ਅੱਲੂ ਅਰਜੁਨ ਤੇ ‘ਪੁਸ਼ਪਾ-2’ ਨਿਰਮਾਤਾਵਾਂ ਵੱਲੋਂ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਦੋ ਕਰੋੜ ਦੀ ਵਿੱਤੀ ਸਹਾਇਤਾ
ਹੈਦਰਾਬਾਦ, 25 ਦਸੰਬਰ
ਅਦਾਕਾਰਾ ਅੱਲੂ ਅਰਜੁਨ ਅਤੇ ਫਿਲਮ ‘ਪੁਸ਼ਪਾ 2’ ਦੇ ਨਿਰਮਾਤਾਵਾਂ ਨੇ 4 ਦਸੰਬਰ ਨੂੰ ਇੱਥੇ ਸੰਧਿਆ ਸਿਨੇਮਾਘਰ ਵਿੱਚ ਫਿਲਮ ਦਿਖਾਉਣ ਦੌਰਾਨ ਮਚੀ ਭਗਦੜ ਵਿੱਚ ਜਾਨ ਗੁਆਉਣ ਵਾਲੀ ਔਰਤ ਦੇ ਪਰਿਵਾਰ ਨੂੰ ਅੱਜ ਦੋ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਸ ਵਿਚਾਲੇ, ਤਿਲੰਗਾਨਾ ਸੂਬਾ ਫਿਲਮ ਵਿਕਾਸ ਨਿਗਮ (ਐੱਫਡੀਸੀ) ਦੇ ਪ੍ਰਧਾਨ ਅਤੇ ਪ੍ਰਮੁੱਖ ਨਿਰਮਾਤਾ ਦਿਲ ਰਾਜੂ ਨੇ ਕਿਹਾ ਕਿ ਸਰਕਾਰ ਤੇ ਫਿਲਮ ਜਗਤ ਵਿਚਾਲੇ ਚੰਗੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਫਿਲਮੀ ਸ਼ਖ਼ਸੀਅਤਾਂ ਦਾ ਇਕ ਵਫ਼ਦ ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨਾਲ ਵੀਰਵਾਰ ਨੂੰ ਮੁਲਾਕਾਤ ਕਰੇਗਾ। ਅੱਲੂ ਅਰਜੁਨ ਦੇ ਪਿਤਾ ਤੇ ਨਿਰਮਾਤਾ ਅੱਲੂ ਅਰਵਿੰਦ, ਦਿਲ ਰਾਜੂ ਅਤੇ ਹੋਰ ਲੋਕ ਨਿੱਜੀ ਹਸਪਤਾਲ ਗਏ। ਭਗਦੜ ਵਿੱਚ ਮਰਨ ਵਾਲੀ ਔਰਤ ਦੇ ਜ਼ਖ਼ਮੀ ਹੋਏ ਜ਼ਖ਼ਮੀ ਹੋਏ ਲੜਕੇ ਦਾ ਇਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਅੱਲੂ ਅਰਵਿੰਦ ਨੂੰ ਦੱਸਿਆ ਕਿ ਲੜਕੇ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਹੁਣ ਉਸ ਨੂੰ ਆਕਸੀਜਨ ਤੇ ਵੈਂਟੀਲੇਟਰ ਸਪੋਰਟ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਅਰਵਿੰਦ ਨੇ ਰਾਹਤ ਮਹਿਸੂਸ ਕੀਤੀ।
ਅੱਲੂ ਅਰਵਿੰਦ ਨੇ ਐਲਾਨ ਕੀਤਾ ਕਿ ਲੜਕੇ ਦੇ ਪਰਿਵਾਰ ਦੀ ਮਦਦ ਕਰਨ ਵਾਸਤੇ ਅੱਲੂ ਅਰਜੁਨ ਨੇ ਇਕ ਕਰੋੜ ਰੁਪਏ, ਫਿਲਮ ‘ਪੁਸ਼ਪਾ’ ਦੀ ਨਿਰਮਾਤਾ ਕੰਪਨੀ ਮੈਤਰੀ ਮੂਵੀ ਮੇਕਰਜ਼ ਨੇ 50 ਲੱਖ ਰੁਪਏ ਅਤੇ ਫਿਲਮ ਦੇ ਡਾਇਰੈਕਟਰ ਸੂਕੁਮਾਰ ਨੇ 50 ਲੱਖ ਰੁਪਏ ਦੀ ਵਿੱਤੀ ਸਹਾਇਤੀ ਦਿੱਤੀ ਹੈ। ਅਰਵਿੰਦ ਨੇ ਦਿਲ ਰਾਜੂ ਨੂੰ ਚੈੱਕ ਸੌਂਪਦਿਆਂ ਅਪੀਲ ਕੀਤੀ ਕਿ ਉਹ ਇਸ ਨੂੰ ਲੜਕੇ ਦੇ ਪਰਿਵਾਰ ਤੱਕ ਪਹੁੰਚਾ ਦੇਣ। ਉਨ੍ਹਾਂ ਦੱਸਿਆ ਕਿ ਕਾਨੂੰਨੀ ਅੜਿੱਕਿਆਂ ਕਰ ਕੇ ਬਿਨਾ ਮਨਜ਼ੂਰੀ ਤੋਂ ਉਹ ਉਨ੍ਹਾਂ ਦੇ ਪਰਿਵਾਰ ਨੂੰ ਸਿੱਧੇ ਤੋਰ ’ਤੇ ਨਹੀਂ ਮਿਲ ਸਕਦੇ ਹਨ। -ਪੀਟੀਆਈ