ਹਰੀਪੁਰ ਹਿੰਦੂਆਂ ’ਚ ਮਗਨਰੇਗਾ ਤੇ ਵਿਕਾਸ ਕਾਰਜਾਂ ’ਚ ਘਪਲੇ ਦੇ ਦੋਸ਼
ਹਰਜੀਤ ਸਿੰਘ
ਡੇਰਾਬੱਸੀ, 20 ਨਵੰਬਰ
ਪਿੰਡ ਹਰੀਪੁਰ ਹਿੰਦੂਆਂ ਵਿੱਚ ਪਿਛਲੀ ਪੰਚਾਇਤ ਸਮੇਂ ਮਗਨਰੇਗਾ ਅਧੀਨ ਹੋਏ ਕੰਮਾਂ ਵਿੱਚ ਘਪਲੇ ਦਾ ਦੋਸ਼ ਲਾਉਂਦੇ ਹੋਏ ਪਿੰਡ ਦੇ ਨੌਜਵਾਨ ਨੇ ਜਾਂਚ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਸਾਰੇ ਕੰਮਾਂ ਵਿੱਚ ਵਰਤੀ ਸਮੱਗਰੀ ਤੇ ਮਜ਼ਦੂਰਾਂ ਦੀਆਂ ਦਿਹਾੜੀਆਂ ’ਚ ਵੀ ਘਪਲਾ ਹੋਣ ਦਾ ਦੋਸ਼ ਲਾਇਆ ਹੈ। ਸੰਜੀਵ ਕੁਮਾਰ ਨੇ ਡੀਸੀ ਮੁਹਾਲੀ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਬਲਾਕ ਵਿਕਾਸ ਤੇ ਪੇਂਡੂ ਪੰਚਾਇਤ ਅਫ਼ਸਰ, ਐੱਸਡੀਐੱਮ ਸਣੇ ਹੋਰਨਾਂ ਵਿਭਾਗਾਂ ਨੂੰ ਸ਼ਿਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਹੈ।
ਸੰਜੀਵ ਕੁਮਾਰ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਮਗਨਰੇਗਾ ਅਤੇ ਹੋਰ ਵਿਕਾਸ ਦੇ ਕੰਮ ਜਿਵੇਂ ਸੌਲਿਡ ਵੇਸਟ ਮੈਨੇਜਮੈਂਟ ਦੇ ਬਣਾਏ ਢਾਂਚੇ, ਮੱਝਾਂ ਦੇ ਸ਼ੈੱਡ, ਗਲੀਆਂ-ਨਾਲੀਆਂ ਆਦਿ ਵਿੱਚ ਕਥਿਤ ਘਪਲਾ ਕੀਤਾ ਗਿਆ ਹੈ।
ਸੰਜੀਵ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ ਹਰੀਪੁਰ ਹਿੰਦੂਆਂ ਵਿੱਚ ਜਾਅਲੀ ਜੌਬ ਕਾਰਡ ਬਣਾ ਕੇ ਦਿਹਾੜੀਆਂ ਦੇ ਪੈਸੇ ਗਬਨ ਕੀਤੇ ਹਨ। ਚੰਗੀਆਂ ਜ਼ਮੀਨ, ਵੱਡੀਆਂ ਕੋਠੀਆਂ ਤੇ ਕਾਰਾਂ ਵਾਲੇ ਵੀ ਸਰਕਾਰੀ ਕਾਗਜ਼ਾਂ ’ਚ ਮਗਨਰੇਗਾ ਤਹਿਤ ਮਜ਼ਦੂਰੀ ਕਰ ਰਹੇ ਹਨ। ਅਜਿਹੇ ਮਾਮਲੇ ਵੀ ਹਨ ਕਿ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਗਨਰੇਗਾ ਦੀ ਦਿਹਾੜੀਆਂ ਦੇ ਪੈਸ ਲੈ ਰਹੇ ਹਨ। ਇੰਨਾ ਹੀ ਨਹੀਂ ਠੇਕੇਦਾਰ ਵੱਲੋਂ ਵੋਟਾਂ ਦੇ ਲਾਲਚ ਵਿੱਚ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਬੇਨਿਯਮੀਆਂ ਕਰ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਗਈ। ਵੋਟਾਂ ਦੌਰਾਨ ਮਗਨਰੇਗਾ ਅਧੀਨ ਹੋਏ ਕੰਮਾਂ ਦੀ ਲਿਸਟ ਬਣਾ ਕੇ ਪਿੰਡ ਦੇ ਲੋਕਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜੋ ਸਰਕਾਰ ਦੀਆਂ ਹਦਾਇਤਾਂ ਦੇ ਬਿਲਕੁਲ ਵਿਰੁੱਧ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮਗਨਰੇਗਾ ਵਿੱਚ ਠੇਕੇਦਾਰ ਦੇ ਤੌਰ ’ਤੇ ਕੰਮ ਕਰ ਰਹੇ ਕੁੱਝ ਠੇਕੇਦਾਰਾਂ ਨੇ ਫਰਜ਼ੀ ਬੰਦਿਆਂ ਦੀ ਦਿਹਾੜੀਆਂ ਦੇ ਪੈਸੇ ਟਰਾਂਸਫਰ ਕਰ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਪਵਾ ਕੇ ਤੇ ਕਢਵਾ ਕੇ ਖ਼ੁਦ ਹੜੱਪ ਕਰ ਲਏ ਹਨ। ਸੰਜੀਵ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਕੰਮਾਂ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਈ ਜਾਵੇ। ਸੰਜੀਵ ਨੇ ਸ਼ਿਕਾਇਤ ਵਿੱਚ ਕਿਹਾ ਕਿ ਜੇ ਜਾਂਚ ਨਹੀਂ ਕਰਵਾਈ ਗਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵੇਗਾ।
ਸ਼ਿਕਾਇਤ ਮਿਲ ਚੁੱਕੀ ਹੈ: ਬੀਡੀਪੀਓ
ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ। ਪਿੰਡ ਦਾ ਸਾਰਾ ਰਿਕਾਰਡ ਮੰਗਵਾ ਕੇ ਜਾਂਚ ਕੀਤੀ ਜਾਵੇਗੀ।