ਮਜ਼ਦੂਰਾਂ ਵੱਲੋਂ ਮਗਨਰੇਗਾ ਤਹਿਤ ਕੰਮ ਨਾ ਦੇਣ ਦੇ ਦੋਸ਼
ਪੱਤਰ ਪ੍ਰੇਰਕ
ਮਹਿਲ ਕਲਾਂ, 25 ਜੁਲਾਈ
ਪਿੰਡ ਗੁੰਮਟੀ ਦੇ ਕੁੱਝ ਮਜ਼ਦੂਰਾਂ ਨੇ ਪਿਛਲੇ ਦੋ ਸਾਲ ਤੋਂ ਮਗਨਰੇਗਾ ਤਹਿਤ ਕੰਮ ਨਾ ਦੇਣ ਦੇ ਦੋਸ਼ ਲਗਾਏ ਹਨ। ਮਜ਼ਦੂਰਾਂ ਨੇ ਦੱਸਿਆ ਕਿ ਪਿੰਡ ਵਿੱਚ ਮਗਨਰੇਗਾ ਮਜ਼ਦੂਰਾਂ ਦੇ ਕਥਿਤ ਤੌਰ ’ਤੇ ਦੋ ਗਰੁੱਪ ਬਣਾਏ ਗਏ ਹਨ ਅਤੇ ਰਾਜਸੀ ਕਰਨਾਂ ਕਰਕੇ ਸਿਰਫ ਇੱਕ ਗਰੁੱਪ ਨੂੰ ਮਗਨਰੇਗਾ ਤਹਿਤ ਕੰਮ ਦਿੱਤਾ ਜਾ ਰਿਹਾ ਹੈ। ਮਜ਼ਦੂਰਾਂ ਦੀ ਅਗਵਾਈ ਕਰ ਰਹੀ ਐੱਮਏ, ਬੀਐੱਡ ਪਾਸ ਬੇਰੁਜ਼ਗਾਰ ਅਧਿਆਪਕਾ ਮਗਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਗੁੰਮਟੀ ਨੇ ਦੱਸਿਆ ਕਿ ਉਹ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇ ਚੁੱਕੇ ਹਨ ਤੇ ਚਿੱਠੀਆ ਰਾਹੀਂ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪੰਚਾਇਤ ਵਿਭਾਗ ਦੇ ਸਮੂਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਅਜੇ ਤੱਕ ਕੰਮ ਦੇਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੈ।
ਬੀਡੀਪੀਓ ਮਹਿਲ ਕਲਾਂ ਪ੍ਰਵੇਸ਼ ਗੋਇਲ ਨੇ ਕਿਹਾ ਕਿ ਪਿੰਡ ਦੇ ਜ਼ਿਆਦਾਤਰ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਚੁੱਕਾ ਹੈ ਤੇ ਰਹਿੰਦੇ ਮਜ਼ਦੂਰਾਂ ਦੀ ਲਿਸਟ ਪੰਚਾਇਤ ਨੂੰ ਭੇਜ ਦਿੱਤੀ ਗਈ ਹੈ, ਜਨਿ੍ਹਾਂ ਨੂੰ ਜਲਦੀ ਕੰਮ ਦਵਾਇਆ ਜਾਵੇਗਾ। ਪੰਚਾਇਤ ਸਕੱਤਰ ਪਰਮਜੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬਲਾਕ ਦਫ਼ਤਰ ਵੱਲੋਂ ਭੇਜੀ ਲਿਸਟ ਵਾਲੇ ਮਜ਼ਦੂਰਾਂ ਨੂੰ ਜਲਦੀ ਕੰਮ ਦਿੱਤਾ ਜਾਵੇਗਾ।