ਸਿਮਰਨਜੀਤ ਮਾਨ ਵੱਲੋਂ ਕਿਸਾਨ ਗਿਆਨ ਸਿੰਘ ਦੇ ਦਰਸ਼ਨਾਂ ਤੋਂ ਰੋਕਣ ਦੇ ਦੋਸ਼
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਉਹ ਕੱਲ੍ਹਾ ਕਿਸਾਨ ਸੰਘਰਸ਼ ਦੌਰਾਨ ਪੰਜਾਬ ਹਰਿਆਣਾ ਦੀਆਂ ਹੱਦਾਂ ’ਤੇ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ ਚਾਲ ਪੁੱਛਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਾਚੋਕੀ ਦਾ ਕਿਸਾਨ ਗਿਆਨ ਸਿੰਘ ਜੋ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਿਆ ਹੈ, ਦੀ ਦੇਹ ਪਟਿਆਲਾ ਹਸਪਤਾਲ ਮੁਰਦਘਾਟ ਵਿੱਚ ਰੱਖੀ ਗਈ ਸੀ। ਉਨ੍ਹਾਂ ਦੀ ਇੱਛਾ ਸੀ ਕਿ ਉਹ ਮ੍ਰਿਤਕ ਕਿਸਾਨ ਗਿਆਨ ਸਿੰਘ ਦੀ ਦੇਹ ਦੇ ਦਰਸ਼ਨ ਕਰਨ ਪਰ ਉਨ੍ਹਾਂ ਨੂੰ ਉਥੇ ਖੜ੍ਹੇ ਜੋਗਾ ਸਿੰਘ ਭਟੇੜੀ ਨੇ ਅਜਿਹਾ ਕਰਨ ਸਾਫ਼ ਇਨਕਾਰ ਕਰ ਦਿੱਤਾ। ਉਹ ਅੱਜ ਇੱਥੇ ਪੀਏਸੀ ਦੀ ਮੀਟਿੰਗ ਕਰਨ ਆਏ ਸਨ। ਮਗਰੋਂ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਗਿਆਨ ਸਿੰਘ ਦੀ ਸੰਘਰਸ਼ ਦੌਰਾਨ ਸ਼ੰਭੂ ਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਖ਼ਿਲਾਫ਼ ਕੇਸ ਦਰਜ ਕਰਾਉਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਪੰਜਾਬ ਵਿੱਚ ਕਿਸਾਨਾਂ ’ਤੇ ਅਥਰੂ ਗੈਸ ਦੇ ਗੋਲੇ ਸੁੱਟਣ ਦਾ ਕੋਈ ਹੱਕ ਨਹੀਂ।