ਕੈਨਾਲ ਮੰਡਲ ’ਤੇ ਮੁਲਾਜ਼ਮਾਂ ਦੇ ਮਸਲੇ ਲਟਕਾਉਣ ਦੇ ਦੋਸ਼
ਪੱਤਰ ਪ੍ਰੇਰਕ
ਮੁਕੇਰੀਆਂ, 20 ਜੁਲਾਈ
ਪੰਜਾਬ ਸਟੇਟ ਕਰਮਚਾਰੀ ਯੂਨੀਅਨ ਨੇ ਨਹਿਰੀ ਵਿਭਾਗ ਵਿੱਚ ਕਥਿਤ ਭ੍ਰਿਸ਼ਟਾਚਾਰ ਫੈਲੇ ਹੋਣ ਦੇ ਦੋਸ਼ ਲਗਾਉਂਦਿਆਂ ਮੁਲਾਜ਼ਮਾਂ ਦੇ ਮਸਲੇ ਸਮੇਂ ਸਿਰ ਹੱਲ ਨਾ ਕਰਨ ਖਿਲਾਫ਼ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਹੈ। ਜਥੇਬੰਦੀ ਦੇ ਪ੍ਰਧਾਨ ਵਲੋਂ ਭੇਜੀ ਗਈ ਇਹ ਸ਼ਿਕਾਇਤ ਕਾਰਜਕਾਰੀ ਇੰਜੀਨੀਅਰ, ਨਹਿਰੀ ਮੰਡਲ ਤਲਵਾੜਾ, ਸੁਪਰਡੈਂਟ, ਜੂਨੀਅਰ ਸਹਾਇਕ ਅਤੇ ਇੱਕ ਕਲਰਕ ਦੇ ਖਿਲਾਫ਼ ਹੈ। ਉੱਧਰ ਸ਼ਾਹ ਨਹਿਰ ਦੇ ਕਾਰਜਕਾਰੀ ਇੰਜਨੀਅਰ ਦਨਿੇਸ਼ ਕੁਮਾਰ ਨੇ ਭਲਕੇ ਜਥੇਬੰਦੀ ਦੇ ਆਗੂਆਂ ਨੂੰ ਇਸ ਮੰਤਵ ਲਈ ਬੁਲਾਏ ਜਾਣ ਦਾ ਦਾਅਵਾ ਕੀਤਾ ਹੈ।
ਜਥੇਬੰਦੀ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਕੈਨਾਲ ਮੰਡਲ ਤਲਵਾੜਾ ਵਿੱਚ ਕਥਿਤ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਮੁਲਾਜ਼ਮਾਂ ਦੇ ਮਸਲੇ ਲਟਕਾ ਕੇ ਦਫ਼ਤਰੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਫੀਲਡ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਿਹੜਾ ਮੁਲਾਜ਼ਮ ਦਫ਼ਤਰੀ ਅਧਿਕਾਰੀਆਂ ਦੀ ਮੁੱਠੀ ਗਰਮ ਕਰ ਦਿੰਦਾ ਹੈ, ਉਸ ਦਾ ਮਸਲਾ ਹੱਲ ਕਰ ਦਿੱਤਾ ਜਾਂਦਾ ਹੈ ਅਤੇ ਇਸੇ ਕਾਰਨ ਜ਼ਿਆਦਾਤਰ ਮਸਲੇ ਦਫ਼ਤਰਾਂ ਵਲੋਂ ਲਟਕਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੀਬੀਐਮਬੀ ਵਿੱਚੋਂ 31-3-2023 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਦੇ ਪੈਨਸ਼ਨ ਕੇਸ ਆਨਲਾਈਨ ਕਰਕੇ ਕੈਨਾਲ ਮੰਡਲ ਵਲੋਂ ਨਹੀਂ ਭੇਜੇ ਜਾ ਰਹੇ ਅਤੇ ਜਿਹੜੇ ਕਿ ਕਰੀਬ ਪਿਛਲੇ 4 ਮਹੀਨਿਆਂ ਤੋਂ ਲਟਕਾਏ ਜਾ ਹੋਏ ਹਨ।
ਪੈਨਸ਼ਨਰ ਦਫ਼ਤਰਾਂ ਦੇ ਚੱਕਰ ਕੱਢ ਰਹੇ ਹਨ, ਪਰ ਨਹਿਰੀ ਦਫਤਰ ਵਲੋਂ ਉਨ੍ਹਾਂ ਦੇ ਕੇਸ ਜਾਣਬੁੱਝ ਕੇ ਨਹੀਂ ਭੇਜੇ ਜਾ ਰਹੇ। ਉਹ ਇਹ ਮਾਮਲਾ ਪਿਛਲੇ ਕੁਝ ਸਮੇਂ ਤੋਂ ਮੰਡਲ ਤਲਵਾੜਾ ਦੇ ਕਾਰਜਕਾਰੀ ਇੰਜਨੀਅਰ ਕੋਲ ਉਠਾ ਰਹੇ ਹਨ, ਪਰ ਉਨ੍ਹਾਂ ਵਲੋਂ ਵੀ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਮੰਗ ਕੀਤੀ ਕਿ ਸਬੰਧਿਤ ਦਫ਼ਤਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਕੇਸ ਜਲਦ ਆਨਲਾਈਨ ਕਰਕੇ ਭੇਜੇ ਜਾਣ ਤਾਂ ਜੋ ਵਿੱਤੀ ਤੰਗੀ ਝੱਲ ਰਹੇ ਪੈਨਸ਼ਨਰਾਂ ਨੂੰ ਉਨਾਂ ਦੇ ਵਿੱਤੀ ਲਾਭ ਮਿਲ ਸਕਣ।
ਕਾਰਜਕਾਰੀ ਇੰਜਨੀਅਰ ਨੇ ਭਿ੍ਸ਼ਟਾਚਾਰ ਦੇ ਦੋਸ਼ ਨਕਾਰੇ
ਕੈਨਾਲ ਮੰਡਲ ਤਲਵਾੜਾ ਦੇ ਕਾਰਜਕਾਰੀ ਇੰਜਨੀਅਰ ਦਨਿੇਸ਼ ਕੁਮਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦਫ਼ਤਰ ਵਿੱਚ ਕਲਰਕਾਂ ਦੀ ਘਾਟ ਹੈ ਅਤੇ ਉਕਤ ਮਾਮਲੇ ਵਿੱਚ ਭਲਕੇ ਸਬੰਧਿਤ ਜਥੇਬੰਦੀ ਦੇ ਆਗੂਆਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਦੇ ਨਵੇਂ ਕੇਸ ਉੱਚ ਦ਼ਫਤਰ ਵਲੋਂ ਆਨਲਾਈਨ ਕੀਤੇ ਜਾ ਰਹੇ ਹਨ, ਪਰ ਪਹਿਲਾਂ ਵਾਲੇ ਕੇਸ ਇਸ ਦਫ਼ਤਰ ਵਲੋਂ ਆਨਲਾਈਨ ਕੀਤੇ ਜਾਣੇ ਹਨ। ਦਫ਼ਤਰੀ ਮੁਲਾਜ਼ਮਾਂ ਦੀ ਘਾਟ ਕਾਰਨ ਬੀਬੀਐਮਬੀ ਨੂੰ ਲਿਖਿਆ ਗਿਆ ਸੀ ਕਿ ਇਹ ਕੇਸ ਉਨ੍ਹਾਂ ਵਲੋਂ ਹੀ ਆਨਲਾਈਨ ਕਰਕੇ ਭੇਜ ਦਿੱਤੇ ਜਾਣ ਤਾਂ ਜੋ ਮਸਲਾ ਹੱਲ ਹੋ ਸਕੇ, ਪਰ ਹਾਲੇ ਤੱਕ ਬੀਬੀਐਮਬੀ ਵਲੋਂ ਵੀ ਕੋਈ ਕੇਸ ਆਨਲਾਈਨ ਕਰਕੇ ਨਹੀਂ ਭੇਜਿਆ ਗਿਆ।