ਨੇਤਰਹੀਣ ਧੀ ਦੇ ਨਾਲ ਮਾਂ ਨੇ ਵੀ ਪਾਸ ਕੀਤੀ ਬੀਏ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਆਪਣੀ ਨੇਤਰਹੀਣ ਧੀ (25) ਨੂੰ ਪੜ੍ਹਾਉਣ ਲਈ ਬ੍ਰੇਲ ਭਾਸ਼ਾ ਸਿੱਖ ਕੇ ਉਸ ਲਈ ਟਾਕਿੰਗ ਕੋਰਸ ਤਿਆਰ ਕਰਨ ਵਾਲੀ ਮਾਂ ਨੇ ਆਪਣੀ ਧੀ ਦੇ ਨਾਲ ਹੀ ਬੀਏ ਪਾਸ ਕਰ ਲਈ ਹੈ। ਇੱਕ ਮਾਂ ਨੇ ਆਪਣੀ ਨੇਤਰਹੀਣ ਧੀ ਲਈ ਸੁਪਰ ਮੌਮ ਬਣ ਕੇ ਅਜਿਹਾ ਕਾਰਨਾਮਾ ਕੀਤਾ ਕਿ ਜਿਸ ਨਾਲ ਉਸ ਦੀ ਧੀ ਦੀ ਪੜ੍ਹਾਈ ਵੀ ਪੂਰੀ ਹੋ ਗਈ ਤੇ ਮਾਂ ਨੇ ਵੀ ਬੀਏ ਪਾਸ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਲਿਆ। ਮਨਪ੍ਰੀਤ ਕੌਰ (45) ਨੇ ਆਪਣੀ ਧੀ ਦੀ ਖਾਤਰ ਨਾ ਸਿਰਫ਼ ਬ੍ਰੇਲ ਭਾਸ਼ਾ ਸਿੱਖੀ ਬਲਕਿ ਲੈਪਟਾਪ ’ਤੇ ਉਸ ਲਈ ਟਾਕਿੰਗ ਕੋਰਸ ਦੀਆਂ ਕਿਤਾਬਾਂ ਵੀ ਤਿਆਰ ਕੀਤੀਆਂ। ਮਨਪ੍ਰੀਤ ਕੌਰ ਦਾ 18 ਸਾਲ ਦੀ ਉਮਰ ਵਿੱਚ ਹੀ ਵਿਆਹ ਹੋ ਗਿਆ ਸੀ। ਉਸ ਨੂੰ ਆਪਣੀ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡਣੀ ਪਈ ਸੀ। ਹੁਣ ਜਦੋਂ ਉਸਦੀ ਧੀ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਬੀ.ਏ. ਵਿੱਚ ਦਾਖਲਾ ਲਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਸਦੀ ਗ੍ਰੈਜੂਏਟ ਬਣਨ ਦੀ ਪੁਰਾਣੀ ਇੱਛਾ ਨੂੰ ਪੂਰਾ ਕਰਨ ਦਾ ਇਹੀ ਸੁਨਹਿਰੀ ਮੌਕਾ ਹੈ। ਮਾਂ-ਧੀ ਦੀ ਜੋੜੀ ਲਈ ਇਹ ਇਕ ਵੱਡੀ ਪ੍ਰਾਪਤੀ ਸੀ ਕਿਉਂਕਿ ਕਨਵੋਕੇਸ਼ਨ ਦੌਰਾਨ ਦੋਵਾਂ (ਮਾਂ-ਧੀ) ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਗੁਰਲੀਨ ਦੱਸਦੀ ਹੈ ਕਿ ਉਸ ਨੇ ਹਮੇਸ਼ਾ ਆਪਣੀ ਮਾਂ ਨੂੰ ਆਪਣੀ ਆਵਾਜ਼ ਵਿੱਚ ਚੈਪਟਰ ਰਿਕਾਰਡ ਕਰਨ ਲਈ ਪ੍ਰੇਰਿਤ ਕੀਤਾ।
ਗੁਰਲੀਨ ਦੇ ਪਿਤਾ ਸੁਖਵਿੰਦਰ ਐੱਸ ਅਰੋੜਾ ਇੱਕ ਕਾਰੋਬਾਰੀ ਹਨ, ਨੇ ਕਿਹਾ ਕਿ ਉਸ ਦੀ ਪਤਨੀ ਅਤੇ ਧੀ ਦੋਨਾਂ ਨੂੰ ਆਪਣੇ ਗ੍ਰੈਜੂਏਸ਼ਨ ਗਾਊਨ ਪਹਿਨੇ ਅਤੇ ਇਕੱਠੀਆਂ ਨੂੰ ਡਿਗਰੀਆਂ ਪ੍ਰਾਪਤ ਕਰਦਿਆਂ ਦੇਖ ਕੇ ਬਹੁਤ ਚੰਗਾ ਮਹਿਸੂਸ ਹੋਇਆ। ਗੁਰਲੀਨ ਨੇ ਹੁਣ ਬੀ.ਐੱਡ ਵੀ ਪੂਰੀ ਕਰ ਲਈ ਹੈ।