖਿਆ ਕਿ ਕਿਵੇਂ ਹੈਦਰਾਬਾਦ ਪੁਲੀਸ ਨਾਗਰਿਕਾਂ ਦੇ ਜੀਵਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਕਾਨੂੰਨ ਤੇ ਵਿਵਸਥਾ ਬਰਕਰਾਰ ਰੱਖਣ ਲਈ ਤਕਨਾਲੋਜੀ ਦੀ ਵਰਤੋਂ ਕਰਦੀ ਹੈ।
ਪੰਜਾਬ ਵਿੱਚ ਆਈਟੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਟੈਕ ਮਹਿੰਦਰਾ, ਗਰੀਨ ਗੋਲ਼ਡ ਐਨੀਮੇਸ਼ਨ ਨਾਲ ਵਿਚਾਰ ਵਟਾਂਦਰਾ ਕੀਤਾ।
ਵਫ਼ਦ ਨੇ ਅੱਜ ਆਪਣਾ ਦੌਰਾ ਸਮਾਪਤ ਕਰਕੇ ਪੰਜਾਬ ਵਿੱਚ ਆਈਟੀ ਖੇਤਰ ਦੇ ਵਿਕਾਸ, ਨਵੀਨਤਮ ਖੋਜਾਂ ਅਤੇ ਤਕਨਾਲੋਜੀ-ਅਧਾਰਿਤ ਪ੍ਰਸ਼ਾਸਨ ਲਈ ਸਿਫ਼ਾਰਸ਼ਾਂ ਦੀ ਰੂਪ ਰੇਖਾ ਦਰਸਾਉਂਦੀ ਵਿਆਪਕ ਰਿਪੋਰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਪੇਸ਼ ਕਰਨ ਲਈ ਤਿਆਰ ਕੀਤੀ। ਜਲਵਾਯੂ ਪਰਿਵਰਤਨ ਗੰਭੀਰਤਾ ਨੂੰ ਉਜਾਗਰ ਕਰਦਿਆਂ ਮੰਤਰੀ ਅਤੇ ਉਨ੍ਹਾਂ ਦੇ ਵਫ਼ਦ ਨੇ ਜਲਵਾਯੂ ਪਰਿਵਰਤਨ ਸਬੰਧੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸੰਭਾਵੀ ਸਹਿਯੋਗ ਦੀ ਪੜਚੋਲ ਕਰਨ ਲਈ ਇੰਡੀਅਨ ਸਕੂਲ ਆਫ਼ ਬਜਿ਼ਨਸ (ਆਈਐੱਸਬੀ), ਹੈਦਰਾਬਾਦ ਕੈਂਪਸ ਦਾ ਦੌਰਾ ਕੀਤਾ। ਹੈਦਰਾਬਾਦ ਦਾ ਦੌਰਾ ਕਰਨ ਵਾਲੇ ਪੰਜਾਬ ਸਰਕਾਰ ਦੇ ਵਫ਼ਦ ਵਿੱਚ ਸੀਨੀਅਰ ਮੈਨੇਜਰ ਪ੍ਰਸ਼ਾਸ਼ਕੀ ਸੁਧਾਰ ਮਨੂਜ ਸਿਆਲ, ਜਨਰਲ ਮੈਨੇਜਰ ਵਿਨੇਸ਼ ਗੌਤਮ, ਜਨਰਲ ਮੈਨੇਜਰ ਚਰਨਜੀਤ ਸਿੰਘ, ਜੁਆਇੰਟ ਡਾਇਰੈਕਟਰ ਉਦਯੋਗ ਦੀਪਇੰਦਰ ਢਿੱਲੋਂ, ਐੱਸਟੀਪੀਆਈ ਮੁਹਾਲੀ ਦੇ ਡਾਇਰੈਕਟਰ ਅਜੈ ਸ੍ਰੀਵਾਸਤਵਾ ਸ਼ਾਮਲ ਸਨ।