ਮਿੱਡ-ਡੇਅ ਮੀਲ ਵੇਚਣ ਦੇ ਦੋਸ਼ ਝੂਠੇ ਤੇ ਨਿਰਾਧਾਰ ਕਰਾਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਮਿੱਡ-ਡੇਅ ਮੀਲ ਵੇਚਣ ਦੇ ਦੋਸ਼ਾਂ ਦੀ ਪੜਤਾਲ ਮਗਰੋਂ ਅੱਜ ਸੀਨੀਅਰ ਟੀਚਰਜ਼ ਫੋਰਮ ਅਤੇ ਲੋਕਹਿੱਤ ਸੰਘਰਸ਼ ਕਮੇਟੀ ਵੱਲੋਂ ਸੇਵਾਮੁਕਤ ਪ੍ਰਿੰ. ਜਗਮੋਹਨ ਸਿੰਘ ਅਤੇ ਮਾ. ਜੋਗਿੰਦਰ ਆਜ਼ਾਦ ਦੀ ਅਗਵਾਈ ’ਚ ਮਾਮਲੇ ਦੀ ਪੜਤਾਲ ਕੀਤੀ ਗਈ। ਡੀਟੀਐੱਫ ਨੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ‘ਚ ਸਕੂਲ ਸਟਾਫ਼ ਨਾਲ ਲੰਮੀ ਗੱਲਬਾਤ ਮਗਰੋਂ ਮਿੱਡ-ਡੇਅ ਮੀਲ ਵੇਚਣ ਦੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਜਥੇਬੰਦੀਆਂ ਦੀ ਟੀਮ ਅੱਜ ਇਥੇ ਕੱਚਾ ਮਲਕ ਰੋਡ ਸਥਿਤ ਦਸਮੇਸ਼ ਨਗਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ’ਚ ਪਹੁੰਚੀ। ਟੀਮ ਵਿੱਚ ਸ਼ਾਮਲ ਸੇਵਾਮੁਕਤ ਅਧਿਆਪਕਾਂ ਤੇ ਆਗੂਆਂ ਨੇ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ। ਪੜਤਾਲੀਆ ਟੀਮ ਨੇ ਆਪਣੇ ਪੱਧਰ ‘ਤੇ ਜਾਂਚ ਦਾ ਕੰਮ ਨਬਿੇੜਨ ਮਗਰੋਂ ਦਾਅਵਾ ਕੀਤਾ ਕਿ ਮਿੱਡ-ਡੇਅ ਮੀਲ ਵੇਚਣ ਦੇ ਦੋਸ਼ ਗੁੰਮਰਾਹਕੁਨ, ਸ਼ਰਾਰਤਪੂਰਨ ਅਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਅਜਿਹਾ ਕੀਤਾ ਜਿਸ ਤੋਂ ਬਾਅਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਪੜਤਾਲ ਲਈ ਸਕੂਲ ਪਹੁੰਚੇ। ਯਾਦ ਰਹੇ ਕਿ ਪਿਛਲੇ ਹਫ਼ਤੇ ਇਸ ਸਕੂਲ ‘ਚ ਮਿੱਡ-ਡੇਅ ਮੀਲ ਬਾਹਰ ਕਰਿਆਨਾ ਦੁਕਾਨ ’ਤੇ ਵੇਚਣ ਦਾ ਰੌਲਾ ਪੈ ਗਿਆ ਸੀ। ਮੁੱਖ ਅਧਿਆਪਕਾ ਸੁਖਵਿੰਦਰ ਕੌਰ ਤੇ ਬਾਕੀ ਸਟਾਫ਼ ਨੇ ਸਰਕਾਰੀ ਰਾਸ਼ਨ ਨਾ ਪਹੁੰਚਣ ਕਾਰਨ ਉਧਾਰ ਲਿਆ ਰਾਸ਼ਨ ਮੋੜਨ ਦੀ ਗੱਲ ਆਖੀ ਸੀ ਜਿਸ ਨੂੰ ਮਿੱਡ-ਡੇਅ ਮੀਲ ਬਾਹਰ ਵੇਚਣ ਦਾ ਮਾਮਲਾ ਸਮਝ ਲਿਆ ਗਿਆ। ਆਗੂਆਂ ਨੇ ਕਿਹਾ ਕਿ ਜਲਦ ਹੀ ਉਹ ਮੁਕੰਮਲ ਰਿਪੋਰਟ ਬਣਾ ਕੇ ਜਨਤਕ ਕਰਨਗੇ। ਜ਼ਿਕਰਯੋਗ ਹੈ ਕਿ ਡੀਟੀਐੱਫ ਨੇ ਇਸ ਮਾਮਲੇ ’ਚ 10 ਅਗਸਤ ਤਕ ਦਾ ਅਲਟੀਮੇਟਮ ਦੇ ਕੇ ਵਿਧਾਇਕ ਮਾਣੂੰਕੇ ਨੂੰ ਨਿਰਪੱਖ ਪੜਤਾਲ ਤੇ ਸੱਚਾਈ ਸਾਹਮਣੇ ਲਿਆਉਣ ਲਈ ਕਿਹਾ ਹੋਇਆ ਹੈ।