ਪੀਏਯੂ ਦੀਆਂ ਵਿਦਿਆਰਥਣਾਂ ਵੱਲੋਂ ਅਧਿਆਪਕਾਂ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼
ਸਤਵਿੰਦਰ ਬਸਰਾ
ਲੁਧਿਆਣਾ, 31 ਜੁਲਾਈ
ਪੀਏਯੂ ਵਿੱਚ ਵੱਖ ਵੱਖ ਕੋਰਸਾਂ ਦੀ ਪੜ੍ਹਾਈ ਕਰਦੀਆਂ ਵਿਦਿਆਰਥਣਾਂ ਵੱਲੋਂ ਰਾਜਪਾਲ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਚਿੱਠੀ ਵਿੱਚ ਵਿਦਿਆਰਥਣਾਂ ਨੇ ਅਧਿਆਪਕਾਂ ’ਤੇ ਸਰੀਰਕ ਸ਼ੋਸ਼ਣ ਅਤੇ ਛੇੜ-ਛਾੜ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਇਸ ਮਾਮਲੇ ’ਚ ਪੀਏਯੂ ਪ੍ਰਸ਼ਾਸਨ ਨੇ ਇੱਕ ਅਧਿਆਪਕ ਦਾ ਤਬਾਦਲਾ ਹੋਰ ਸਟੇਸ਼ਨ ’ਤੇ ਕਰ ਦਿੱਤਾ ਹੈ।
ਪੀਏਯੂ ਦੀਆਂ ਵਿਦਿਆਰਥਣਾਂ ਵੱਲੋਂ ਰਾਜਪਾਲ ਨੂੰ ਲਿਖੀ ਇਸ ਚਿੱਠੀ ਵਿੱਚ ਸ਼ਿਕਾਇਤ ਕੀਤੀ ਹੈ ਕਿ ਪੀਏਯੂ ਵਿੱਚ ਅਧਿਆਪਕਾਂ ਵੱਲੋਂ ਕੁੜੀਆਂ ਨਾਲ ਕਥਿਤ ਗਲਤ ਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਛੇੜ-ਛਾੜ ਕੀਤੀ ਜਾਂਦੀ ਹੈ। ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਪਰ ਹਰ ਵਾਰ ਮਾਮਲੇ ਨੂੰ ਦਬਾ ਲਿਆ ਜਾਂਦਾ ਹੈ। ਹੁਣ ਵੀ ਇੱਕ ਅੰਡਰ-ਗ੍ਰੈਜੂਏਟ ਵਿਦਿਆਰਥਣ ਨਾਲ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵੀ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਇਸ ਲਈ ਮਜਬੂਰ ਹੋ ਕੇ ਇਹ ਚਿੱਠੀ ਰਾਜਪਾਲ ਨੂੰ ਲਿਖਣੀ ਪਈ ਹੈ ਤਾਂ ਜੋ ’ਵਰਸਿਟੀ ਵਿੱਚ ਚੱਲ ਰਹੇ ਇਸ ਵਰਤਾਰੇ ਨੂੰ ਠੱਲ੍ਹ ਪਾਈ ਜਾਵੇ। ਇਸ ਪੱਤਰ ’ਚ ਵਿਦਿਆਰਥਣਾਂ ਨੇ ਭਾਵੇਂ ਆਪਣਾ ਨਾਮ ਨਹੀਂ ਦਿੱਤਾ ਪਰ ਉਨ੍ਹਾਂ ਨੇ ਹੁਣ ਦੇ ਮਾਮਲੇ ਸਮੇਤ ਪਿਛਲੇ ਸਮੇਂ ਦੌਰਾਨ ਹੋਏ ਅਜਿਹੇ ਵਰਤਾਰੇ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ’ਵਰਸਿਟੀ ਦੇ ਕਈ ਅਧਿਆਪਕਾਂ ਨੇ ਨਾਮ ਨਾ ਲਿਖਣ ਦੀ ਸ਼ਰਤ ’ਤੇ ਦੱਸਿਆ ਕਿ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਹੈ। ਜੇਕਰ ਕੋਈ ਅਧਿਆਪਕ ਇਸ ਰਿਸ਼ਤੇ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਕਈ ਵਿਦਿਆਰਥੀਆਂ ਦਾ ਅਧਿਆਪਕਾਂ ਪ੍ਰਤੀ ਰਵੱਈਆ ਇੰਨਾ ਮੰਦਭਾਗਾ ਹੁੰਦਾ ਹੈ ਕਿ ਉਹ ’ਵਰਸਿਟੀ ਦੇ ਕਿਸੇ ਵੀ ਨਿਯਮ ਦੀ ਪ੍ਰਵਾਹ ਨਹੀਂ ਕਰਦੇ। ਕਲਾਸਾਂ ਘੱਟ ਲਗਾਉਣ ਦੇ ਬਾਵਜੂਦ ਨੰਬਰ ਪੂਰੇ ਲਗਾਉਣ ਲਈ ਦਬਾਅ ਪਾਉਂਦੇ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ’ਚ ਕਥਿਤ ਤੌਰ ’ਤੇ ਇੱਕ ਅਧਿਆਪਕ ਦੀ ਬਦਲੀ ਕਿਸੇ ਹੋਰ ਸਟੇਸ਼ਨ ’ਤੇ ਕਰ ਦਿੱਤੀ ਗਈ ਹੈ।
ਸ਼ਿਕਾਇਤ ਦੀ ਜਾਂਚ ਲਈ ਕਮੇਟੀ ਗਠਿਤ: ਯੂਨੀਵਰਸਿਟੀ
ਪੀਏਯੂ ਦੇ ਅੱਪਰ ਨਿਰਦੇਸ਼ਕ ਟੀਐੱਸ ਰਿਆੜ ਨੇ ਕਿਹਾ ਕਿ ਇਹ ਮਾਮਲਾ ਕਰੀਬ ਇੱਕ ਮਹੀਨੇ ਪਹਿਲਾਂ ਦਾ ਹੈ। ਇਸ ਸਬੰਧੀ ਸ਼ਿਕਾਇਤ ਨਿਵਾਰਨ ਕਮੇਟੀ ਗਠਿਤ ਕੀਤੀ ਹੋਈ ਹੈ। ਸਬੰਧਤ ਅਧਿਆਪਕ ਤੋਂ ਕੋਰਸ ਦੀ ਪੜ੍ਹਾਈ ਕਰਦੇ ਸਾਰੇ ਵਿਦਿਆਰਥੀ ਵਾਪਸ ਲੈ ਲਏ ਸਨ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲੇ ਵਿੱਚ ਤੁਰੰਤ ਜੋ ਫ਼ੈਸਲਾ ਲੈਣਾ ਹੁੰਦਾ ਹੈ, ਉਹ ਲਿਆ ਜਾ ਚੁੱਕਾ ਹੈ ਅਤੇ ਬਾਕੀ ਦੋਵੇਂ ਪੱਖ ਘੋਖਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਚਿੱਠੀ ਬੇ-ਨਾਮੀ ਹੈ।