ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ 20 ਫਲੈਟਾਂ ਦੀ ਅਲਾਟਮੈਂਟ ਰੱਦ
ਆਤਿਸ਼ ਗੁਪਤਾ
ਚੰਡੀਗੜ੍ਹ, 16 ਅਕਤੂਬਰ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਨੇ ਸੈਕਟਰ-49 ਤੇ 56 ਵਿਚ ਸਥਿਤ ਮਕਾਨਾਂ ਵਿੱਚੋਂ 20 ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਇਸ ਵਿੱਚ ਸੈਕਟਰ-49 ਦੇ 8 ਛੋਟੇ ਫਲੈਟ ਅਤੇ ਸੈਕਟਰ-56 ਦੇ 12 ਫਲੈਟ ਸ਼ਾਮਲ ਹਨ। ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 20 ਫਲੈਟਾਂ ਵੱਲ ਬੋਰਡ ਦਾ 40 ਲੱਖ ਰੁਪਏ ਬਕਾਇਆ ਖੜ੍ਹਾ ਹੈ। ਇਸ ਵਿੱਚ 9 ਫਲੈਟਾਂ ਦੇ 1.92-1.92 ਲੱਖ ਰੁਪਏ ਬਕਾਇਆ ਹਨ, ਜਦੋਂ ਕਿ ਬਾਕੀ 11 ਵੱਲ 2 ਤੋਂ 2.25 ਲੱਖ ਰੁਪਏ ਤੱਕ ਦਾ ਬਕਾਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਸਾਲ 2018-19 ਤੋਂ ਹੁਣ ਤੱਕ ਸੱਤ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਪਰ ਉਕਤ ਵਿਅਕਤੀਆਂ ਵੱਲੋਂ ਨਾ ਬਕਾਇਆ ਰਕਮ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਨੋਟਿਸ ਦਾ ਕੋਈ ਜਵਾਬ ਦਿੱਤਾ ਜਾ ਰਿਹਾ ਹੈ। ਲੋਕਾਂ ਦੀ ਅਜਿਹੀ ਅਣਗਹਿਲੀ ਨੂੰ ਵੇਖਦਿਆਂ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸੈਕਟਰ-49 ਤੇ 56 ਵਿਚਲੇ 20 ਮਕਾਨਾਂ ਦੀ ਅਲਾਟਮੈਂਟ ਰੱਦ ਕਰਕੇ ਮਕਾਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬੋਰਡ ਨੇ 30 ਦਿਨਾਂ ਅੰਦਰ ਕਬਜ਼ਾ ਬੋਰਡ ਦੇ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਕਬਜ਼ਾ ਨਾ ਦਿੱਤਾ ਗਿਆ ਤਾਂ ਬੋਰਡ ਵੱਲੋਂ ਕਾਨੂੰਨੀ ਢੰਗ ਨਾਲ ਘਰਾਂ ਨੂੰ ਖਾਲੀ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਸੀਐੱਚਬੀ ਵੱਲੋਂ ਅਲਾਟ ਕੀਤੇ ਗਏ ਫਲੈਟਾਂ ਦੇ ਲੋਕਾਂ ਵੱਲ 44 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਕਾਇਆ ਹੈ। ਇਸ ਦਾ ਭੁਗਤਾਨ ਕਰਵਾਉਣ ਲਈ ਬੋਰਡ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ। ਬੋਰਡ ਨੇ ਸੀਐੱਚਬੀ ਦੇ ਫਲੈਟਾਂ ਵਿੱਚ ਰਹਿਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਵਿਅਕਤੀਆਂ ਵੱਲੋਂ ਬਕਾਏ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਡਿਫਾਲਟਰਾਂ ਵਿਰੁੱਧ ਵੀ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ।