ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ’ਤੇ ਪਤੀ ਨੂੰ ਬੰਦੀ ਬਣਾਉਣ ਦੇ ਦੋਸ਼
ਰਾਜਿੰਦਰ ਕੁਮਾਰ
ਬੱਲੂਆਣਾ, 6 ਅਕਤੂਬਰ
ਬਿਜਲੀ ਬੋਰਡ ਦੇ ਸਾਬਕਾ ਐੱਸਡੀਓ ਨੂੰ ਉਸ ਦੀ ਪਤਨੀ ਵੱਲੋਂ 24 ਘੰਟੇ ਤੱਕ ਘਰ ਦੇ ਅੰਦਰ ਕਥਿਤ ਤੌਰ ’ਤੇ ਕੈਦ ਕਰ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਰਾਤ ਕਰੀਬ 11 ਵਜੇ ਪੁਲੀਸ ਨੂੰ ਸ਼ਾਮ ਲਾਲ ਸੋਲੰਕੀ ਨੇ ਫੋਨ ਕਰਕੇ ਇਤਲਾਹ ਦਿੱਤੀ ਕਿ ਉਸ ਦੀ ਪਤਨੀ ਨੇ ਉਸ ਨੂੰ ਅਬੋਹਰ ਦੀ ਸੀਤੋ ਰੋਡ ਸਥਿਤ ਆਪਣੀ ਕੋਠੀ ਦੇ ਇਕ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਰਾ ਲਗਾ ਦਿੱਤਾ ਹੈ। ਸ਼ੁੱਕਰਵਾਰ ਰਾਤ ਨੂੰ ਘਰ ਦੇ ਕਮਰੇ ਵਿੱਚ ਕੈਦ ਹੋਣ ਉਪਰੰਤ ਸ਼ਾਮ ਲਾਲ ਨੇ ਆਪਣੇ ਕਈ ਜਾਣਕਾਰਾਂ ਨੂੰ ਫੋਨ ਕੀਤੇ ਪ੍ਰੰਤੂ ਪਤੀ-ਪਤਨੀ ਦੇ ਮਾਮਲੇ ਵਿੱਚ ਕੋਈ ਨਾ ਪਿਆ। ਜ਼ਿਕਰਯੋਗ ਹੈ ਕਿ ਸ਼ਾਮ ਲਾਲ ਦੀ ਪਤਨੀ ਕਵਿਤਾ ਕਾਂਗਰਸ ਪਾਰਟੀ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹੈ। ਰਾਤ ਕਰੀਬ 11 ਵਜੇ ਪੁਲੀਸ ਪਾਰਟੀ ਕਵਿਤਾ ਦੇ ਘਰ ਪੁੱਜੀ ਤਾਂ ਪੁਲੀਸ ਦੀ ਮੌਜੂਦਗੀ ਵਿੱਚ ਉਸ ਦੀ ਪਤਨੀ ਨੇ ਕਮਰੇ ਨੂੰ ਲਗਾਇਆ ਤਾਲਾ ਖੋਲ੍ਹਿਆ ਅਤੇ ਪੁਲੀਸ ਸ਼ਾਮ ਲਾਲ ਨੂੰ ਆਪਣੇ ਨਾਲ ਲੈ ਕੇ ਸਰਕਾਰੀ ਹਸਪਤਾਲ ਪੁੱਜੀ, ਜਿੱਥੇ ਮੈਡੀਕਲ ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਦਾਖਲ ਕਰ ਲਿਆ। ਸ਼ਾਮ ਲਾਲ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਉਸ ਨੂੰ ਤੰਗ ਕਰਦੀ ਹੈ ਤੇ ਉਸ ਦੀ ਕੁੱਟਮਾਰ ਵੀ ਕਰਦੀ ਹੈ।
ਪਤਨੀ ਨੇ ਦੋਸ਼ ਨਕਾਰੇ
ਸ਼ਾਮ ਲਾਲ ਦੀ ਪਤਨੀ ਕਵਿਤਾ ਸੋਲੰਕੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਦਾ ਆਪਣੇ ਪਤੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਿਹੜੇ ਮਕਾਨ ਵਿੱਚ ਉਹ ਰਹਿ ਰਹੀ ਹੈ, ਉਹ ਮਕਾਨ ਉਸ ਦਾ ਆਪਣਾ ਹੈ। ਉਸ ਦੇ ਪਤੀ ਦੀ ਨਜ਼ਰ ਜਾਇਦਾਦ ਉੱਪਰ ਹੈ ਜੋ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ।