ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ‘ਆਪ’ ਦੀ ਕਮਾਨ ਅਮਨ ਅਰੋੜਾ ਹਵਾਲੇ

06:31 AM Nov 23, 2024 IST
ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਹੋਏ ‘ਆਪ’ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਨਵੰਬਰ
ਆਮ ਆਦਮੀ ਪਾਰਟੀ ਨੇ ਪੰਜਾਬ ਇਕਾਈ ’ਚ ਆਗਾਮੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ‘ਆਪ’ ਦੀ ਕਮਾਨ ਸੌਂਪ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਹੁਣ ਅਮਨ ਅਰੋੜਾ ਲੈਣਗੇ, ਜਿਨ੍ਹਾਂ ਨੂੰ ਪੰਜਾਬ ’ਚ ਵੱਡਾ ਹਿੰਦੂ ਚਿਹਰਾ ਹੋਣ ਦੇ ਮੱਦੇਨਜ਼ਰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਵਿਧਾਇਕ ਬੁੱਧ ਰਾਮ ਦੀ ਥਾਂ ਲੈਣਗੇ। ਮੁੱਖ ਮੰਤਰੀ ਨੇ ਅੱਜ ਖ਼ੁਦ ਇਨ੍ਹਾਂ ਦੋਵੇਂ ਆਗੂਆਂ ਨੂੰ ਪਾਰਟੀ ਦੀ ਨਵੀਂ ਜ਼ਿੰਮੇਵਾਰੀ ਸੌਂਪੀ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਜਨਵਰੀ 2017 ਵਿੱਚ ‘ਆਪ’ ਦੇ ਪ੍ਰਧਾਨ ਬਣਾਏ ਗਏ ਸਨ ਅਤੇ ਪਾਰਟੀ ਨੇ 12 ਜੂਨ 2023 ਨੂੰ ਵਿਧਾਇਕ ਬੁੱਧ ਰਾਮ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਮੁੱਖ ਮੰਤਰੀ ਨੇ 27 ਅਕਤੂਬਰ ਨੂੰ ਚੱਬੇਵਾਲ ’ਚ ਚੋਣ ਪ੍ਰਚਾਰ ਦੌਰਾਨ ‘ਆਪ’ ਦੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਪਾਰਟੀ ਨੇ ਸੂਬੇ ਵਿਚ ਹਿੰਦੂ ਵੋਟਰਾਂ ਨੂੰ ਖਿੱਚਣ ਲਈ ਪ੍ਰਮੁੱਖ ਹਿੰਦੂ ਚਿਹਰਾ ਹੋਣ ਕਰਕੇ ਅਮਨ ਅਰੋੜਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਭਾਜਪਾ ਵੱਲੋਂ ਹਿੰਦੂ ਭਾਈਚਾਰੇ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਠੱਲ੍ਹਣ ਲਈ ‘ਆਪ’ ਨੇ ਇਹ ਪੈਂਤੜਾ ਵਰਤਿਆ ਹੈ। ਦਸੰਬਰ ਵਿਚ ਸੂਬੇ ਦੀਆਂ 42 ਨਗਰ ਕੌਂਸਲਾਂ ਅਤੇ ਪੰਜ ਨਗਰ ਨਿਗਮਾਂ ਦੀ ਚੋਣ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸ਼ਹਿਰੀ ਚੋਣਾਂ ਤੋਂ ਪਹਿਲਾਂ ਅਮਨ ਅਰੋੜਾ ਨੂੰ ‘ਆਪ’ ਦੀ ਅਗਵਾਈ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ‘ਆਪ’ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ਵਿਚ ਅਮਨ ਅਰੋੜਾ ਬਾਰੇ ਅੰਤਿਮ ਫ਼ੈਸਲਾ ਲਿਆ ਗਿਆ ਹੈ। ‘ਆਪ’ ਨੇ ਮਾਝੇ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਸ਼ੈਰੀ ਕਲਸੀ ਨੂੰ ਅੱਗੇ ਲਾਇਆ ਹੈ। ਪਤਾ ਲੱਗਾ ਹੈ ਕਿ ‘ਆਪ’ ਦੇ ਸੀਨੀਅਰ ਲੀਡਰਸ਼ਿਪ ਦੀ ਸਮਝ ਸੀ ਕਿ ਪਾਰਟੀ ਦੇ ਵਾਲੰਟੀਅਰਾਂ ਤੇ ਆਗੂਆਂ ਵਿਚ ਕੁੱਝ ਸਮੇਂ ਤੋਂ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਇਸ ਨੂੰ ਦੂਰ ਕਰਨ ਲਈ ਨਵੇਂ ਕਦਮ ਚੁੱਕੇ ਗਏ ਹਨ। ਪਾਰਟੀ ਲੀਡਰਸ਼ਿਪ ਇਸ ਗੱਲੋਂ ਸੰਤੁਸ਼ਟ ਸੀ ਕਿ ਪੰਜਾਬ ਵਿਚ ਦਲਿਤ ਭਾਈਚਾਰੇ ’ਚੋਂ ਕੈਬਨਿਟ ਵਿਚ ਛੇ ਮੰਤਰੀ ਹਨ ਅਤੇ ਮੁੱਖ ਮੰਤਰੀ ਦਾ ਅਹੁਦਾ ਜੱਟ ਸਿੱਖ ਕੋਲ ਹੈ। ਅਮਨ ਅਰੋੜਾ ਤੇ ਸ਼ੈਰੀ ਕਲਸੀ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।

Advertisement

‘ਆਪ’ ਨੇ ‘ਬਦਲਾਅ’ ਲਿਆਂਦਾ

‘ਆਪ’ ਨੇ ਪਾਰਟੀ ਪ੍ਰਧਾਨ ਦੀ ਨਿਯੁਕਤੀ ਦੇ ਨਾਲ ਕਾਰਜਕਾਰੀ ਪ੍ਰਧਾਨ ਲਾ ਕੇ ਪੰਜਾਬ ਦੀ ਸਿਆਸਤ ਵਿਚ ਨਵਾਂ ਬਦਲਾਅ ਕੀਤਾ ਹੈ। ਆਮ ਤੌਰ ’ਤੇ ਸਿਆਸੀ ਪਾਰਟੀਆਂ ਵੱਲੋਂ ਹੁਣ ਤੱਕ ਪਾਰਟੀ ਪ੍ਰਧਾਨ ਦੇ ਨਾਲ ਉਪ ਪ੍ਰਧਾਨ ਤਾਂ ਲਾਏ ਜਾਂਦੇ ਰਹੇ ਹਨ ਪਰ ਕਿਸੇ ਨਵੇਂ ਪ੍ਰਧਾਨ ਦੀ ਨਿਯੁਕਤੀ ਨਾਲ ਕਾਰਜਕਾਰੀ ਪ੍ਰਧਾਨ ਕਦੇ ਨਹੀਂ ਲਾਇਆ ਗਿਆ।

ਮੁੱਖ ਮੰਤਰੀ ਨੇ ਨਵੇਂ ਆਗੂਆਂ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਆਗੂ ਸੰਗਠਨ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਗੇ ਅਤੇ ਪੰਜਾਬ ਵਿਚ ‘ਆਪ’ ਦੀ ਮਜ਼ਬੂਤੀ ਲਈ ਕੰਮ ਕਰਨਗੇ। ਅੱਜ ਮੁੱਖ ਮੰਤਰੀ ਨੇ ਦੋਵੇਂ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਜ਼ਾਹਿਰ ਕੀਤਾ ਕਿ ਨਵੇਂ ਆਗੂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਦੋਵੇਂ ਆਗੂਆਂ ਨੂੰ ਵਧਾਈ ਦਿੱਤੀ ਹੈ।

Advertisement

Advertisement