ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੁੱਤਾਂ ਦੀ ਇਕੱਲ

07:42 AM Sep 17, 2023 IST
ਸੁਭਾਸ਼ ਚੰਦਰ ਬੋਸ ਦਾ ਬੁੱਤ

ਸਵਰਾਜਬੀਰ

Advertisement

‘‘ਪੁਰਾਣੀ ਧਰਤੀਓ! ਸਾਂਭ ਕੇ ਰੱਖੋ ਆਪਣੀ ਸ਼ਾਨ-ਸ਼ੌਕਤ’’
ਖਾਮੋਸ਼ ਬੁੱਲ੍ਹਾਂ ਨਾਲ ਕਹਿੰਦੀ ਹੈ ਉਹ,
‘‘ਤੇ ਮੈਨੂੰ ਦੇ ਦਿਓ, ਆਪਣੇ ਥੱਕੇ ਹਾਰੇ ਗਰੀਬ
ਦੇ ਦਿਓ ਲੋਕਾਂ ਦੇ ਉਹ ਝੁੰਡ
ਜਿਨ੍ਹਾਂ ਦੇ ਦਿਲਾਂ ’ਚ ਤਾਂਘ ਏ ਆਜ਼ਾਦੀ ਦੀ
ਆਪਣੇ ਸਾਗਰਾਂ ਦੇ ਕਿਨਾਰਿਆਂ ’ਤੇ ਬੈਠੇ
ਦੱਬੇ ਕੁਚਲੇ ਬੇਘਰਿਆਂ ਨੂੰ
ਭੇਜ ਦਿਓ ਮੇਰੇ ਕੋਲ
ਭੇਜ ਦਿਓ, ਤੂਫ਼ਾਨਾਂ ਦੇ ਕੰਧਾੜਿਆਂ ’ਤੇ ਚੜ੍ਹਾ
ਮਸ਼ਾਲ ਚੁੱਕੀ ਖੜ੍ਹੀ ਸੁਨਹਿਰੀ ਦਰਵਾਜ਼ੇ ਦੇ ਕੋਲ,
ਮੈਂ ਉਨ੍ਹਾਂ ਨੂੰ ਉਡੀਕ ਰਹੀ ਆਂ।’’
- ਐਮਾ ਲਜ਼ਾਰਸ ਦੀ ਕਵਿਤਾ ‘ਨਵਾਂ ਮਹਾਂ-ਬੁੱਤ (The New Colossus)’ ਦੀਆਂ ਆਖਰੀ ਸਤਰਾਂ; ਇਹ ਕਵਿਤਾ ਨਿਊਯਾਰਕ ਦੇ ਕੋਲ ਲਬਿਰਟੀ ਟਾਪੂ ’ਤੇ ਲਗਾਏ ਗਏ ‘ਸਟੈਚੂ ਆਫ ਲਬਿਰਟੀ’ ਦੀ ਚੌਕੀ ’ਤੇ ਲਾਈ ਗਈ ਪਲੇਟ ’ਤੇ ਉੱਕਰੀ ਹੋਈ ਹੈ।
ਉਪਰੋਕਤ ਕਵਿਤਾ 1883 ਵਿਚ ਲਿਖੀ ਗਈ। ਉਨ੍ਹਾਂ ਦਿਨਾਂ ਵਿਚ ਪੂਰਬੀ ਯੂਰੋਪ ਦੇ ਦੇਸ਼ਾਂ (ਰੂਸ, ਪੋਲੈਂਡ, ਲਿਥੂਨੀਆ, ਯੂਕਰੇਨ ਆਦਿ) ਵਿਚ ਕੱਟੜਪੰਥੀ ਤੱਤ ਅਤੇ ਕੁਝ ਹੱਦ ਤਕ ਸਰਕਾਰਾਂ ਵੀ ਯਹੂਦੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ, ਉਨ੍ਹਾਂ ’ਤੇ ਜ਼ੁਲਮ ਹੋ ਰਹੇ ਸਨ ਅਤੇ ਯਹੂਦੀ ਅਮਰੀਕਾ ਅਤੇ ਹੋਰ ਦੇਸ਼ਾਂ ਵੱਲ ਭੱਜ ਰਹੇ ਸਨ। ਉਸ ਸਮੇਂ ਅਮਰੀਕਾ ’ਚ ਜਨਮੀ ਐਮਾ ਲਜ਼ਾਰਸ, ਜੋ ਖ਼ੁਦ ਯਹੂਦੀ ਸੀ, ਯਹੂਦੀ ਪਰਵਾਸੀਆਂ ਲਈ ਫੰਡ ਇਕੱਠੇ ਕਰ ਰਹੀ ਸੀ। ਉਨ੍ਹਾਂ ਦਿਨਾਂ ਵਿਚ ‘ਸਟੈਚੂ ਆਫ ਲਬਿਰਟੀ’ ਬਣਾਉਣ ਲਈ ਵੀ ਫੰਡ ਇਕੱਠੇ ਕੀਤੇ ਜਾ ਰਹੇ ਸਨ ਅਤੇ ਇਹ ਕਵਿਤਾ ਵੀ ਉਸੇ ਮੁਹਿੰਮ ਦੌਰਾਨ ਲਿਖੀ ਗਈ।
ਇਸ ਬੁੱਤ ਨੂੰ ਬਣਾਉਣ ਦੀ ਕਹਾਣੀ ਬਹੁਤ ਲੰਮੀ ਹੈ। ਫਰਾਂਸੀਸੀ ਕਾਨੂੰਨਦਾਨ, ਇਤਿਹਾਸਕਾਰ ਅਤੇ ਸਿਆਹਫ਼ਾਮ ਲੋਕਾਂ ਦੀ ਗ਼ੁਲਾਮੀ ਵਿਰੁੱਧ ਆਵਾਜ਼ ਉਠਾਉਣ ਵਾਲੇ ਸਿਆਸਤਦਾਨ ਐਡੋਰਡ ਡੀ ਲਾਬੋਲੇ (Edouard De Laboulaye) ਨੇ ਅਮਰੀਕਾ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਮੌਕੇ ਇਕ ਬੁੱਤ ਬਣਾਉਣ ਦਾ ਵਿਚਾਰ ਰੱਖਿਆ। 1865 ਵਿਚ ਉਸ ਨੇ ਬੁੱਤ ਬਣਾਉਣ ਦੀ ਤਜਵੀਜ਼ ਫਰਾਂਸੀਸੀ ਬੁੱਤਘਾੜੇ ਫਰੈਡਰਿਕ ਬਾਰਥੋਲਡੀ (Frederic Bartholdi) ਸਾਹਮਣੇ ਰੱਖੀ। ਫਰਾਂਸ ਤੇ ਜਰਮਨੀ ਵਿਚਕਾਰ ਚੱਲ ਰਹੇ ਯੁੱਧ ਕਾਰਨ ਇਸ ਵਿਚ ਦੇਰੀ ਹੋਈ। ਇੱਥੇ ਯਾਦ ਰੱਖਣ ਯੋਗ ਹੈ ਕਿ 1865 ਵਿਚ ਹੀ ਅਮਰੀਕਾ ਨੇ ਅਬਰਾਹਮ ਲਿੰਕਨ ਦੀ ਅਗਵਾਈ ਵਿਚ ਗ਼ੁਲਾਮੀ ਦੇ ਖਾਤਮੇ ਦਾ ਐਲਾਨ ਕੀਤਾ ਸੀ। 1871 ਵਿਚ ਬਾਰਥੋਲਡੀ ਪਹਿਲੀ ਵਾਰ ਅਮਰੀਕਾ ਆਇਆ ਅਤੇ ਵੱਖ ਵੱਖ ਆਗੂਆਂ ਤੇ ਵਿਚਾਰਵਾਨਾਂ ਸਾਹਮਣੇ ਇਹ ਬੁੱਤ ਬਣਾਉਣ ਬਾਰੇ ਤਜਵੀਜ਼ ਪੇਸ਼ ਕੀਤੀ। ਹਾਂ-ਪੱਖੀ ਜਵਾਬ ਮਿਲਣ ’ਤੇ ਬਾਰਥੋਲਡੀ ਨੇ ਕੰਮ ਸ਼ੁਰੂ ਕੀਤਾ ਅਤੇ ਫਰਾਂਸ ਵਾਪਸ ਜਾ ਕੇ ਬੁੱਤ ਦੀ ਬਣਤਰ ਅਤੇ ਸ਼ੈਲੀ ਬਾਰੇ ਲਾਬੋਲੇ ਨਾਲ ਵਿਚਾਰ-ਵਟਾਂਦਰਾ ਕੀਤਾ। ਬੁੱਤ ਅਤੇ ਨਾਲ ਬਣਨ ਵਾਲੇ ਛੋਟੇ ਚਿੱਤਰਾਂ (ਫਰੈਸਕੋਜ਼) ਦੇ ਪ੍ਰਤੀਕਮਈ (symbolic) ਮਹੱਤਵ ਬਾਰੇ ਲੰਮੀ-ਚੌੜੀ ਸੋਚ-ਵਿਚਾਰ ਹੋਈ। ਬਾਰਥੋਲਡੀ ਨੇ ਕਈ ਮਾਡਲ ਬਣਾਏ। ਬੁੱਤ ਦੇ ਵੱਖ ਵੱਖ ਹਿੱਸਿਆਂ ਨੂੰ ਵੱਖ ਵੱਖ ਤੌਰ ’ਤੇ ਬਣਾਇਆ ਗਿਆ। ਬਾਰਥੋਲਡੀ ਦਾ ਵਿਚਾਰ ਸੀ ਕਿ ਇਸ ਬੁੱਤ ਲਈ ਪੈਸੇ ਫਰਾਂਸ ਦੇ ਲੋਕਾਂ ਨੂੰ ਦੇਣੇ ਚਾਹੀਦੇ ਹਨ। ਬੁੱਤ ਬਣਾਉਣ ਲਈ ਅਮਰੀਕਾ ’ਚ ਤਿੰਨ ਲੱਖ ਡਾਲਰ ਇਕੱਠੇ ਹੋਏ ਤੇ ਫਰਾਂਸ ’ਚ ਢਾਈ ਲੱਖ ਡਾਲਰ। ਅਮਰੀਕਾ ਵਿਚ ਫੰਡ ਇਕੱਠੇ ਕਰਨ ਦੀ ਮੁਹਿੰਮ ਅਦਭੁੱਤ ਸੀ, ਵਿਦਿਆਰਥੀਆਂ ਤੇ ਗ਼ਰੀਬ ਲੋਕਾਂ ਨੇ 60 ਸੈਂਟ ਤੋਂ ਲੈ ਕੇ ਕੁਝ ਡਾਲਰ ਤਕ ਦਾ ਹਿੱਸਾ ਪਾਇਆ। 1885 ਵਿਚ ਬੁੱਤ ਦੇ ਹਿੱਸੇ ਅਮਰੀਕਾ ਲਿਆਂਦੇ ਗਏ ਅਤੇ 1886 ਵਿਚ 151 ਫੁੱਟ ਇਕ ਇੰਚ ਉੱਚਾ ਬੁੱਤ 154 ਫੁੱਟ ਉੱਚੀ ਚੌਕੀ ’ਤੇ ਨਿਊਯਾਰਕ ਦੇ ਨਜ਼ਦੀਕ ਲਬਿਰਟੀ ਟਾਪੂ ਵਿਚ ਸਥਾਪਿਤ ਕੀਤਾ ਗਿਆ। ਲਜ਼ਾਰਸ ਦੀ ਲਿਖੀ ਤਾਂਬੇ ਦੀ ਪਲੇਟ ’ਤੇ ਉੱਕਰੀ ਕਵਿਤਾ 1903 ਵਿਚ ਬੁੱਤ ਦੀ ਚੌਕੀ ’ਤੇ ਲਾਈ ਗਈ।
19ਵੀਂ ਸਦੀ ਦੇ ਅਖੀਰ ਵਿਚ ਅਮਰੀਕਾ ਗ਼ੁਲਾਮੀ ਨੂੰ ਖ਼ਤਮ ਕਰ ਕੇ ਆਦਰਸ਼ਵਾਦ ਨਾਲ ਬਾਤਾਂ ਪਾ ਰਿਹਾ ਸੀ। ਯੂਰੋਪ ਅਤੇ ਹੋਰ ਦੇਸ਼ਾਂ ਦੇ ਲੋਕ, ਧਾਰਮਿਕ ਤੇ ਸਿਆਸੀ ਕੱਟੜਪੰਥੀਆਂ ਦੇ ਸਤਾਏ ਕਾਰਕੁਨ ਅਤੇ ਹੋਰ ਦੱਬੇ-ਕੁਚਲੇ ਲੋਕ ਅਮਰੀਕਾ ਪਹੁੰਚ ਰਹੇ ਸਨ; ਇਹ ਪਰਵਾਸੀਆਂ ਦੀ ਪਨਾਹਗਾਹ ਸੀ। ਇਸ ਬੁੱਤ ਦਾ ਵਧਿਆ ਹੋਇਆ ਹੱਥ ਮੁਸੀਬਤਾਂ ਦੇ ਮਾਰੇ ਪਰਵਾਸੀਆਂ ਨੂੰ ਜੀ ਆਇਆਂ ਕਹਿ ਰਿਹਾ ਹੈ। ਇਹ ਬੁੱਤ ਆਜ਼ਾਦੀ ਤੇ ਇਨਸਾਨੀ ਹਮਦਰਦੀ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ। ਲਜ਼ਾਰਸ ਦੀ ਕਵਿਤਾ ਵਿਚ ਵੀ ਇਹੀ ਭਾਵ ਹਨ। ਅਸੀਂ ਜਾਣਦੇ ਹਾਂ ਕਿ ਅੱਜ ਦੇ ਅਮਰੀਕਾ ਦੀ ਹਕੀਕਤ ਹੋਰ ਹੈ। ਪਿਛਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸਿਕੋ ਦੀ ਸਰਹੱਦ ਨਾਲ ਕੰਧ ਬਣਾਉਣ ਦਾ ਫ਼ੈਸਲਾ ਕੀਤਾ ਸੀ।
ਬੁੱਤ ਮੌਜੂਦ ਹੈ ਪਰ ਬੁੱਤ ਨਾਲ ਜੁੜੀ ਭਾਵਨਾ ਖ਼ਤਮ ਹੋ ਚੁੱਕੀ ਹੈ।

ਸਟੈਚੂ ਆਫ ਲਬਿਰਟੀ

-2-
ਅਸੀਂ ਬੁੱਤ ਕਿਉਂ ਬਣਾਉਂਦੇ ਹਾਂ? ਅਸੀਂ ਬੁੱਤ ਉਦੋਂ ਬਣਾਉਂਦੇ ਹਾਂ ਜਦੋਂ ਅਸੀਂ ਕਿਸੇ ਵਿਅਕਤੀ ਜਾਂ ਆਦਰਸ਼ ਬਾਰੇ ਉਤਸ਼ਾਹ ਵਿਚ ਹੁੰਦੇ ਹਾਂ, ਜਦੋਂ ਅਸੀਂ ਇਹ ਇਰਾਦਾ ਕਰ ਲਿਆ ਹੁੰਦਾ ਹੈ ਕਿ ਸਾਡਾ ਆਉਣ ਵਾਲਾ ਸਮਾਂ ਇਸ ਵਿਅਕਤੀ ਦੇ ਵਿਚਾਰਾਂ ਜਾਂ ਉਸ ਖ਼ਾਸ ਆਦਰਸ਼ ਨੂੰ ਸਾਕਾਰ ਕਰੇਗਾ। ਕੁਝ ਸਮੇਂ ਬਾਅਦ ਬੁੱਤਾਂ ਨਾਲ ਕੀ ਬੀਤਦੀ ਹੈ? ਉਹ ਸਿਰਫ਼ ਬੁੱਤ ਬਣ ਕੇ ਰਹਿ ਜਾਂਦੇ ਹਨ; ਸਾਡੇ ਮਨਾਂ ਵਿਚੋਂ ਉਨ੍ਹਾਂ ਨਾਲ ਜੁੜੇ ਵਿਚਾਰਾਂ ਦੀਆਂ ਤਰਬਾਂ, ਤਰੰਗਾਂ ਤੇ ਤਾਂਘਾਂ ਦੁਨੀਆ ਦੇ ਰੋਜ਼ਮਰ੍ਹਾ ਮਸਲਿਆਂ ਵਿਚ ਗੁੰਮ ਹੋ ਜਾਂਦੀਆਂ ਹਨ। ਕਈ ਵਾਰ ਉਹ ਵਿਅਕਤੀ, ਜਿਨ੍ਹਾਂ ਦੇ ਬੁੱਤ ਬਣਾਏ ਗਏ ਹੁੰਦੇ ਹਨ, ਦੇ ਆਦਰਸ਼ਾਂ ਹੇਠਲੀ ਜ਼ਮੀਨ ਖਿਸਕ ਚੁੱਕੀ ਹੁੰਦੀ ਹੈ ਅਤੇ ਜ਼ਮਾਨਾ ਉਨ੍ਹਾਂ ਵਿਚਾਰਾਂ ਤੋਂ ਅਗਾਂਹ ਜਾ ਚੁੱਕਾ ਹੁੰਦਾ ਹੈ। ਕਈ ਵਾਰ ਅਸੀਂ ਖ਼ੁਦ ਉਨ੍ਹਾਂ ਵਿਚਾਰਾਂ ਨੂੰ ਧੋਖਾ ਦੇ ਦਿੱਤਾ ਹੁੰਦਾ ਹੈ ਅਤੇ ਕਈ ਵਾਰ ਅਸੀਂ ਬੁੱਤ ਲੋਕਾਂ ਨੂੰ ਵਿਖਾਉਣ ਲਈ ਬਣਾਇਆ ਹੁੰਦਾ ਹੈ ਕਿ ਅਸੀਂ ਫਲਾਂ ਵਿਅਕਤੀ ਨੂੰ ਯਾਦ ਕਰਦੇ ਹਾਂ; ਬੁੱਤ ਦੀ ਮੌਜੂਦਗੀ ਸਾਨੂੰ ਉਸ ਗੁਨਾਹ-ਭਾਵਨਾ ਤੋਂ ਮੁਕਤ ਹੋਣ ਵਿਚ ਸਹਾਈ ਹੁੰਦੀ ਹੈ ਭਾਵੇਂ ਕਿ ਅਸੀਂ ਉਸ ਦੇ ਵਿਚਾਰਾਂ ਨੂੰ ਅਲਵਿਦਾ ਆਖ ਚੁੱਕੇ ਹੁੰਦੇ ਹਾਂ।

Advertisement

-3-
ਉਪਰੋਕਤ ਸਭ ਕੁਝ ਇਕ ਘਟਨਾ ਕਾਰਨ ਲਿਖਿਆ ਗਿਆ ਹੈ। ਪਿਛਲੇ ਦਿਨੀਂ ਚੰਦਰ ਕੁਮਾਰ ਬੋਸ (ਸੁਭਾਸ਼ ਚੰਦਰ ਬੋਸ ਦੇ ਭਰਾ ਸ਼ਰਤ ਚੰਦਰ ਬੋਸ ਦਾ ਪੋਤਰਾ) ਨੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। 2016 ਵਿਚ ਉਹ ਭਾਜਪਾ ਵਿਚ ਸ਼ਾਮਲ ਹੋਇਆ ਅਤੇ ਪੱਛਮੀ ਬੰਗਾਲ ਦੀ ਇਕਾਈ ਦਾ ਉਪ-ਪ੍ਰਧਾਨ ਥਾਪਿਆ ਗਿਆ। 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਉਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ। ਉਸ ਨੇ ਕਿਹਾ, ‘‘ਜਦੋਂ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਸਾਂ ਤਾਂ ਮੇਰੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਮੈਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਸ਼ਰਤ ਚੰਦਰ ਬੋਸ ਦੀ ਸਾਂਝੀਵਾਲਤਾ ਵਾਲੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਮੇਰੀ ਸਮਝ ਇਹ ਬਣੀ ਸੀ ਕਿ ਮੈਂ ਭਾਜਪਾ ਦੇ ਪਲੇਟਫਾਰਮ ਤੋਂ ਸਾਰੇ ਦੇਸ਼ ਵਿਚ ਉਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਾਂਗਾ।… ਇਹ ਫ਼ੈਸਲਾ ਵੀ ਹੋਇਆ ਸੀ ਕਿ ਭਾਜਪਾ ਵਿਚ ਹੀ ਇਕ ਆਜ਼ਾਦ ਹਿੰਦ ਮੋਰਚਾ ਬਣਾਇਆ ਜਾਵੇਗਾ ਜਿਹੜਾ ਧਰਮ, ਜਾਤ ਜਾਂ ਫ਼ਿਰਕੇ ਦੇ ਵਿਤਕਰੇ ਤੋਂ ਬਿਨਾਂ ਸਾਰੇ ਭਾਰਤੀਆਂ ਨੂੰ ਇਕਮੁੱਠ ਕਰਨ ਦਾ ਕੰਮ ਕਰੇਗਾ।…ਮੈਨੂੰ ਭਾਜਪਾ ਦੀ ਕੇਂਦਰੀ ਜਾਂ ਸੂਬੇ ਦੀ ਲੀਡਰਸ਼ਿਪ ਤੋਂ ਕੋਈ ਹਮਾਇਤ ਨਹੀਂ ਮਿਲੀ।’’
ਸੁਭਾਸ਼ ਚੰਦਰ ਬੋਸ ਬਹੁਤ ਜਟਿਲ ਸ਼ਖ਼ਸੀਅਤ ਸੀ, ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਵਾਲਾ ਯੋਧਾ; ਉਹ ਖੱਬੇ-ਪੱਖੀ ਅਤੇ ਅਗਾਂਹਵਧੂ ਵਿਚਾਰਧਾਰਾ ਦਾ ਧਾਰਨੀ ਸੀ, ਗਰਮ ਖਿਆਲੀਆ। 1938 ਵਿਚ ਉਹ ਕਾਂਗਰਸ ਵਿਚਲੇ ਖੱਬੇ ਧੜੇ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਸਹਿਯੋਗ ਨਾਲ ਕਾਂਗਰਸ ਦਾ ਪ੍ਰਧਾਨ ਬਣਿਆ। 1939 ਵਿਚ ਉਹ ਮਹਾਤਮਾ ਗਾਂਧੀ ਦੇ ਨੁਮਾਇੰਦੇ ਬੀਪੀ ਸੀਤਾਰਮੱਈਆ ਨੂੰ ਹਰਾ ਕੇ ਫਿਰ ਕਾਂਗਰਸ ਪ੍ਰਧਾਨ ਚੁਣਿਆ ਗਿਆ। ਜਦੋਂ ਮਹਾਤਮਾ ਗਾਂਧੀ ਅਤੇ ਉਸ ਦੇ ਹਮਾਇਤੀਆਂ ਨੇ ਉਸ ਦੇ ਕੰਮ ਕਰਨ ਵਿਚ ਅੜਚਣਾਂ ਪਾਈਆਂ ਤਾਂ ਉਸ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਆਲ ਇੰਡੀਆ ਫਾਰਵਰਡ ਬਲਾਕ ਬਣਾਈ ਜਿਸ ਦੀ ਵਿਚਾਰਧਾਰਾ ਸਮਾਜਵਾਦ-ਪੱਖੀ ਸੀ/ਹੈ। ਉਹ ਕਮਿਊਨਿਸਟ ਆਗੂਆਂ ਦੀ ਸਹਾਇਤਾ ਨਾਲ ਅਫ਼ਗਾਨਿਸਤਾਨ ਪਹੁੰਚਿਆ। ਉਹ ਸੋਵੀਅਤ ਯੂਨੀਅਨ ਜਾਣਾ ਚਾਹੁੰਦਾ ਸੀ ਪਰ ਉੱਥੇ ਪਹੁੰਚ ਨਾ ਸਕਿਆ। ਉਹ ਜਰਮਨੀ ਚਲਾ ਗਿਆ ਅਤੇ ਉੱਥੋਂ ਉਨ੍ਹਾਂ ਦੀ ਸਹਾਇਤਾ ਨਾਲ ਸਿੰਘਾਪੁਰ ਪਹੁੰਚਿਆ ਤੇ ਜਾਪਾਨੀਆਂ ਦੀ ਸਹਾਇਤਾ ਨਾਲ ਉਸ ਨੇ ਆਜ਼ਾਦ ਹਿੰਦ ਫ਼ੌਜ ਦੀ ਕਮਾਨ ਸੰਭਾਲੀ।
ਉਸ ਨੇ ਗਾਂਧੀ ਵਿਰੁੱਧ ਬਗਾਵਤ ਕਰ ਕੇ ਕਾਂਗਰਸ ਛੱਡੀ ਸੀ ਪਰ ਉਸ ਨੇ ਆਜ਼ਾਦ ਹਿੰਦ ਫ਼ੌਜ ਦੇ ਬ੍ਰਿਗੇਡਾਂ ਦਾ ਨਾਂ ਗਾਂਧੀ ਬ੍ਰਿਗੇਡ, ਨਹਿਰੂ ਬ੍ਰਿਗੇਡ ਤੇ ਆਜ਼ਾਦ (ਅਬੁਲ ਕਲਾਮ ਆਜ਼ਾਦ ਦੇ ਨਾਂ ’ਤੇ) ਬ੍ਰਿਗੇਡ ਰੱਖਿਆ। ਔਰਤਾਂ ਦੇ ਬ੍ਰਿਗੇਡ ਦਾ ਨਾਂ ਰਾਣੀ ਝਾਂਸੀ ਬ੍ਰਿਗੇਡ ਰੱਖਿਆ। ਉਸ ਨੂੰ ਹਿੰਦ ਸ਼ਬਦ ਨਾਲ ਖ਼ਾਸ ਪਿਆਰ ਸੀ; ਉਸ ਨੇ ਸਾਨੂੰ ‘ਜੈ ਹਿੰਦ’ ਦਾ ਨਾਅਰਾ ਦਿੱਤਾ। ਉਸ ਦੀ ਫ਼ੌਜ ਵਿਚ ਹਿੰਦੂ, ਸਿੱਖ, ਮੁਸਲਮਾਨ, ਸਭ ਸ਼ਾਮਲ ਸਨ। ਬਹੁਤ ਸਾਰੇ ਮੁਸਲਮਾਨ ਤੇ ਸਿੱਖ ਆਜ਼ਾਦ ਹਿੰਦ ਫ਼ੌਜ ਵਿਚ ਉੱਚੇ ਅਹੁਦਿਆਂ ’ਤੇ ਸਨ।
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੁਭਾਸ਼ ਚੰਦਰ ਬੋਸ ਦਾ ਬੁੱਤ ਬਣਾ ਕੇ ਦਿੱਲੀ ਵਿਚ ਇੰਡੀਆ ਗੇਟ ਸਾਹਮਣੇ ਸਥਾਪਿਤ ਕੀਤਾ ਹੈ। 28 ਫੁੱਟ ਉੱਚਾ ਇਹ ਬੁੱਤ ਬਹੁਤ ਸੋਹਣਾ ਹੈ। ਭਾਜਪਾ ਸੁਭਾਸ਼ ਦਾ ਬੁੱਤ ਤਾਂ ਬਣਾ ਸਕਦੀ ਹੈ ਪਰ ਕੀ ਉਹ ਉਸ ਦੀ ਵਿਚਾਰਧਾਰਾ ਨੂੰ ਅਪਣਾ ਸਕਦੀ ਹੈ? ਇਹ ਕੰਮ ਡਾਢਾ ਔਖਾ ਹੈ।
ਭਾਵੇਂ ਸੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਦੇ ਵਿਚਾਰ ਵੱਖੋ-ਵੱਖਰੇ ਸਨ, ਪਰ ਦੋਵੇਂ ਇਕ-ਦੂਜੇ ਨੂੰ ਬਹੁਤ ਮਾਣ-ਸਨਮਾਨ ਦਿੰਦੇ ਸਨ। ਸਭ ਵਖਰੇਵਿਆਂ ਦੇ ਬਾਵਜੂਦ 1942 ਵਿਚ ਗਾਂਧੀ ਨੇ ਬੋਸ ਨੂੰ ‘ਦੇਸ਼ਭਗਤਾਂ ਦਾ ਦੇਸ਼ਭਗਤ (Patriot of patriots) ਕਿਹਾ। ਰਾਸ ਬਿਹਾਰੀ ਬੋਸ ਅਨੁਸਾਰ ਸੁਭਾਸ਼ ਮਹਾਤਮਾ ਗਾਂਧੀ ਨੂੰ ਹਮੇਸ਼ਾਂ ‘ਸਾਡੀ ਕੌਮ ਦਾ ਪਿਤਾ’ ਕਹਿ ਕੇ ਯਾਦ ਕਰਦਾ ਸੀ। ਇਹ ਸ਼ਬਦ ਉਸ ਨੇ 1944 ਵਿਚ ਰੰਗੂਨ ਰੇਡੀਓ ਤੋਂ ਦਿੱਤੇ ਗਏ ਸੁਨੇਹੇ ਵਿਚ ਵੀ ਵਰਤੇ ਸਨ। ਦੋਵੇਂ ਆਗੂ ਦੇਸ਼ ਵਿਚ ਵਸਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਏਕਤਾ ਦੇ ਵੱਡੇ ਮਹੱਤਵ ਨੂੰ ਬਹੁਤ ਸਪੱਸ਼ਟਤਾ ਨਾਲ ਸਮਝਦੇ ਸਨ।
ਸੁਭਾਸ਼ ਚੰਦਰ ਬੋਸ 1943 ਵਿਚ ਰੰਗੂਨ ਵਿਚ ਬਹਾਦਰ ਸ਼ਾਹ ਜ਼ਫ਼ਰ ਦੀ ਮਜ਼ਾਰ ’ਤੇ ਗਿਆ ਅਤੇ ਉੱਥੋਂ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ; ਨੇਤਾ ਜੀ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ ਉਹ ਆਦਮੀ ਦੱਸਿਆ ‘‘ਜਿਸ ਦੇ ਪਵਿੱਤਰ ਝੰਡੇ ਹੇਠਾਂ ਆਜ਼ਾਦੀ ਨੂੰ ਪਿਆਰ ਕਰਨ ਵਾਲੇ ਹਿੰਦੂ, ਮੁਸਲਿਮ ਤੇ ਸਿੱਖ ਮੋਢੇ ਨਾਲ ਮੋਢਾ ਜੋੜ ਕੇ ਲੜੇ।’’ ਉਸ ਨੇ ਬਰਮਾ ’ਤੇ ਹਮਲੇ ਦੀ ਕਮਾਨ ਮੇਜਰ ਜਨਰਲ ਮੁਹੰਮਦ ਜ਼ਮਾਨ ਖਾਨ ਕਿਆਨੀ ਦੇ ਹੱਥਾਂ ਵਿਚ ਦਿੱਤੀ ਤੇ ਜਦੋਂ ਉਸ ਨੇ ਸਿੰਘਾਪੁਰ ਛੱਡਿਆ ਤਾਂ ਜਨਰਲ ਕਿਆਨੀ ਨੂੰ ਕਮਾਂਡਰ-ਇਨ-ਚੀਫ ਬਣਾ ਦਿੱਤਾ। ਨੇਤਾ ਜੀ ਦੀ ਆਜ਼ਾਦ ਹਿੰਦ ਸਰਕਾਰ ਵਿਚ ਕਈ ਮੁਸਲਿਮ ਵਜ਼ੀਰ ਸਨ। ਕਮਾਂਡਰ ਨਜ਼ੀਰ ਅਹਿਮਦ ਨੇਤਾ ਜੀ ’ਤੇ ਹੋਏ ਇਕ ਹਮਲੇ ਵਿਚ ਉਨ੍ਹਾਂ ਨੂੰ ਬਚਾਉਂਦਿਆਂ ਸ਼ਹੀਦ ਹੋਇਆ। ਬੋਸ ਦੀ ਫ਼ੌਜ ਦੇ ਤਿੰਨ ਅਧਿਕਾਰੀਆਂ ਕਰਨਲ ਪ੍ਰੇਮ ਸਹਿਗਲ, ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਤੇ ਮੇਜਰ ਜਨਰਲ ਸ਼ਾਹਨਵਾਜ਼ ਖਾਨ ਅਤੇ ਹੋਰ ਅਫ਼ਸਰਾਂ ਤੇ ਜਵਾਨਾਂ ’ਤੇ ਲਾਲ ਕਿਲੇ ’ਚ ਮੁਕੱਦਮਾ ਚਲਾਇਆ ਗਿਆ ਤਾਂ ਸਾਰੇ ਦੇਸ਼ ਇਸ ਦਾ ਵਿਰੋਧ ਹੋਇਆ, ‘ਲਾਲ ਕਿਲੇ ’ਚੋਂ ਆਈ ਆਵਾਜ਼/ ਸਹਿਗਲ, ਢਿੱਲੋਂ, ਸ਼ਾਹਨਵਾਜ਼’। ਜਵਾਹਰ ਲਾਲ ਨਹਿਰੂ, ਤੇਜ ਬਹਾਦਰ ਸਪਰੂ ਤੇ ਹੋਰ ਵਕੀਲ ਉਨ੍ਹਾਂ ਨੂੰ ਬਚਾਉਣ ਲਈ ਫ਼ੌਜੀ ਅਦਾਲਤ ਵਿਚ ਪੇਸ਼ ਹੋਏ।
ਸੁਭਾਸ਼ ਚੰਦਰ ਬੋਸ ਹਿੰਦੂ, ਮੁਸਲਮਾਨ, ਸਿੱਖ, ਸਭ ਭਾਈਚਾਰਿਆਂ ਦੀ ਏਕਤਾ ਦਾ ਪਹਿਰੇਦਾਰ ਸੀ। ਉਸ ਦੇ ਵਿਚਾਰਾਂ ਵਿਚ ਅਨੇਕਾਂ ਵਿਰੋਧਾਭਾਸ ਸਨ ਪਰ ਉਹ ਫ਼ਿਰਕੂ ਕਦੇ ਵੀ ਨਹੀਂ ਸੀ। ਉਸ ਨੇ ਸਾਨੂੰ ਇਹ ਨਾਅਰਾ ਦਿੱਤਾ, ‘‘ਇਤਿਹਾਦ, ਇਤਮਾਦ, ਕੁਰਬਾਨੀ (ਏਕਤਾ, ਸਹਿਮਤੀ, ਕੁਰਬਾਨੀ)।’’ ਅਜਿਹੀ ਵਿਚਾਰਧਾਰਾ ਅਤੇ ਵਿਰਾਸਤ ਭਾਜਪਾ ਨੂੰ ਰਾਸ ਨਹੀਂ ਆ ਸਕਦੀ। ਭਾਜਪਾ ਨੇ ਸੁਭਾਸ਼ ਚੰਦਰ ਬੋਸ ਦਾ ਬੁੱਤ ਜ਼ਰੂਰ ਬਣਾਇਆ ਹੈ ਪਰ ਪਾਰਟੀ ਬੋਸ ਦੇ ਵਿਚਾਰਾਂ ਤੋਂ ਕੋਹਾਂ ਦੂਰ ਹੈ। ਬੋਸ ਸਾਂਝੀਵਾਲਤਾ ਦਾ ਪੈਰੋਕਾਰ ਸੀ, ਲੋਕਾਂ ਨੂੰ ਇਕੱਠੇ ਕਰਨ ਵਿਚ ਯਕੀਨ ਰੱਖਦਾ ਸੀ ਜਦੋਂਕਿ ਭਾਜਪਾ ਦੀ ਵਿਚਾਰਧਾਰਾ ਇਸ ਤੋਂ ਉਲਟ ਹੈ। ਬੋਸ ਦੇ ਪੋਤੇ ਨੂੰ ਦੇਰ-ਸਵੇਰ ਭਾਜਪਾ ਛੱਡਣੀ ਪੈਣੀ ਸੀ।
ਸਪੱਸ਼ਟ ਹੈ ਕਿ ਬਹੁਤ ਵਾਰ ਅਸੀਂ ਆਪਣੇ ਨਾਇਕਾਂ ਦੇ ਬੁੱਤ ਸਿਆਸੀ ਲਾਹਾ ਲੈਣ ਲਈ ਬਣਾਉਂਦੇ ਹਾਂ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਡਾਢਾ ਔਖਾ ਹੁੰਦਾ ਹੈ। ਬੁੱਤਾਂ ਨੂੰ ਜਦੋਂ ਵਿਚਾਰਹੀਣੀ ਜ਼ਮੀਨ ’ਤੇ ਗੱਡਿਆ ਜਾਂਦਾ ਹੈ ਤਾਂ ਉਹ ਸਿਰਫ਼ ਬੁੱਤ ਬਣ ਕੇ ਰਹਿ ਜਾਂਦੇ ਹਨ, ਵਿਚਾਰਾਂ ਤੇ ਭਾਵਨਾਵਾਂ ਤੋਂ ਸੱਖਣੇ; ਕੱਲਮਕੱਲੇ ਬੁੱਤ ਹਵਾ ਵਿਚ ਘੂਰਦੇ ਆਪਣੀ ਇਕੱਲ ਨੂੰ ਭੋਗਦੇ ਪ੍ਰਤੀਤ ਹੁੰਦੇ ਹਨ।

Advertisement
Advertisement