ਅਲੂਮਨੀ ਮੀਟ: ਵਿਦਿਆਰਥਣਾਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ. 3 ਜਨਵਰੀ
ਇਥੇ ਆਰੀਆ ਕੰਨਿਆ ਕਾਲਜ ਵਿੱਚ ਅੱਜ ਸਾਬਕਾਂ ਵਿਦਿਆਰਥੀਆਂ ਦੀ ਮਿਲਣੀ ਲਈ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਇਕ ਦੂਜੇ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਸਮਾਗਮ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਸਵਿਤਾ ਰਾਣੀ ਸਹਾਇਕ ਪ੍ਰੋਫੈਸਰ ਰਾਜੀਵ ਗਾਂਧੀ ਗੌਰਮਿੰਟ ਕਾਲਜ ਸਾਹਾ, ਕਾਲਜ ਪ੍ਰਬੰਧਕ ਸੀਮਿਤੀ ਦੇ ਮੈਂਬਰਾ, ਰਾਮ ਲਾਲ ਗੁਪਤਾ, ਵਿਸ਼ਣੂ ਭਗਵਾਨ ਗੁਪਤਾ, ਕਾਲਜ ਪ੍ਰਿੰਸੀਪਲ ਆਰਤੀ ਤਰੇਹਨ, ਯਾਦਾਂ ਅਲੂਮਨੀ ਐਸੋਸੀਏਸ਼ਨ ਸੈੱਲ ਦੀ ਪ੍ਰਬੰਧਕ ਸਿਮਰਜੀਤ ਕੌਰ ਨੇ ਕੀਤਾ। ਸੈੱਲ ਦੀ ਪ੍ਰਬੰਧਕ ਸਿਮਰਜੀਤ ਕੌਰ ਨੇ ਮੁੱਖ ਮਹਿਮਾਨਾਂ ਤੇ ਸਾਬਕਾ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਇਕ ਅਜਿਹਾ ਮੰਚ ਹੈ, ਜਿੱਥੇ ਸਾਰੇ ਆਪਣੀਆਂ ਯਾਦਾਂ ਨੂੰ ਤਾਜ਼ਾ ਕਰ ਸਕਦੇ ਹਨ, ਆਪਣੇ ਤਜਰਬੇ ਸਾਂਝੇ ਕਰ ਸਕਦੇ ਹਨ ਤੇ ਕਾਲਜ ਪ੍ਰਤੀ ਆਪਣੀ ਲਗਨ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਕਾਲਜ ਪ੍ਰਿੰਸੀਪਲ ਆਰਤੀ ਤਰੇਹਨ ਨੇ ਸਾਬਕਾ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਵਿਦਿਆਲਿਆ ਹਮੇਸ਼ਾ ਹੀ ਮਹਿਲਾਵਾਂ ਦੇ ਸ਼ਸ਼ਕਤੀਕਰਨ ਤੇ ਉੱਚ ਸਿਖਿਆ ਲਈ ਸਮਰਪਿਤ ਰਿਹਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਪਤਾ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਸਵਿਤਾ ਰਾਣੀ ਨੇ ਵਿਦਿਆਰਥਣਾਂ ਨੂੰ ਸਮੇਂ ਦੇ ਹਾਣੀ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸੁਪਨੇ ਉਦੋਂ ਹੀ ਪੂਰੇ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਲਈ ਮਿਹਨਤ ਕਰਦੇ ਹਾਂ। ਉਨ੍ਹਾਂ ਕਿਹਾ ਸਫ਼ਲਤਾ ਦਾ ਕੋਈ ਸ਼ਾਰਟ ਕੱਟ ਨਹੀਂ ਹੁੰਦਾ ਪਰ ਤੁਹਾਡੀ ਲਗਨ ਤੇ ਹੌਸਲਾ ਨਿਸ਼ਚਤ ਤੌਰ ’ਤੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਜਾਏਗਾ। ਸਮਾਗਮ ਵਿੱਚ ਸਾਬਕਾ ਵਿਦਿਆਰਥਣਾਂ ਨੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਝਾਂ ਕੀਤੀਆਂ ਤੇ ਵਰਤਮਾਨ ਵਿਦਿਆਰਥਣਾਂ ਨਾਲ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਾਝਾਂ ਕੀਤਾ। ਸਮਾਗਮ ਵਿੱਚ ਵਿਦਿਆਰਥਣਾਂ ਨੇ ਕਈ ਸਭਿਅਚਾਰਕ ਪੇਸ਼ਕਾਰੀਆਂ ਕੀਤੀਆਂ, ਜਿਨਾਂ ਵਿੱਚ ਨ੍ਰਿੱਤ, ਗਾਇਨ, ਕਵਿਤਾਵਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਕਾਲਜ ਦਾ ਡਿਗਰੀ ਵੰਡ ਸਮਾਗਮ ਅੱਜ
ਸਥਾਨਕ ਆਰੀਆ ਕੰਨਿਆ ਕਾਲਜ ਦਾ ਡਿਗਰੀ ਵੰਡ ਸਮਾਗਮ 4 ਜਨਵਰੀ ਨੂੰ ਕਾਲਜ ਦੇ ਆਡੀਟੋਰੀਅਮ ਵਿਚ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪ੍ਰੰਸੀਪਲ ਡਾ. ਆਰਤੀ ਤਰੇਹਨ ਨੇ ਦੱਸਿਆ ਕਿ ਸਮਾਗਮ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਤੇ ਵਿਦਿਆਰਥਣਾਂ ਨੂੰ ਡਿਗਰੀਆਂ ਵੰਡਣਗੇ। ਡਾ. ਆਰਤੀ ਨੇ ਦੱਸਿਆ ਕਿ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ੈਸ਼ਨ 2018,19 ਤੋਂ ਲੈ ਕੇ 2023,24 ਤੱਕ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਜਾਣੀਆਂ ਹਨ। ਸਮਾਗਮ ਤੋਂ ਪਹਿਲਾਂ ਅੱਜ ਇਸ ਦੀ ਰਿਹਰਸਲ ਕੀਤੀ ਗਈ।