ALLU ARJUN-CASE: ‘ਪੁਸ਼ਪਾ2’ ਦੇ ਪ੍ਰੀਮੀਅਰ ਸ਼ੋਅ ਦੌਰਾਨ ਔਰਤ ਦੀ ਮੌਤ, ਅਦਾਕਾਰ ਅੱਲੂ ਅਰਜੁਨ ਖ਼ਿਲਾਫ਼ ਕੇਸ ਦਰਜ
ਹੈਦਰਾਬਾਦ, 5 ਦਸੰਬਰ
ਫ਼ਿਲਮ ‘ਪੁਸ਼ਪਾ 2’ (Pushpa 2) ਦੇ ਪ੍ਰੀਮੀਅਰ ਸ਼ੋਅ ਮੌਕੇ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਫ਼ਿਲਮ ਦੇ ਅਦਾਕਾਰ ਅੱਲੂ ਅਰਜੁਨ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਅਦਾਕਾਰ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2: ਦਿ ਰੂਲ’ ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਕ ਸਿਨੇਮਾ ਹਾਲ ’ਚ ਭੀੜ ਵਿੱਚ ਫਸਣ ਮਗਰੋਂ ਦਮ ਘੁੱਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਬੇਟੇ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਅੱਲੂ ਅਰਜੁਨ ਦੀ ਇੱਕ ਝਲਕ ਪਾਉਣ ਲਈ ਥੀਏਟਰ ਵਿੱਚ ਇਕੱਠੇ ਹੋਏ ਸਨ। ਔਰਤ ਦੇ ਪਤੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਅੱਲੂ ਅਰਜੁਨ ਦੇ ਆਉਣ ਕਾਰਨ ਥੀਏਟਰ ਵਿੱਚ ਭੀੜ ਇਕੱਠੀ ਹੋ ਗਈ ਅਤੇ ਉਥੇ ਭਗਦੜ ਵਰਗਾ ਮਾਹੌਲ ਬਣ ਗਿਆ। ਉਨ੍ਹਾਂ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਹਾਲਤ ਬਾਰੇ ਉਹ 48 ਘੰਟਿਆਂ ਮਗਰੋਂ ਹੀ ਕੁਝ ਕਹਿ ਸਕਣਗੇ।
ਪੁਲੀਸ ਨੇ ਦੱਸਿਆ ਕਿ ਥੀਏਟਰ ਪ੍ਰਬੰਧਕਾਂ ਵੱਲੋਂ ਫਿਲਮ ਦੇ ਅਦਾਕਾਰ ਤੇ ਹੋਰ ਮੈਂਬਰਾਂ ਦੀ ਆਮਦ ਸਬੰਧੀ ਕੋਈ ਅਗਾਊਂ ਸੂਚਨਾ ਜਾਂ ਪ੍ਰਬੰਧ ਨਹੀਂ ਕੀਤਾ ਗਿਆ ਸੀ। ਪੁਲੀਸ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਦੱਸਿਆ ਕਿ ਔਰਤ ਅਤੇ ਉਸ ਦਾ ਲੜਕਾ ਸਿਨੇਮਾ ਹਾਲ ’ਚ ਦਾਖਲ਼ ਹੋਣ ਦੀ ਕੋਸ਼ਿਸ਼ ਕਰ ਰਹੀ ਭੀੜ ਵਿੱਚ ਫਸ ਗਏ। ਧੱਕ-ਮੁੱਕੀ ਦੌਰਾਨ ਦੋਵੇਂ ਦਮ ਘੁੱਟਣ ਕਾਰਨ ਬੇਹੋਸ਼ ਹੋ ਗਏ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਵੱਲੋਂ ਭੀੜ ਲਾਠੀਚਾਰਜ ਵੀ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ। -ਪੀਟੀਆਈ