ਖਨੌਰੀ ਅਤੇ ਅਰਨੌ ਅਨਾਜ ਮੰਡੀਆਂ ਵਿੱਚ ਬਾਹਰਲਾ ਝੋਨਾ ਵਿਕਣ ਦੇ ਦੋਸ਼
ਗੁਰਨਾਮ ਸਿੰਘ ਚੌਹਾਨ
ਖਨੌਰੀ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੋਸ਼ ਲਾਇਆ ਕਿ ਕਿਸਾਨਾਂ ਦਾ ਝੋਨਾ ਖੇਤਾਂ ਵਿੱਚ ਰੁਲ ਰਿਹਾ ਹੈ ਅਤੇ ਬਾਹਰੋਂ ਆਇਆ ਝੋਨਾ ਮੰਡੀਆਂ ’ਚ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਖਨੌਰੀ ਤੇ ਅਰਨੌ ਮੰਡੀ ਵਿੱਚ ਸੰਗਰੂਰ ਅਤੇ ਪਟਿਆਲਾ ਨੇੜਲੇ ਪਿੰਡਾਂ ਦਾ ਝੋਨਾ ਨਾ ਮਾਤਰ ਅਤੇ ਬਾਹਰੋਂ ਵੱਡੀ ਪੱਧਰ ’ਤੇ ਝੋਨਾ ਆ ਰਿਹਾ ਹੈ। ਇਸ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਬਾਹਰੋਂ ਆ ਰਿਹਾ ਝੋਨਾ ਸ਼ੈਲਰਾਂ ਵਿੱਚ ਨਹੀਂ ਬਲਕਿ ਮੰਡੀਆਂ ’ਚ ਉਤਰ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਕੋਸ਼ਿਸ਼ ਕਰਨ ’ਤੇ ਮਾਰਕੀਟ ਕਮੇਟੀ ਖਨੌਰੀ ਦਾ ਸਕੱਤਰ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਖੁਦ ਬਾਹਰੋਂ ਝੋਨਾ ਆਉਣ ਤੋਂ ਰੋਕਣਗੇ। ਐੱਸਡੀਐੱਮ ਮੂਣਕ ਤੇ ਮਾਰਕੀਟ ਕਮੇਟੀ ਖਨੌਰੀ ਦੇ ਪ੍ਰਬੰਧਕ ਸੂਬਾ ਸਿੰਘ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਆਉਣ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਖਨੌਰੀ ਮੰਡੀ ਵਿੱਚ 80 ਫ਼ੀਸਦ ਝੋਨਾ ਲਿਫਟਿੰਗ ਹੋ ਚੁੱਕਾ ਹੈ ਤੇ ਆਉਣ ਵਾਲਾ ਝੋਨਾ ਨਾਲੋਂ ਨਾਲ ਖ਼ਰੀਦਿਆ ਜਾ ਰਿਹਾ ਹੈ। ਮਾਰਕੀਟ ਕਮੇਟੀ ਖਨੌਰੀ ਦੇ ਸਕੱਤਰ ਨੂੰ ਵਾਰ-ਵਾਰ ਫੋਨ ਕਰਨ ’ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਆਗੂ ਰਾਜ ਸਿੰਘ ਥੋੜੀ, ਕ੍ਰਾਂਤੀਕਾਰੀ ਦੇ ਅਜੀਤ ਸਿੰਘ ਮੁਤੋਲੀ ਆਦਿ ਮੌਜੂਦ ਸਨ।