ਚੀਫ਼ ਖ਼ਾਲਸਾ ਦੀਵਾਨ ਚੋਣਾਂ ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਫਰਵਰੀ
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਜਨਰਲ ਕਮੇਟੀ ਦੀ 18 ਫਰਵਰੀ ਨੂੰ ਹੋਣ ਵਾਲੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਮੁੱਖ ਮੁਕਾਬਲਾ ‘ਆਪ’ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਤੇ ਸੁਰਿੰਦਰ ਸਿੰਘ ਪਾਲ ਸਾਬਕਾ ਆਮਦਨ ਕਰ ਕਮਿਸ਼ਨਰ ਵਿਚਾਲੇ ਹੋਵੇਗਾ। ਇਸ ਚੋਣ ਦੇ ਮੱਦੇਨਜ਼ਰ ਅੱਜ ਚੋਣ ਦਫ਼ਤਰ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਸਮੂਹ ਉਮੀਦਵਾਰਾਂ ਦੇ ਨਾਵਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੋਣ ਲੜ ਰਹੀਆਂ ਦੋ ਧਿਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਰਿਟਰਨਿੰਗ ਅਫ਼ਸਰ ਇੰਜਨੀਅਰ ਜਸਪਾਲ ਸਿੰਘ, ਪ੍ਰੋ. ਸੁਖਬੀਰ ਸਿੰਘ ਤੇ ਐਡਵੋਕਟ ਇੰਦਰਜੀਤ ਸਿੰਘ ਅੜੀ ਨੇ ਨਾਮਜ਼ਦਗੀਆਂ ਦੀ ਪੜਤਾਲ ਕਰਨ ਪਿੱਛੋਂ ਸਮੂਹ ਉਮੀਦਵਾਰਾਂ ਨੂੰ ਯੋਗ ਕਰਾਰ ਕਰ ਦਿੱਤਾ ਜਿਸ ਤਹਿਤ ਡਾ. ਇੰਦਰਬੀਰ ਸਿੰਘ ਨਿੱਝਰ ਦੀ ਧਿਰ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਲਈ ਡਾ. ਇੰਦਰਬੀਰ ਸਿੰਘ ਨਿੱਝਰ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸੰਤੋਖ ਸਿੰਘ ਸੇਠੀ ਅਤੇ ਜਗਜੀਤ ਸਿੰਘ, ਸਥਾਨਕ ਪ੍ਰਧਾਨ ਦੇ ਅਹੁਦੇ ਲਈ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਦੇ ਦੋ ਅਹੁਦਿਆਂ ਲਈ ਸਵਿੰਦਰ ਸਿੰਘ ਕੱਥੂਨੰਗਲ ਤੇ ਅਜੀਤ ਸਿੰਘ ਬਸਰਾ ਦੇ ਨਾਮ ਸ਼ਾਮਲ ਹਨ। ਦੂਜੇ ਪਾਸੇ ਸਾਬਕਾ ਕਮਿਸ਼ਨਰ ਸੁਰਿੰਦਰ ਸਿੰਘ ਪਾਲ ਧਿਰ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਸੁਰਿੰਦਰ ਸਿੰਘ ਪਾਲ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸਰਬਜੀਤ ਸਿੰਘ ਤੇ ਅਮਰਜੀਤ ਸਿੰਘ ਬਾਂਗਾ, ਸਥਾਨਕ ਪ੍ਰਧਾਨ ਦੇ ਅਹੁਦੇ ਲਈ ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸਕੱਤਰ ਦੇ ਦੋ ਅਹੁਦਿਆਂ ਲਈ ਡਾ. ਜਸਵਿੰਦਰ ਸਿੰਘ ਢਿੱਲੋਂ ਅਤੇ ਰਮਣੀਕ ਸਿੰਘ ਦੇ ਨਾਂ ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰਾਂ ਵੱਲੋਂ ਡਾ. ਨਿੱਝਰ ਦੀ ਧਿਰ ਨੂੰ ਚੋਣ ਨਿਸ਼ਾਨ (ਨਗਾਰਾ) ਤੇ ਸ੍ਰੀ ਪਾਲ ਦੀ ਧਿਰ ਨੂੰ ਚੋਣ ਨਿਸ਼ਾਨ (ਖੰਡਾ) ਅਲਾਟ ਕੀਤਾ ਗਿਆ ਹੈ। ਚੋਣ ਅਧਿਕਾਰੀਆ ਵੱਲੋਂ ਦੋਹਾਂ ਧਿਰਾਂ ਦੇ ਸੁਝਾਵਾਂ ਤੇ ਵਿਚਾਰ ਕਰਨ ਉਪਰੰਤ ਚੋਣਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਜਿਸ ਤੇ ਦੋਵਾਂ ਧਿਰਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ।ਜ਼ਿਕਰਯੋਗ ਹੈ ਕਿ ਲਗਪਗ 115 ਸਾਲ ਤੋਂ ਵਧੇਰੇ ਪੁਰਾਣੀ ਸਿੱਖ ਸੰਸਥਾ ਦੀ ਸਥਾਪਨਾ ਭਾਈ ਵੀਰ ਸਿੰਘ ਦੇ ਯਤਨਾਂ ਸਦਕਾ ਹੋਈ ਸੀ। ਇਸ ਵੇਲੇ ਦੇਸ਼ ਭਰ ਵਿੱਚ ਇਸਦੇ 500 ਤੋਂ ਵੱਧ ਮੈਂਬਰ ਹਨ, ਜੋ ਇਸ ਚੋਣ ਵਿੱਚ ਸ਼ਾਮਲ ਹੋਣਗੇ। ਗੈਰ ਸਿਆਸੀ ਸਿੱਖ ਸੰਸਥਾ ਵੱਲੋਂ ਇਸ ਵੇਲੇ ਪੰਜਾਬ ਸਮੇਤ ਹੋਰ ਥਾਵਾਂ ਤੇ ਲਗਪਗ 48 ਸਕੂਲ, 3 ਕਾਲਜ, ਅਨਾਥ ਆਸ਼ਰਮ, ਬੁਢਾਪਾ ਘਰ, ਹਸਪਤਾਲ ਅਤੇ ਕਲੀਨਿਕ ਚਲਾਏ ਜਾ ਰਹੇ ਹਨ। ਪ੍ਰਧਾਨ ਦੇ ਅਹੁਦੇ ਵਾਸਤੇ ਦੂਜੀ ਵਾਰ ਚੋਣ ਲੜ ਰਹੇ ਡਾ. ਨਿੱਝਰ ਇਸ ਵੇਲੇ ‘ਆਪ’ ਦੇ ਵਿਧਾਇਕ ਹਨ ਅਤੇ ‘ਆਪ’ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਸੰਸਥਾ ਦੇ ਸੰਸਥਾਪਕ ਭਾਈ ਵੀਰ ਸਿੰਘ ਦੀ ਸੋਚ ਦੇ ਪੱਕੇ ਪੈਰੋਕਾਰ ਹਾਂ।’ ਦੀਵਾਨ ਨੇ ਉਨ੍ਹਾਂ ਦੇ ਕਾਰਜਕਾਲ ਵਿਚ ਵਿੱਦਿਅਕ ਖੇਤਰ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਇਰਾਦੇ ਸਪੱਸ਼ਟ ਅਤੇ ਪਾਰਦਰਸ਼ੀ ਹਨ। ਉਨ੍ਹਾਂ ਨੇ ਲਗਭਗ 400 ਮੈਂਬਰਾਂ ਵਲੋਂ ਵੋਟ ਪਾਉਣ ਦੀ ਉਮੀਦ ਪ੍ਰਗਟਾਈ ਹੈ। ਦੂਜੇ ਪਾਸੇ ‘ਸੀਕੇਡੀ ਬਚਾਓ ਫਰੰਟ’ ਦੇ ਬੈਨਰ ਹੇਠ ਚੋਣ ਲੜ ਰਹੇ ਸੁਰਿੰਦਰ ਸਿੰਘ ਪਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਦੀਵਾਨ ਦੇ ਪੁਰਾਣੇ ਅਤੇ ਤਜਰਬੇਕਾਰ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਮੈਨੇਜਮੈਂਟ ਦਾ ਤਾਨਾਸ਼ਾਹੀ ਰਵੱਈਆ ਇਸ ਵਾਰ ਉਨ੍ਹਾਂ ਲਈ ਘਾਤਕ ਸਿੱਧ ਹੋਵੇਗਾ।