ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨਾ-ਕਣਕ ਫ਼ਸਲੀ ਚੱਕਰ ਦਾ ਬਦਲ ਦਾਲਾਂ

08:02 AM Nov 04, 2023 IST

ਹਰਪ੍ਰੀਤ ਕੌਰ ਵਿਰਕ, ਗੁਰਇਕਬਾਲ ਸਿੰਘ*

ਦੇਸ਼ ਵਿੱਚ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਾਲਾਂ ਦਾ ਰਕਬਾ ਅਤੇ ਝਾੜ ਵਧਾਉਣ ਦੀ ਜ਼ਰੂਰਤ ਹੈ। ਝੋਨਾ-ਕਣਕ ਫ਼ਸਲੀ ਪ੍ਰਣਾਲੀ ਕਾਰਨ ਜ਼ਮੀਨ ਵਿੱਚ ਛੋਟੇ ਤੱਤਾਂ ਦੀ ਘਾਟ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਚਿੰਤਾਜਨਕ ਗਿਰਾਵਟ ਅਤੇ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ। ਇਸ ਲਈ ਝੋਨਾ-ਕਣਕ ਫ਼ਸਲੀ ਪ੍ਰਣਾਲੀ ਨੂੰ ਤੋੜਨ ਦੀ ਜ਼ਰੂਰਤ ਹੈ। ਦਾਲਾਂ ਦੀ ਉਤਪਾਦਕਤਾ ਅਨਾਜ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਇਹ ਹਵਾ ਵਿੱਚੋਂ ਨਾਈਟ੍ਰੋਜਨ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੀਆਂ ਹਨ ਅਤੇ ਇਨ੍ਹਾਂ ਰਾਹੀਂ ਨਾਈਟ੍ਰੋਜਨ ਦਾ ਬਹੁਤਾ ਹਿੱਸਾ ਜ਼ਮੀਨ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਪਾਣੀ ਦੀ ਘੱਟ ਲੋੜ, ਫ਼ਸਲਾਂ ਦੀ ਉਤਪਾਦਕਤਾ ਨੂੰ ਕਾਇਮ ਰੱਖਣਾ ਅਤੇ ਵੱਧ ਪ੍ਰੋਟੀਨ ਹੋਣ ਕਰ ਕੇ ਇਨ੍ਹਾਂ ਫ਼ਸਲਾਂ ਦਾ ਬਹੁਤ ਮਹੱਤਵ ਹੈ।
ਦਾਲਾਂ ਦੀ ਪ੍ਰਤੀ ਵਿਅਕਤੀ ਉਪਲਬਧਤਾ ਸਿਰਫ 17.5 ਕਿਲੋ ਪ੍ਰਤੀ ਸਾਲ ਹੈ ਜਦੋਂਕਿ ਜ਼ਰੂਰਤ 22 ਕਿਲੋ ਪ੍ਰਤੀ ਸਾਲ ਹੈ। ਦਾਲਾਂ ਦੀ ਸਵੈ-ਨਿਰਭਰਤਾ ਤੱਕ ਪਹੁੰਚਣ ਲਈ, ਭਾਰਤ ਨੂੰ 2030 ਤੱਕ 32 ਮਿਲੀਅਨ ਟਨ ਦਾਲਾਂ ਪੈਦਾ ਕਰਨ ਦੀ ਜ਼ਰੂਰਤ ਹੈ, ਜਦੋਂਕਿ ਸਾਡਾ ਮੌਜੂਦਾ ਉਤਪਾਦਨ ਸਿਰਫ਼ ਤਕਰੀਬਨ 23 ਮਿਲੀਅਨ ਟਨ ਹੈ। ਜਦੋਂ ਤੱਕ ਦਾਲਾਂ ਦੀ ਉਤਪਾਦਕਤਾ ਨਹੀਂ ਵਧਦੀ ਉਦੋਂ ਤੱਕ ਭਾਰਤ ਵਿਸ਼ਵ ਪੱਧਰ ’ਤੇ ਮੁਕਾਬਲਾ ਨਹੀਂ ਕਰ ਪਾਵੇਗਾ। ਛੋਲੇ ਅਤੇ ਮਸਰ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਹਾੜ੍ਹੀ ਦੀਆਂ ਮਹੱਤਵਪੂਰਨ ਦਾਲਾਂ ਹਨ।
ਉੱਨਤ ਕਿਸਮਾਂ: ਦਾਲਾਂ ਦਾ ਵੱਧ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਉੱਨਤ ਕਿਸਮਾਂ ਦੀ ਬਜਿਾਈ ਕਰਨੀ ਚਾਹੀਦੀ ਹੈ। ਪੀ ਬੀ ਜੀ 10, ਪੀ ਬੀ ਜੀ 8, ਪੀ ਬੀ ਜੀ 7, ਪੀ ਬੀ ਜੀ 5, ਜੀ ਪੀ ਐਫ 2 ਅਤੇ ਪੀ ਡੀ ਜੀ 4 ਦੇਸੀ ਅਤੇ ਐਲ 552 ਕਾਬਲੀ ਛੋਲਿਆਂ ਦੀਆਂ ਸਿਫ਼ਾਰਸ਼ ਕਿਸਮਾਂ ਹਨ। ਪੀ ਬੀ ਜੀ 10 ਅਤੇ ਪੀ ਬੀ ਜੀ 7 ਕਿਸਮ ਪੂਰੇ ਪੰਜਾਬ ਭਰ ਵਿੱਚ, ਪੀ ਬੀ ਜੀ 5 ਸਿੱਲ੍ਹ ਵਾਲੇ ਇਲਾਕਿਆਂ (ਅੰਮ੍ਰਤਿਸਰ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ) ਅਤੇ ਐਲ 552, ਪੀ ਬੀ ਜੀ 8, ਜੀ ਪੀ ਐਫ 2 ਅਤੇ ਪੀ ਡੀ ਜੀ 4, ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਸੂਬੇ ਵਿੱਚ ਬੀਜੀ ਜਾ ਸਕਦੀ ਹੈ। ਪੀ ਬੀ ਜੀ 8, ਪੀ ਬੀ ਜੀ 7, ਪੀ ਬੀ ਜੀ 5, ਜੀ ਪੀ ਐਫ 2 ਅਤੇ ਐਲ 552 ਦੀ ਬਜਿਾਈ ਸੇਂਜੂ ਹਾਲਤਾਂ ਵਿੱਚ ਅਤੇ ਪੀ ਡੀ ਜੀ 4 ਕਿਸਮ ਦੀ ਬਜਿਾਈ ਬਰਾਨੀ ਹਾਲਤਾਂ ਵਿੱਚ ਕਰਨੀ ਚਾਹੀਦੀ ਹੈ। ਛੋਲਿਆਂ ਦੀ ਕਿਸਮ ਐਲ 552 ਕਾਬਲੀ ਹੈ ਅਤੇ ਬਾਕੀ ਦੇਸੀ ਛੋਲਿਆਂ ਦੀਆਂ ਕਿਸਮਾਂ ਹਨ। ਮਸਰਾਂ ਵਿੱਚ ਐਲ ਐਲ 1373 ਅਤੇ ਐਲ ਐਲ 931 ਸਿਫ਼ਾਰਸ਼ ਕਿਸਮਾਂ ਹਨ। ਇਹ ਕਿਸਮਾਂ ਸਾਰੇ ਪੰਜਾਬ ਵਿੱਚ ਬੀਜੀਆਂ ਜਾ ਸਕਦੀਆਂ ਹਨ।
ਸਮੇਂ ਸਿਰ ਬਜਿਾਈ: ਸਿਫ਼ਾਰਸ਼ ਸਮੇਂ ਤੋਂ ਅਗੇਤੀ ਜਾਂ ਪਿਛੇਤੀ ਬਜਿਾਈ ਕਰਨ ਨਾਲ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਇਸ ਲਈ ਬਜਿਾਈ ਹਮੇਸ਼ਾ ਸਮੇਂ ਸਿਰ ਕਰਨੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਦੇਸੀ ਅਤੇ ਕਾਬਲੀ ਛੋਲੇ 25 ਅਕਤੂਬਰ ਤੋਂ 10 ਨਵੰਬਰ ਤੱਕ ਬੀਜ ਲੈਣੇ ਚਾਹੀਦੇ ਹਨ ਅਤੇ ਬਰਾਨੀ ਹਾਲਤਾਂ ਵਿੱਚ ਦੇਸੀ ਛੋਲਿਆਂ ਦੀ ਬਜਿਾਈ 10 ਤੋਂ 25 ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ। ਪੰਜਾਬ ਦੇ ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮਸਰਾਂ ਦੀ ਬਜਿਾਈ ਅਖੀਰ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰ ਲੈਣੀ ਚਾਹੀਦੀ ਹੈ। ਸਿੱਲ੍ਹ ਵਾਲੇ ਇਲਾਕਿਆਂ ਵਿੱਚ ਇਹ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜੇ ਜਾ ਸਕਦੇ ਹਨ।
ਬੀਜ ਦੀ ਮਾਤਰਾ ਅਤੇ ਬਜਿਾਈ ਦਾ ਢੰਗ: ਦੇਸੀ ਛੋਲਿਆਂ ਦੀ ਬਜਿਾਈ ਲਈ ਪੀ ਬੀ ਜੀ 10 ਕਿਸਮ ਦਾ 30 ਕਿਲੋ, ਪੀ ਬੀ ਜੀ 5 ਕਿਸਮ ਦਾ 24 ਕਿਲੋ ਅਤੇ ਬਾਕੀ ਕਿਸਮਾਂ ਦਾ 15-18 ਕਿਲੋ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਦੇਸੀ ਛੋਲੇ (ਪੀ ਬੀ ਜੀ 5 ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ) ਨਵੰਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜਣ ਲਈ 27 ਕਿਲੋ ਅਤੇ ਦਸੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਣ ਲਈ 36 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ। ਜੇ ਬੀਜ ਦੀ ਮਾਤਰਾ ਪਿਛੇਤੀ ਬਜਿਾਈ ਸਮੇਂ ਨਹੀਂ ਵਧਾਵਾਂਗੇ ਤਾਂ ਬੂਟਿਆਂ ਦੀ ਗਿਣਤੀ, ਵਾਧਾ ਅਤੇ ਝਾੜ ’ਤੇ ਬਹੁਤ ਮਾੜਾ ਅਸਰ ਪਵੇਗਾ। ਮਸਰਾਂ ਦੀ ਬਜਿਾਈ ਲਈ ਐਲ ਐਲ 1373 ਕਿਸਮ ਲਈ 18 ਕਿਲੋ ਅਤੇ ਐਲ ਐਲ 931 ਲਈ 12-15 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।
ਛੋਲਿਆਂ ਨੂੰ 30 ਸੈਂਟੀਮੀਟਰ ਅਤੇ ਮਸਰਾਂ ਨੂੰ 22.5 ਸੈਂਟੀਮੀਟਰ ਕਤਾਰ ਤੋਂ ਕਤਾਰ ਦੀ ਦੂਰੀ ’ਤੇ ਪੋਰੇ ਨਾਲ ਜਾਂ ਡਰਿੱਲ ਨਾਲ ਬਜਿਾਈ ਕਰਨੀ ਚਾਹੀਦੀ ਹੈ। ਛੋਲਿਆਂ ਨੂੰ ਤਕਰੀਬਨ 10-12.5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਇਸ ਤੋਂ ਘੱਟ ਡੂੰਘਾਈ ’ਤੇ ਬੀਜਣ ਨਾਲ ਉਖੇੜਾ ਰੋਗ ਹੋਣ ਦਾ ਡਰ ਹੁੰਦਾ ਹੈ। ਝੋਨੇ ਵਾਲੇ ਖੇਤਾਂ ਵਿੱਚ ਭਾਰੀਆਂ ਜ਼ਮੀਨਾਂ ਵਿੱਚ ਛੋਲਿਆਂ ਦੀ ਬਜਿਾਈ 67.5 ਸੈਂਟੀਮੀਟਰ ਚੌੜੇ ਬੈੱਡ (37.5 ਸੈਂਟੀਮੀਟਰ ਬੈੱਡ ਦਾ ਉਪਰਲਾ ਹਿੱਸਾ ਅਤੇ 30 ਸੈਂਟੀਮੀਟਰ ਖ਼ਾਲੀ) ’ਤੇ ਕਰੋ ਅਤੇ ਪ੍ਰਤੀ ਬੈੱਡ ਛੋਲਿਆਂ ਦੀਆਂ ਦੋ ਕਤਾਰਾਂ ਲਾਉਣੀਆਂ ਚਾਹੀਦੀਆਂ ਹਨ। ਬੈੱਡਾਂ ਉੱਤੇ ਬਜਿਾਈ ਕਰਨ ਨਾਲ ਫ਼ਸਲ ਨੂੰ ਸਿੰਜਾਈ/ਬਾਰਸ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਝੋਨੇ ਤੋਂ ਬਾਅਦ ਜਿੱਥੇ ਖੇਤ ਜ਼ਿਆਦਾ ਗਿੱਲਾ ਹੋਣ ਕਰ ਕੇ ਚੰਗੀ ਤਰ੍ਹਾਂ ਵਾਹਿਆ ਨਾ ਜਾ ਸਕੇ, ਮਸਰਾਂ ਦੀ ਬਜਿਾਈ ਛੱਟਾ ਦੇ ਕੇ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ। ਜੇ ਬਜਿਾਈ ਪਿਛੇਤੀ ਕਰਨੀ ਹੋਵੇ ਤਾਂ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਤੋਂ ਘਟਾ ਕੇ 20 ਸੈਂਟੀਮੀਟਰ ਕੀਤਾ ਜਾ ਸਕਦਾ ਹੈ।
ਬੀਜ ਨੂੰ ਟੀਕਾ ਲਾਉਣਾ: ਬੀਜ ਬੀਜਣ ਤੋਂ ਪਹਿਲਾਂ ਢੁਕਵਾਂ ਟੀਕਾ ਲਾਉਣਾ ਚਾਹੀਦਾ ਹੈ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਛੋਲਿਆਂ ਦੇ ਬੀਜ ਨੂੰ ਮੀਜ਼ੋਰਾਈਜ਼ੋਬੀਅਮ (ਐੱਲ ਜੀ ਆਰ-33) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-1) ਦੇ ਟੀਕੇ ਦਾ ਇੱਕ-ਇੱਕ ਪੈਕੇਟ ਅਤੇ ਮਸਰਾਂ ਦੇ ਬੀਜ ਨੂੰ ਰਾਈਜ਼ੋਬੀਅਮ (ਐੱਲ ਐੱਲ ਆਰ-12) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-2) ਦੇ ਟੀਕੇ ਦਾ ਇੱਕ-ਇੱਕ ਪੈਕੇਟ ਇੱਕ ਏਕੜ ਦੇ ਬੀਜ ਨੂੰ ਲਾਉਣਾ ਚਾਹੀਦਾ ਹੈ।
ਖਾਦਾਂ: ਜ਼ਮੀਨ ਦੀ ਮਿੱਟੀ ਦੀ ਪਰਖ ਦੇ ਆਧਾਰ ’ਤੇ ਖਾਦਾਂ ਪਾਉਣੀਆਂ ਚਾਹੀਦੀਆਂ ਹਨ। ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿੱਚ ਬੂਟੇ ਦੇ ਵਿਕਾਸ ਲਈ ਦਾਲਾਂ ਵਿੱਚ ਖਾਦਾਂ ਹੇਠ ਲਿਖੇ ਅਨੁਸਾਰ ਪਾਉ। ਦੇਸੀ ਅਤੇ ਕਾਬਲੀ ਛੋਲਿਆਂ ਨੂੰ 13 ਕਿਲੋ ਯੂਰੀਆ ਅਤੇ ਮਸਰਾਂ ਨੂੰ 11 ਕਿਲੋ ਯੂਰੀਆ ਫ਼ਸਲ ਦੇ ਸ਼ੁਰੂਆਤੀ ਵਾਧੇ ਲਈ ਪਾਉਣੀ ਚਾਹੀਦੀ ਹੈ। ਦੇਸੀ ਛੋਲਿਆਂ ਨੂੰ 50 ਕਿਲੋ ਅਤੇ ਕਾਬਲੀ ਛੋਲਿਆਂ ਅਤੇ ਮਸਰਾਂ ਨੂੰ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਜਿਾਈ ਵੇਲੇ ਪਾਉਣੀ ਚਾਹੀਦੀ ਹੈ। ਜੇ ਮਸਰਾਂ ਨੂੰ ਟੀਕੇ ਲਾਏ ਹਨ ਤਾਂ 50 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਵਧੇਰੇ ਝਾੜ ਲੈਣ ਵਾਸਤੇ, ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 2 ਫ਼ੀਸਦੀ ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਛਿੜਕਾਅ ਕਰਨਾ ਚਾਹੀਦਾ ਹੈ।
ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵਧਾਉਣ ਅਤੇ ਵਧੇਰੇ ਝਾੜ ਲੈਣ ਲਈ, ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 0.5 ਫ਼ੀਸਦੀ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ (21 ਫ਼ੀਸਦੀ ਜ਼ਿੰਕ) (0.750 ਕਿਲੋ ਪ੍ਰਤੀ ਏਕੜ) 2 ਫ਼ੀਸਦੀ ਯੂਰੀਆ (3 ਕਿਲੋ ਯੂਰੀਆ ਪ੍ਰਤੀ ਏਕੜ) 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਛੋਲਿਆਂ ਅਤੇ ਮਸਰਾਂ ਵਿੱਚ ਇੱਕ ਜਾਂ ਦੋ ਗੋਡੀਆਂ ਬਜਿਾਈ ਤੋਂ 30 ਅਤੇ 60 ਦਿਨਾਂ ਬਾਅਦ ਕਰਨੀਆਂ ਚਾਹੀਦੀਆਂ ਹਨ।
ਸਿੰਜਾਈ: ਛੋਲਿਆਂ ਵਿੱਚ ਪਾਣੀ ਅੱਧ ਦਸੰਬਰ ਅਤੇ ਅੰਤ ਜਨਵਰੀ ਵਿਚਕਾਰ ਲਾਉ। ਬਜਿਾਈ ਤੋਂ ਚਾਰ ਹਫ਼ਤੇ ਤੋਂ ਪਹਿਲਾਂ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ ਹੈ। ਜੇ ਮੀਂਹ ਪੈ ਜਾਵੇ ਤਾਂ ਪਾਣੀ ਦੇਰ ਨਾਲ ਲਾਉਣਾ ਚਾਹੀਦਾ ਹੈ। ਝੋਨੇ ਤੋਂ ਪਿਛੋਂ ਪੱਧਰੀ ਬਜਿਾਈ ਨਾਲ ਬੀਜੇ ਛੋਲਿਆਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਲਾਉਣ ਨਾਲ ਛੋਲੇ ਸੁੱਕ ਜਾਂਦੇ ਹਨ। ਝੋਨੇ ਤੋਂ ਬਾਅਦ ਬੈੱਡ ’ਤੇ ਬੀਜੀ ਗਈ ਛੋਲਿਆਂ ਦੀ ਫ਼ਸਲ ਨੂੰ ਲੋੜ ਅਨੁਸਾਰ ਖਾਲ਼ੀਆਂ ਵਿੱਚ ਪਾਣੀ ਦੇ ਦੇਣਾ ਚਾਹੀਦਾ ਹੈ। ਪਿਛੇਤੀ ਬਜਿਾਈ ਵਿੱਚ ਸਿੰਜਾਈ ਬਹੁਤ ਜ਼ਰੂਰੀ ਹੈ ਕਿਉਂਕਿ ਜੜ੍ਹਾਂ ਦਾ ਵਾਧਾ ਘੱਟ ਹੁੰਦਾ ਹੈ। ਮਸਰਾਂ ਨੂੰ ਮੌਸਮ ਅਨੁਸਾਰ 1-2 ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬਜਿਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜਾ ਪਾਣੀ ਫੁੱਲਾਂ ਜਾਂ ਫ਼ਲੀਆਂ ਪੈਣ ਤੇ ਲਾਉਣਾ ਚਾਹੀਦਾ ਹੈ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ।

Advertisement

Advertisement