ਮਾਨਸਾ ਜ਼ਿਲ੍ਹੇ ਦੀਆਂ ਨਰਸਰੀਆਂ ਵਿੱਚ ਬੂਟਿਆਂ ਦੀ ਘਾਟ ਹੋਣ ਦਾ ਦੋਸ਼
ਪੱਤਰ ਪ੍ਰੇਰਕ
ਮਾਨਸਾ, 21 ਜੁਲਾਈ
ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਜੰਗਲਾਤ ਵਿਭਾਗ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਨਰਸਰੀਆਂ ਵਿੱਚ ਬੂਟਿਆਂ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਪ੍ਰੇਮੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਬੂਟਾ ਪੈਦਾ ਕਰਨ ਦਾ ਕਰੋੜਾਂ ਦਾ ਬਜਟ ਪਹਿਲਾਂ ਹੀ ਮਹਿਕਮੇ ਨੂੰ ਮਿਲ ਚੁੱਕਿਆ ਹੈ। ਐਡਵੋਕੇਟ ਕੁਲਵਿੰਦਰ ਉਡਤ ਨੇ ਕਿਹਾ ਕਿ ਆਲਮੀ ਤਪਸ਼ ਦੇ ਵਾਤਾਵਰਨ ’ਤੇ ਪਏ ਮਾਰੂ ਪ੍ਰਭਾਵਾਂ ਤੋਂ ਚਿੰਤਤ ਆਮ ਲੋਕਾਂ, ਸਮਾਜਿਕ, ਸੱਭਿਆਚਾਰਕ, ਧਾਰਮਿਕ ਸੰਸਥਾਵਾ ਤੇ ਜਨਤਕ ਕਲੱਬਾਂ ਨੇ ਜਿੱਥੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀ ਰੁੱਖ ਲਗਾਉਣ ਦੀ ਮੁਹਿੰਮ ਜ਼ੋਰਾ-ਸ਼ੋਰਾ ਨਾਲ ਚਲਾਈ ਜਾ ਰਹੀ, ਉੱਥੇ ਹੀ ਸਰਕਾਰ ਦਾ ਜੰਗਲਾਤ ਵਿਭਾਗ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੌਦੇ ਉਗਾਉਣ ਵਾਲੇ ਸਰਕਾਰੀ ਬਜਟ ਨੂੰ ਖੁਰਦ-ਬੁਰਦ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਲੋੜੀਂਦੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।