For the best experience, open
https://m.punjabitribuneonline.com
on your mobile browser.
Advertisement

ਹਾਊਸਿੰਗ ਬੋਰਡ ਵੱਲੋਂ 16 ਦੇਣਦਾਰਾਂ ਦੀ ਅਲਾਟਮੈਂਟ ਰੱਦ

08:09 AM Jul 23, 2024 IST
ਹਾਊਸਿੰਗ ਬੋਰਡ ਵੱਲੋਂ 16 ਦੇਣਦਾਰਾਂ ਦੀ ਅਲਾਟਮੈਂਟ ਰੱਦ
ਧਨਾਸ ਵਿੱਚ ਸਥਿਤ ਸੀਐੱਸਬੀ ਦੀ ਮੁੜ ਵਸੇਬਾ ਸਕੀਮ ਤਹਿਤ ਅਲਾਟ ਕੀਤੇ ਫਲੈਟ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 21 ਜੁਲਾਈ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐਚਬੀ) ਨੂੰ ਸ਼ਹਿਰ ਦੀ ਬੇਸ਼ਕੀਮਤੀ ਜ਼ਮੀਨ ’ਤੇ ਮੁੜ ਵਸੇਬੇ ਅਧੀਨ ਅਲਾਟ ਕੀਤੇ ਫਲੈਟਾਂ ਦੀ ਮਹੀਨਾਵਾਰ ਲਾਈਸੈਂਸ ਫੀਸ (ਕਿਰਾਇਆ) ਵਸੂਲਣ ਲਈ ਤਰਲੋਮੱਛੀ ਹੋਣਾ ਪੈ ਰਿਹਾ ਹੈ। ਬੋਰਡ ਵੱਲੋਂ ਅਲਾਟ ਕੀਤੇ ਫਲੈਟਾਂ ਦੇ ਅਲਾਟੀਆਂ ਦੇ ਸਿਰ ਕਰੋੜਾਂ ਰੁਪਏ ਦਾ ਬਕਾਇਆ ਹੈ। ਸੀਐਚਬੀ ਨੇ ਕਿਫ਼ਾਇਤੀ ਕਿਰਾਇਆ ਆਵਾਸ ਯੋਜਨਾ ਤਹਿਤ ਅਲਾਟ ਕੀਤੇ ਫਲੈਟਾਂ ਦੇ ਦੇਣਦਾਰਾਂ ਅਤੇ ਅਲਾਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇਣਦਾਰ ਅਲਾਟੀਆਂ ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਅਜਿਹੇ ਦੇਣਦਾਰਾਂ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੋਰਡ ਨੇ ਇਸ ਪ੍ਰਕਿਰਿਆ ਨੂੰ ਅੱਗੇ ਤੋਰਦੇ ਹੋਏ ਇਸ ਮਹੀਨੇ 16 ਛੋਟੇ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ।
ਸੀਐਚਬੀ ਮੁਤਾਬਕ ਦੇ ਰਿਕਾਰਡ ਅਨੁਸਾਰ ਕਈ ਅਲਾਟੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਫਲੈਟਾਂ ਦਾ ਕਿਰਾਇਆ ਜਮ੍ਹਾਂ ਨਹੀਂ ਕਰਵਾਇਆ। ਬੋਰਡ ਵੱਲੋਂ ਇਨ੍ਹਾਂ ਨੂੰ ਕਈ ਵਾਰ ‘ਕਾਰਨ ਦੱਸੋ’ ਨੋਟਿਸ ਸਣੇ ਡਿਮਾਂਡ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਜਮ੍ਹਾਂ ਨਹੀਂ ਕਰਵਾਇਆ ਗਿਆ। ਬੋਰਡ ਦੇ ਅਧਿਕਾਰੀਆਂ ਅਨੁਸਾਰ ਸੀਐੱਚਬੀ ਨੇ ਵੱਖ ਵੱਖ ਤਰੀਕਿਆਂ ਨਾਲ ਅਲਾਟੀਆਂ ਨੂੰ ਬਕਾਇਆ ਜਮ੍ਹਾਂ ਕਰਵਾਉਣ ਲਈ ਯਤਨ ਕੀਤੇ ਸਨ ਪਰ ਦੇਣਦਾਰਾਂ ’ਤੇ ਕੋਈ ਅਸਰ ਨਹੀਂ ਹੋਇਆ। ਬੋਰਡ ਅਨੁਸਾਰ ਇਨ੍ਹਾਂ ਦੇਣਦਾਰਾਂ ਵੱਲ ਲਗਪਗ 64 ਕਰੋੜ ਰੁਪਏ ਕਿਰਾਇਆ ਬਕਾਇਆ ਹੈ। ਸੀਐਚਬੀ ਨੇ ਸਾਰੇ ਦੇਣਦਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਫਲੈਟਾਂ ਦੇ ਬਕਾਏ ਨੂੰ ਤੁਰੰਤ ਜਮ੍ਹਾਂ ਕਰਵਾਉਣ ਨਹੀਂ ਤਾਂ ਫਲੈਟਾਂ ਦੀ ਅਲਾਟਮੈਂਟ ਰੱਦ ਕੀਤੀ ਜਾਵੇਗੀ। ਬੋਰਡ ਵੱਲੋਂ ਬਕਾਇਆ ਰਕਮ ਵਾਲੇ ਅਲਾਟੀਆਂ ਦੀ ਸੂਚੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ ’ਤੇ ਨਿਯਮਤ ਤੌਰ ’ਤੇ ਅਪਡੇਟ ਕੀਤੀ ਜਾ ਰਹੀ ਹੈ। ਅਲਾਟੀ ਬੋਰਡ ਦੀ ਵੈੱਬਸਾਈਟ www.chbonline.in ਰਾਹੀਂ, ਕਿਸੇ ਵੀ ਸੰਪਰਕ ਕੇਂਦਰ ਜਾਂ ਐੱਚਡੀਐੱਫਸੀ ਬੈਂਕ ਦੀ ਬ੍ਰਾਂਚ ’ਚ ਬਕਾਏ ਦਾ ਭੁਗਤਾਨ ਕਰ ਸਕਦੇ ਹਨ।
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸਰਕਾਰ ਦੀ ਮੁੜ ਵਸੇਬਾ ਸਮਾਲ ਫਲੈਟ ਯੋਜਨਾ ਦੇ ਅਧੀਨ ਸ਼ਹਿਰ ਵਿੱਚ ਲਗਪਗ 18,138 ਫਲੈਟ ਅਲਾਟ ਕੀਤੇ ਸਨ। ਇਨ੍ਹਾਂ ਵਿੱਚ ਕਿਫ਼ਾਇਤੀ ਕਿਰਾਇਆ ਆਵਾਸ ਯੋਜਨਾ ਅਧੀਨ ਅਲਾਟ ਕੀਤੇ ਗਏ 2000 ਫਲੈਟ ਸ਼ਾਮਲ ਹਨ। ਇਨ੍ਹਾਂ ਫਲੈਟਾਂ ਨੂੰ ਲਾਭਪਾਤਰੀ ਅਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਮੂਲੀ ਮਹੀਨਾਵਾਰ ਲਾਇਸੈਂਸ ਫੀਸ (ਕਿਰਾਏ) ਦੇ ਆਧਾਰ ’ਤੇ ਅਲਾਟ ਕੀਤਾ ਗਿਆ ਸੀ। ਅਲਾਟਮੈਂਟ ਸ਼ਰਤਾਂ ਅਨੁਸਾਰ ਇਨ੍ਹਾਂ ਫਲੈਟਾਂ ਨੂੰ ਅੱਗੇ ਵੇਚਣਾ, ਸਬ-ਲੇਟ, ਅੱਗੇ ਕਿਸੇ ਦੇ ਨਾਮ ਟਰਾਂਸਫਰ ਅਤੇ ਕਿਸੇ ਹੋਰ ਵਿਅਕਤੀ ਨੂੰ ਰਹਿਣ ਲਈ ਨਹੀਂ ਦਿੱਤਾ ਜਾ ਸਕਦਾ। ਬੋਰਡ ਦੀਆਂ ਟੀਮਾਂ ਵੱਲੋਂ ਪਿਛਲੇ ਸਾਲ ਵੱਡੀ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਸੈਂਕੜੇ ਫਲੈਟਾਂ ਵਿੱਚ ਨਿਯਮਾਂ ਦੀ ਉਲੰਘਣਾ ਦਾ ਪਤਾ ਲੱਗਿਆ ਸੀ। ਇਸ ਦੀ ਰਿਪੋਰਟ ਅਲਗੇਰੀ ਕਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਸੀ।

Advertisement

ਚੰਡੀਗੜ੍ਹ ਹਾਊਸਿੰਗ ਬੋਰਡ ਫੈਡਰੇਸ਼ਨ ਕਮੇਟੀ ਨੇ ਸੰਜੈ ਟੰਡਨ ਨਾਲ ਕੀਤੀ ਮੁਲਾਕਾਤ

ਹਾਊਸਿੰਗ ਬੋਰਡ ਫੈੱਡਰੇਸ਼ਨ ਕਮੇਟੀ ਦੇ ਅਹੁਦੇਦਾਰ ਸੰਜੈ ਟੰਡਨ ਨਾਲ ਗੱਲਬਾਤ ਕਰਦੇ ਹੋਏ।

ਚੰਡੀਗੜ੍ਹ ਹਾਊਸਿੰਗ ਬੋਰਡ ਫੈੱਡਰੇਸ਼ਨ ਕਮੇਟੀ ਦੇ ਵਫ਼ਦ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਸੰਜੇ ਟੰਡਨ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸ੍ਰੀ ਟੰਡਨ ਸਾਹਮਣੇ ਸੀਐੱਚਬੀ ਅਲਾਟੀਆਂ ਦੀਆਂ ਸਮੱਸਿਆਵਾਂ ਰੱਖੀਆਂ। ਵਫ਼ਦ ਨੇ ਸੀਐੱਚਬੀ ਅਲਾਟੀਆਂ ਵੱਲੋਂ ਆਪਣੇ ਫਲੈਟਾਂ ਵਿੱਚ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਤੇ ਤਬਦੀਲੀਆਂ ਸਣੇ ਲੀਜਹੋਲਡ ਤੋਂ ਫਰੀ ਹੋਲਡ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਦਿੱਲੀ ਵਿੱਚ ਭਾਜਪਾ ਸ਼ਾਸਨ ਦੌਰਾਨ ਤਤਕਾਲੀਨ ਮੁੱਖ ਮੰਤਰੀ ਵੀਕੇ ਮਲਹੋਤਰਾ ਦੀ ਸਰਕਾਰ ਵੱਲੋਂ ਚੁੱਕੇ ਗਏ ਇਕ ਮੁਸ਼ਤ ਨਿਬੇੜਾ ਸਕੀਮ ਪੈਟਰਨ ’ਤੇ ਹੱਲ ਕਰਵਾਉਣ ਦੀ ਮੰਗ ਕੀਤੀ। ਸ੍ਰੀ ਟੰਡਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਯੂਟੀ ਪ੍ਰਸ਼ਾਸਨ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਵਫ਼ਦ ਨੂੰ ਨਾਲ ਲੈ ਕੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਵੀ ਗੱਲਬਾਤ ਕਰਨਗੇ। ਟੰਡਨ ਨੇ ਕਿਹਾ ਕਿ ਭਾਜਪਾ ਸੀਐੱਚਬੀ ਅਲਾਟੀਆਂ ਦਾ ਦਿੱਲੀ ਪੈਟਰਨ ’ਤੇ ਹੱਲ ਕਰਵਾ ਕੇ ਰਹੇਗੀ। ਇਸ ਮੌਕੇ ਵੀਕੇ ਨਿਰਮਲ ਸਿੰਘ, ਏਸੀ ਧਵਨ, ਸੰਜੀਵ ਗਰੋਵਰ, ਤਰਸੇਮ ਸ਼ਰਮਾ, ਐੱਮਐੱਲ ਕਾਲੜਾ ਅਤੇ ਏਐੱਸ ਵਾਲੀਆ ਸਣੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਰਹੇ।

Advertisement
Author Image

sukhwinder singh

View all posts

Advertisement
Advertisement
×