ਬਦਲੇ ਵਿਆਹਾਂ ਦੇ ਰੰਗ
ਸਲੀਮ ਮੁਹੰਮਦ ਮਲਿਕ
ਸਮੇਂ ਦੀ ਕਰਵਟ ਦੇ ਨਾਲ ਨਾਲ ਜਿੱਥੇ ਬਹੁਤ ਸਾਰੇ ਹੱਥੀਂ ਕੀਤੇ ਜਾਣ ਵਾਲੇ ਕੰਮ ਮਸ਼ੀਨਾਂ ਦੁਆਰਾ ਹੋਣ ਲੱਗੇ ਹਨ, ਉੱਥੇ ਬਹੁਤ ਸਾਰੇ ਪੁਰਾਣੇ ਰੀਤੀ ਰਿਵਾਜ ਵੀ ਆਧੁਨਿਕੀਕਰਨ ਦੀ ਭੇਂਟ ਚੜ੍ਹ ਗਏ ਹਨ। ਉਨ੍ਹਾਂ ਦੀ ਥਾਂ ਬਹੁਤ ਸਾਰੇ ਨਵੇਂ ਰਿਵਾਜਾਂ ਨੇ ਲੈ ਲਈ ਹੈ। ਇਸੇ ਤਰ੍ਹਾਂ ਵਿਆਹ ਸ਼ਾਦੀਆਂ ਵਿੱਚ ਜੋ ਪੁਰਾਣੇ ਰਿਵਾਜ ਚੱਲਦੇ ਸਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਅੱਜ ਅਲੋਪ ਹੋ ਚੁੱਕੇ ਹਨ ਜਾਂ ਕੋਈ ਨਵਾਂ ਰੂਪ ਲੈ ਚੁੱਕੇ ਹਨ। ਜਦੋਂ ਕਦੇ ਉਨ੍ਹਾਂ ਪੁਰਾਣੇ ਵਿਆਹਾਂ ਦੇ ਰੰਗਾਂ ਨੂੰ ਚੇਤੇ ਕਰਦੇ ਹਾਂ ਤਾਂ ਉਨ੍ਹਾਂ ਰਿਵਾਜਾਂ ਦੀ ਠੰਢਕ ਅੱਜ ਵੀ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਉਸ ਪੁਰਾਣੇਪਣ ਵਿੱਚ ਖੋ ਜਾਣ ਦਾ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ।
ਤੀਹ-ਚਾਲੀ ਸਾਲ ਪਹਿਲਾਂ ਵਾਲੇ ਪੰਜਾਬ ਨੂੰ ਜੇ ਚੇਤੇ ਕਰੀਏ ਤਾਂ ਉਦੋਂ ਅਤੇ ਅੱਜ ਦੇ ਵਿਆਹਾਂ ਦੇ ਬਹੁਤ ਸਾਰੇ ਰਿਵਾਜ ਬਿਲਕੁਲ ਵੱਖਰੇ ਹੋ ਗਏ ਹਨ। ਵਿਆਹ ਤੋਂ ਕੁਝ ਦਿਨ ਪਹਿਲਾਂ ਭੱਠੀ ਚੜ੍ਹਨ ਦਾ ਰਿਵਾਜ ਸੀ ਜੋ ਪਿੰਡਾਂ ਵਿੱਚ ਆਮ ਹੁੰਦਾ ਸੀ। ਇਹ ਅੱਜਕੱਲ੍ਹ ਤਕਰੀਬਨ ਖ਼ਤਮ ਹੋ ਗਿਆ। ਹੁਣ ਸਭ ਕੁਝ ਤਿਆਰ ਹੀ ਮਿਲ ਜਾਂਦਾ ਹੈ। ਆਪਣੇ ਹੱਥੀਂ ਅਤੇ ਦੇਸੀ ਚੀਜ਼ਾਂ ਦੀ ਵਰਤੋਂ ਨਾਲ ਬਣੀਆਂ ਲੱਡੂ ਅਤੇ ਜਲੇਬੀਆਂ ਜਿਹੀਆਂ ਮੁੱਖ ਮਿਠਾਈਆਂ ਦੀ ਥਾਂ ਵੀ ਅੱਜਕੱਲ੍ਹ ਦੀਆਂ ਬਾਜ਼ਾਰੂ ਮਠਿਆਈਆਂ ਨੇ ਲੈ ਲਈ ਹੈ ਜਿਨ੍ਹਾਂ ਵਿੱਚ ਉਹ ਸਵਾਦ ਨਹੀਂ ਮਿਲਦਾ। ਵਿਆਹ ਤੋਂ ਪਹਿਲਾਂ ਆਉਣ ਵਾਲੇ ਮਹਿਮਾਨਾਂ ਲਈ ਮੰਜੇ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ। ਖ਼ਾਸ ਮਹਿਮਾਨਾਂ ਲਈ ਮੰਜਿਆਂ ’ਤੇ ਨਵੀਆਂ ਦਰੀਆਂ ਤੇ ਉੱਤੇ ਹੱਥ ਨਾਲ ਕੱਢੀਆਂ ਹੋਈਆਂ ਚਾਦਰਾਂ ਅਤੇ ਸਰਹਾਣੇ ਸਜਾਏ ਜਾਂਦੇ ਸਨ। ਮਹਿਮਾਨ ਵੀ ਕਈ ਦਿਨ ਦਾ ਸਮਾਂ ਕੱਢ ਕੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਉਂਦੇ ਸਨ। ਮੇਲ਼ ਲਈ ਰੋਟੀ ਖੁਆਉਣ ਲਈ ਪਿੰਡ ਵਿੱਚ ਹੀ ਰੱਖੇ ਹੋਏ ਸਾਂਝੇ ਬਰਤਨ ਇਸਤੇਮਾਲ ਕੀਤੇ ਜਾਂਦੇ ਸਨ ਜਿਸ ਨੂੰ ਪਿੰਡ ਦੀ ਬੇਲ ਕਿਹਾ ਜਾਂਦਾ ਸੀ। ਜ਼ਮੀਨ ਉੱਤੇ ਬਿਠਾ ਕੇ ਤੇ ਸਾਫ਼ ਕੱਪੜੇ ਵਿਛਾ ਕੇ ਉਸ ਉੱਤੇ ਖਾਣਾ ਖਵਾਇਆ ਜਾਂਦਾ ਸੀ। ਉਸ ਖਾਣੇ ਦਾ ਆਨੰਦ ਕੁਝ ਹੋਰ ਹੀ ਹੁੰਦਾ ਸੀ ਜੋ ਅੱਜਕੱਲ੍ਹ ਮੇਜ਼-ਕੁਰਸੀਆਂ ’ਤੇ ਬਹਿ ਕੇ ਖਾਣ ਵਿੱਚ ਨਹੀਂ ਮਿਲਦਾ। ਉਦੋਂ ਦੇ ਸਾਦਗੀ ਨਾਲ ਬਣੇ ਹੋਏ ਖਾਣੇ ਅਤੇ ਮਠਿਆਈਆਂ ਅੱਜ ਦੀਆਂ ਤਿਆਰ ਕੀਤੀਆਂ ਹੋਈਆਂ ਨਵੀਆਂ ਤੇ ਅਣਗਿਣਤ ਤਰੀਕਿਆਂ ਨਾਲ ਤਿਆਰ ਕੀਤੀਆਂ ਗਈਆਂ ਡਿਸ਼ਾਂ ਨਾਲੋਂ ਕਿਤੇ ਵੱਧ ਸੁਆਦ ਹੁੰਦੀਆਂ ਸਨ।
ਉਦੋਂ ਅੱਜਕੱਲ੍ਹ ਦੀ ਤਰ੍ਹਾਂ ਉੱਚੀ ਆਵਾਜ਼ ਵਿੱਚ ਡੀਜੇ ਨਹੀਂ ਸਨ ਵੱਜਦੇ ਸਗੋਂ ਇਸ ਦੀ ਥਾਂ ’ਤੇ ਦੋ ਮੰਜੇ ਕੋਠਿਆਂ ਦੀ ਛੱਤ ਉੱਤੇ ਖੜ੍ਹੇ ਕਰਕੇ ਉਸ ਉੱਤੇ ਇੱਕ ਲਾਊਡ ਸਪੀਕਰ ਲਗਾ ਦਿੱਤਾ ਜਾਂਦਾ ਸੀ। ਫਿਰ ਇੱਕ ਰਿਕਾਰਡ ਪਲੇਅਰ ਮਸ਼ੀਨ ਜਿਸ ਨੂੰ ਹੱਥੀਂ ਅਪਰੇਟ ਕੀਤਾ ਜਾਂਦਾ ਸੀ, ਉਸ ਨਾਲ ਲੋਕ ਗੀਤ ਵਜਾਏ ਜਾਂਦੇ ਸਨ। ਇੱਕ ਬੰਦਾ ਉਸ ਨੂੰ ਲਗਾਤਾਰ ਚਾਬੀ ਦਿੰਦਾ ਰਹਿੰਦਾ ਸੀ ਤਾਂ ਕਿ ਉਹ ਮਸ਼ੀਨ ਨਿਰੰਤਰ ਚੱਲਦੀ ਰਹੇ। ਉਦੋਂ ਸਿਰਫ਼ ਮੁਹੰਮਦ ਸਦੀਕ, ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਜਿਹੇ ਸਦਾਬਹਾਰ ਗਾਇਕ ਲੋਕਾਂ ਦਾ ਮਨਪ੍ਰਚਾਵਾ ਕਰਨ ਲਈ ਕਾਫ਼ੀ ਸਨ ਤੇ ਸੁਣਨ ਵਾਲਿਆਂ ਦੀ ਇਨ੍ਹਾਂ ਦੇ ਗੀਤਾਂ ਨਾਲ ਹੀ ਤਸੱਲੀ ਹੋ ਜਾਂਦੀ ਸੀ। ਵਿਆਹ ਵਾਲੇ ਘਰ ਦੀ ਸਜਾਵਟ ਲਈ ਲਗਾਈਆਂ ਜਾਂਦੀਆਂ ਰੰਗ ਬਿਰੰਗੀਆਂ ਪਤੰਗੀਆਂ ਦੀ ਥਾਂ ਅੱਜਕੱਲ੍ਹ ਚਾਈਨੀਜ਼ ਲਾਈਟਾਂ ਨੇ ਲੈ ਲਈ ਹੈ। ਉਦੋਂ ਇੱਕੋ ਕਿਸਮ ਦਾ ਡੱਬ ਖੜੱਬਾ ਤੇ ਰੰਗ ਬਿਰੰਗਾ ਟੈਂਟ ਵਿਆਹ ਦੀ ਨਿਸ਼ਾਨੀ ਲਈ ਕਾਫ਼ੀ ਹੁੰਦਾ ਸੀ। ਉਦੋਂ ਮੈਰਿਜ ਪੈਲੇਸਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮੁਹੱਲੇ ਦੀਆਂ ਕੁਝ ਔਰਤਾਂ ਅਤੇ ਕੁੜੀਆਂ ਵਿਆਹ ਵਾਲੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਆਟਾ ਅਤੇ ਦਾਲਾਂ ਵਗੈਰਾ ਛਾਣਨ ਆਦਿ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪੈਂਦੀਆਂ ਸਨ ।
ਉਦੋਂ ਸਿਰਫ਼ ਬੀਨਾਂ ਵਾਲਾ ਵਾਜਾ ਹੀ ਬਰਾਤ ਦੀ ਸ਼ਾਨ ਹੁੰਦਾ ਸੀ ਤੇ ਉਸ ’ਤੇ ਲੋਕ ਖ਼ੂਬ ਨੱਚਦੇ ਤੇ ਭੰਗੜੇ ਪਾਉਂਦੇ ਬਰਾਤ ਵਿੱਚ ਜਾਂਦੇ ਹੁੰਦੇ ਸਨ। ਔਰਤਾਂ ਦੁਆਰਾ ਆਏ ਮਹਿਮਾਨਾਂ ਨੂੰ ਸਿੱਠਣੀਆਂ ਰਾਹੀਂ ਵਿਅੰਗ ਕੱਸਣਾ ਵੀ ਵਿਆਹ ਦਾ ਇੱਕ ਖ਼ਾਸ ਹਿੱਸਾ ਸਮਝਿਆ ਜਾਂਦਾ ਸੀ। ਉਦੋਂ ਮਹਿਮਾਨ ਵੀ ਇਨ੍ਹਾਂ ਗੱਲਾਂ ਦਾ ਗੁੱਸਾ ਨਹੀਂ ਸਨ ਮਨਾਉਂਦੇ ਤੇ ਖੁਸ਼ੀ ਖੁਸ਼ੀ ਗੀਤਾਂ ਵਿੱਚ ਵਿਅੰਗ ਕਬੂਲ ਕਰਦੇ ਸਨ। ਨਾ ਹੀ ਉਦੋਂ ਕਿਸੇ ਨੂੰ ਵਿਆਹ ਤੋਂ ਘਰ ਵਾਪਸ ਜਾਣ ਦੀ ਜਲਦੀ ਹੁੰਦੀ ਸੀ ਤੇ ਨਾ ਹੀ ਮੇਜ਼ਬਾਨਾਂ ਨੂੰ ਆਪਣੇ ਮਹਿਮਾਨਾਂ ਨੂੰ ਜਲਦੀ ਘਰੋਂ ਭੇਜਣ ਦੀ ਕਾਹਲ ਹੁੰਦੀ ਸੀ।
ਲਾੜੀ ਦਾ ਫਾਲਤੂ ਸ਼ਿੰਗਾਰ ਕਰਨ ਲਈ ਉਨ੍ਹਾਂ ਦਿਨਾਂ ਵਿੱਚ ਬਿਊਟੀ ਪਾਰਲਰ ਜਾਣਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਹੁੰਦਾ। ਵਹੁਟੀ ਦੀ ਮੂੰਹ ਦਿਖਾਈ ਦੀ ਰਸਮ ਦਾ ਪ੍ਰੀਵੈਡਿੰਗ- ਸ਼ੂਟ ਨੇ ਸਮਝੋ ਗਲਾ ਹੀ ਘੁੱਟ ਕੇ ਰੱਖ ਦਿੱਤਾ। ਭਾਵੇਂ ਲੋਕਾਂ ਕੋਲ ਉਦੋਂ ਸਹੂਲਤਾਂ ਘੱਟ, ਪਰ ਸਮਾਂ ਜ਼ਿਆਦਾ ਹੁੰਦਾ ਸੀ। ਕੁਝ ਲੋਕ ਕੱਪੜੇ ਉਧਾਰ ਮੰਗ ਕੇ ਵੀ ਵਿਆਹ ਦੇਖ ਲੈਂਦੇ ਸਨ। ਸਟੇਟਸ ਅਤੇ ਦਿਖਾਵਾ ਨਾਂ ਦੀ ਬਿਮਾਰੀ ਨੇ ਉਦੋਂ ਲੋਕਾਂ ਦੇ ਅੰਦਰ ਜ਼ਿਆਦਾ ਘਰ ਨਹੀਂ ਸੀ ਕੀਤਾ। ਵਿਆਹਾਂ ਵਿੱਚ ਇਸ ਥੋੜ੍ਹ ਚਿਰੀ ਅਤੇ ਆਰਜ਼ੀ ਚਮਕ ਦਮਕ ਨੇ ਉਸ ਪੁਰਾਣੀ ਸਾਦਗੀ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਨ੍ਹਾਂ ਗੱਲਾਂ ਨੂੰ ਯਾਦ ਕਰਦਿਆਂ ਕਦੇ ਕਦੇ ਉਨ੍ਹਾਂ ਪੁਰਾਣੇ ਵੇਲਿਆਂ ਵਿੱਚ ਖੋ ਜਾਣ ਨੂੰ ਬੜਾ ਦਿਲ ਕਰਦਾ ਹੈ। ਕੀ ਕਦੇ ਅਸੀਂ ਫਿਰ ਤੋਂ ਇਹ ਦਿਖਾਵੇ ਵਾਲੀ ਨਕਲੀ ਅਤੇ ਬਣਾਉਟੀ ਜ਼ਿੰਦਗੀ ਛੱਡ ਕੇ ਪਹਿਲਾਂ ਵਰਗੀ ਸਾਦੀ ਜ਼ਿੰਦਗੀ ਵੱਲ ਆਵਾਂਗੇ?
ਸੰਪਰਕ: 98147-10358