‘Allu Arjun ਦੀ ਕੋਈ ਗਲਤੀ ਨਹੀਂ’
ਹੈਦਰਾਬਾਦ, 13 ਦਸੰਬਰ
ਫਿਲਮ ‘ਪੁਸ਼ਪਾ 2’ ਦੇ 4 ਦਸੰਬਰ ਦੇ ਪ੍ਰਦਰਸ਼ਨ ਦੌਰਨ ਇਕ ਥੀਏਟਰ ਵਿੱਚ ਮਚੀ ਭਗਦੜ ’ਚ ਜਾਨ ਗੁਆਉਣ ਵਾਲੀ ਮਹਿਲਾ ਦੇ ਪਤੀ ਨੇ ਅੱਜ ਕਿਹਾ ਕਿ ਅਦਾਕਾਰ ਅੱਲੂ ਅਰਜੁਨ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈ ਅਤੇ ਉਹ ਇਸ ਤ੍ਰਾਸਦੀ ਲਈ ਅਦਾਕਾਰ ਨੂੰ ਜ਼ਿੰਮੇਵਾਰ ਨਹੀਂ ਮੰਨਦਾ ਹੈ।
ਮਹਿਲਾ ਦੇ ਪਤੀ ਭਾਸਕਰ ਨੇ ਕਿਹਾ ਕਿ ਉਹ ਇਸ ਘਟਨਾ ਦੇ ਸਬੰਧ ਵਿੱਚ ਦਰਜ ਕਰਵਾਇਆ ਗਿਆ ਆਪਣਾ ਕੇਸ ਵਾਪਸ ਲੈਣ ਲਈ ਤਿਆਰ ਹੈ। ਉਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅੱਲੂ ਅਰਜੁਨ ਦਾ ਥੀਏਟਰ ਵਿੱਚ ਆਉਣਾ ਗਲਤ ਨਹੀਂ ਹੈ। ਮੈਂ ਆਪਣਾ ਕੇਸ ਵਾਪਸ ਲੈਣ ਲਈ ਤਿਆਰ ਹਾਂ।’’
ਭਾਸਕਰ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਅਰਜੁਨ ਦੀ ਗ੍ਰਿਫ਼ਤਾਰ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਅਤੇ ਅਖ਼ਬਾਰਾਂ ਤੋਂ ਹੀ ਉਸ ਨੂੰ ਇਸ ਬਾਰੇ ਜਾਣਕਾਰੀ ਮਿਲੀ। ਅਸਲ ਵਿੱਚ, 4 ਦਸੰਬਰ ਰਾਤ ਨੂੰ ਅਦਾਕਾਰ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ਪ੍ਰਸ਼ੰਸਕ ਸੰਧਿਆ ਥੀਏਟਰ ਵਿੱਚ ਇਕੱਤਰ ਹੋਏ ਸਨ। ਉਸੇ ਦੌਰਾਨ ਭਗਦੜ ਮਚਣ ਕਾਰਨ 35 ਸਾਲਾ ਔਰਤ ਰੇਵਤੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੱਠ ਸਾਲ ਦਾ ਪੁੱਤਰ ਜ਼ਖ਼ਮੀ ਹੋ ਗਿਆ ਸੀ। ਉਸ ਦਾ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਹੈਦਰਾਬਾਦ ਪੁਲੀਸ ਨੇ ਔਰਤ ਦੀ ਮੌਤ ਦੇ ਮਾਮਲੇ ਵਿੱਚ ਅੱਜ ਸਵੇਰੇ ਅੱਲੂ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਤਿਲੰਗਾਨਾ ਹਾਈ ਕੋਰਟ ਨੇ ਉਸ ਨੂੰ ਚਾਰ ਹਫ਼ਤੇ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ। -ਪੀਟੀਆਈ