ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਦਸ ਸਿਰਾਂ ਵਾਲਾ ਰਾਵਣ: ਭਾਜਪਾ
ਨਵੀਂ ਦਿੱਲੀ, 19 ਜੁਲਾਈ
ਭਾਜਪਾ ਨੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੂੰ ਦਸ ਸਿਰ ਵਾਲਾ ਰਾਵਣ ਕਰਾਰ ਦਿੱਤਾ ਹੈ। ਸੱਤਾਧਾਰੀ ਪਾਰਟੀ ਨੇ ਸੋਸ਼ਲ ਮੀਡੀਆ ’ਤੇ ਪਾਈਆਂ ਤਿੰਨ ਸ਼ਾਰਟ ਵੀਡੀਓਜ਼ ਵਿੱਚ 26 ਮੈਂਬਰੀ ਬਲਾਕ ਨੂੰ ਦਸ ਸਿਰਾਂ ਵਾਲੇ ਰਾਵਣ ਵਜੋਂ ਪੇਸ਼ ਕੀਤਾ ਹੈ। ਟਵਿੱਟਰ ’ਤੇ ਪਾਈਆਂ ਇਨ੍ਹਾਂ ਵੀਡੀਓਜ਼ ਵਿੱਚ ਭਾਜਪਾ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਬਹੁਤੇ ਭਾਈਵਾਲਾਂ ਵਾਲੀ ਸਰਕਾਰ ਦੀ ਦੂਰਅੰਦੇਸ਼ੀ ਸੋਚ ਨਹੀਂ ਹੋ ਸਕਦੀ। ਇਨ੍ਹਾਂ ਵੀਡੀਓਜ਼ ਵਿਚੋਂ ਇਕ ਦਾ ਮੁੱਖ ਕਿਰਦਾਰ ਦਸ ਸਿਰਾਂ ਵਾਲੇ ਵਿਅਕਤੀ, ਜੋ ਕੁਦਰਤੀ ਨਜ਼ਾਰਾ ਵੇਖਣ ਲਈ ਟੈਲੀਸਕੋਪ ਵਰਤਣਾ ਚਾਹੁੰਦਾ ਹੈ, ਨੂੰ ਕਹਿੰਦਾ ਹੈ, ‘‘ਜਿੱਥੋਂ ਤੱਕ ਦੂਰਅੰਦੇਸ਼ੀ ਸੋਚ ਦੀ ਗੱਲ ਹੈ ਤਾਂ ਬਾਜ਼ ਵਰਗੀਆਂ ਦੋ ਅੱਖਾਂ ਦੀ ਲੋੜ ਹੈ, 20 ਅੱਖਾਂ ਦੀ ਲੋੜ ਨਹੀਂ...ਜੇਕਰ ਇਹ ਪੰਜ ਸਾਲ ਤੁਹਾਡੇ ਨਾਲ ਰਹਿ ਗਈਆਂ ਤਾਂ ਦੇਸ਼ ਦੀ ਨਿਗ੍ਹਾ ਧੁੰਦਲੀ ਹੋ ਜਾਵੇਗੀ।’’ ਵੀਡੀਓ ਇਸ ਸੁਝਾਅ ਨਾਲ ਮੁੱਕਦੀ ਹੈ ਕਿ ‘ਰਾਵਣ ਦਾ ਦਹਨਿ ਕੀਤਾ ਜਾਂਦਾ ਹੈ, ਚਯਨ (ਚੋਣ) ਨਹੀਂ।’’ ਭਾਜਪਾ ਨੇ ਵੀਡੀਓ ਪੋਸਟ ਕਰਦਿਆਂ ਟਵੀਟ ਕੀਤਾ, ‘‘ਨਾਮ ਬਦਲਣ ਨਾਲ, ਇਰਾਦੇ ਨਹੀਂ ਬਦਲ ਜਾਂਦੇ।’’ -ਪੀਟੀਆਈ