ਅਮਨ ਅਰੋੜਾ ਨੇ ਡੇਢ ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਸ਼ੁਰੂ ਕਰਵਾਏ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ
ਇੱਥੋਂ ਦੇ ਬਖਸ਼ੀਵਾਲਾ ਰੋਡ ’ਤੇ ਬਣੇ ਕੂੜਾ ਡੰਪ ਨੂੰ ਸਾਫ਼ ਕਰਨ ਲਈ ਚੱਲ ਰਹੀ ਪ੍ਰਕਿਰਿਆ ਦੇ ਨਾਲ ਹੀ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਹੋਰ ਅਹਿਮ ਉਪਰਾਲਾ ਕਰਦੇ ਹੋਏ ਕੂੜਾ ਡੰਪ ਦੇ ਆਲੇ ਦੁਆਲੇ ਚਾਰਦੀਵਾਰੀ ਬਣਾਉਣ ਦੀ ਪ੍ਰਕਿਰਿਆ ਦਾ ਅੱਜ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੂੜਾ ਡੰਪ ਦਾ ਯੋਗ ਨਿਪਟਾਰਾ ਕਰਨ ਦੇ ਨਾਲ ਹੀ ਡੰਪ ਦੇ ਕੂੜੇ ਦੇ ਇਧਰ ਉਧਰ ਖਿੱਲਰਨ ਨਾਲ ਗੰਦਗੀ ਫੈਲਣ ਦੀਆਂ ਸੰਭਾਵਨਾਵਾਂ ਨੂੰ ਸਥਾਈ ਤੌਰ ਉਤੇ ਖਤਮ ਕਰਨ ਲਈ ਇਸ ਡੰਪ ਦੇ ਆਲੇ ਦੁਆਲੇ ਚਾਰਦੀਵਾਰੀ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਸੜਕਾਂ ’ਤੇ ਭਵਿੱਖ ਵਿੱਚ ਕਿਸੇ ਵੀ ਕਿਸਮ ਦਾ ਕੂੜਾ ਨਾ ਫੈਲ ਸਕੇ। ਅਮਨ ਅਰੋੜਾ ਨੇ ਕਿਹਾ ਕਿ ਇਸ ਡੰਪ ਦੇ ਆਲੇ ਦੁਆਲੇ ਚਾਰਦੀਵਾਰੀ ਉਸਾਰਨ, ਸ਼ੈੱਡਾਂ ਦੀ ਉਸਾਰੀ, ਸ਼ਹਿਰ ਵਿੱਚ ਪਖਾਨਿਆਂ ਦੇ ਨਿਰਮਾਣ ਦੇ ਨਾਲ ਨਾਲ ਸਾਫ-ਸਫਾਈ ਸਮੇਤ ਹੋਰਨਾਂ ਲੋੜੀਂਦੀਆਂ ਸੁਵਿਧਾਵਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ 1.48 ਕਰੋੜ ਰੁਪਏ ਦੇ ਪ੍ਰਾਜੈਕਟ ਅੱਜ ਆਰੰਭ ਕਰ ਦਿੱਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦਿਆਂ ਸ਼ਹਿਰ ਵਾਸੀਆਂ ਨੂੰ ਦਰਪੇਸ਼ ਹਰ ਮੁਸ਼ਕਿਲ ਦੇ ਸਥਾਈ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੂੜਾ ਡੰਪ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਪਿਛਲੇ ਕਰੀਬ 2-3 ਦਹਾਕਿਆਂ ਤੋਂ ਇਹ ਕੂੜਾ ਡੰਪ ਸ਼ਹਿਰ ਵਾਸੀਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਕੂੜੇ ਵਿੱਚੋਂ ਅਤਿ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਮਿੱਟੀ ਤੇ ਪੌਲੀਥੀਨ ਦੇ ਲਿਫਾਫੇ ਵੱਖ ਵੱਖ ਕਰਵਾ ਕੇ ਹੋਰ ਉਸਾਰੂ ਕਾਰਜਾਂ ਹਿੱਤ ਵਰਤਣਯੋਗ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ ਸੀ। ਅੱਜ ਕੈਬਨਿਟ ਮੰਤਰੀ ਨੇ ਸ਼ਹਿਰ ਵਿੱਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੱਕ ਸਵਾਗਤੀ ਗੇਟ ਦਾ ਨੀਹ ਪੱਥਰ ਵੀ ਰੱਖਿਆ। ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ, ਮੁਕੇਸ਼ ਜਨੇਜਾ ਚੇਅਰਮੈਨ ਮਾਰਕੀਟ ਕਮੇਟੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ।