ਪੱਲੇਦਾਰਾਂ ਵੱਲੋਂ ਠੇਕੇਦਾਰ ’ਤੇ ਘੱਟ ਰੇਟ ਦੇ ਕੇ ਸ਼ੋਸ਼ਣ ਕਰਨ ਦੇ ਦੋਸ਼
ਪੱਤਰ ਪ੍ਰੇਰਕ
ਲਹਿਰਾਗਾਗਾ, 1 ਨਵੰਬਰ
ਪੰਜਾਬ ਪੁਲੇਦਾਰ ਯੂਨੀਅਨ ਨੇ ਗੰਢੂਆਂ, ਦੋਲਾ ਸਿੰਘ ਵਾਲਾ ਆਦਿ ਪਿੰਡਾਂ ਵਿੱਚ ਝੋਨਾ ਸ਼ੈਲਰ/ਸਟੋਰ ਵਿੱਚ ਠੇਕੇਦਾਰਾਂ ਵੱਲੋਂ ਘੱਟ ਦਿਹਾੜੀ ਦੇ ਕੇ ਕਿਰਤੀਆਂ ਦੀ ਲੁੱਟ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ, ਪੱਲੇਦਾਰ ਯੂਨੀਅਨ ਦੇ ਬੱਗਾ ਸਿੰਘ ਤੇ ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਸ਼ੈਲਰਾਂ ਵਿੱਚ ਝੋਨਾ ਸਟੋਰ ਕਰਨ ਵਾਲੇ ਮਜ਼ਦੂਰਾਂ ਨੂੰ ਘੱਟ ਦਿਹਾੜੀ ਦੇ ਕੇ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਠੇਕੇਦਾਰ ਕੋਲ ਜ਼ਿਲ੍ਹਾ ਸੰਗਰੂਰ ਦੀਆਂ ਲਗਪਭਗ 40 ਮੰਡੀਆਂ ਦਾ ਝੋਨਾ ਸ਼ੈਲਰਾਂ ਵਿੱਚ ਸਟੋਰ ਕਰਾਉਣ ਦਾ ਠੇਕਾ ਹੈ ਤੇ ਉਸ ਵੱਲੋਂ ਘੱਟ ਰੇਟ ਦੇ ਕੇ ਮਜ਼ਦੂਰ ਵਰਗ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ੈਲਰਾਂ ਵਿੱਚ ਝੋਨਾ ਸਟੋਰ ਕਰਵਾਈ ਦਾ ਰੇਟ 37.5 ਕਿੱਲੋ ਭਰਤੀ ਦਾ ਰੇਟ 3.56 ਰੁਪਏ ਹੈ ਪਰ ਠੇਕੇਦਾਰ ਵੱਲੋਂ ਲੇਬਰ ਨੂੰ ਸਿਰਫ 2.40 ਰੁਪਏ ਦੇ ਹਿਸਾਬ ਨਾਲ ਰੇਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਦੋਵੇਂ ਮੰਡੀਆਂ ਦਾ ਝੋਨਾ ਸਟੌਕ ਕਰਨ ਦਾ ਕੰਮ ਬੰਦ ਕਰ ਕੇ ਮਜ਼ਦੂਰ ਧਰਨੇ ’ਤੇ ਲਗਾਤਾਰ ਠੇਕੇਦਾਰ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਗੰਢੂਆਂ ਕਮੇਟੀ ਦੇ ਪ੍ਰਧਾਨ ਨਛੱਤਰ ਸਿੰਘ ਤੇ ਉਨ੍ਹਾਂ ਦੀ ਪੂਰੀ ਕਮੇਟੀ ਵੱਲੋਂ ਮਜ਼ਦੂਰਾਂ ਨੂੰ ਬਣਦਾ ਰੇਟ ਦਿਵਾਉਣ ਤੱਕ ਸਾਥ ਦੇਣ ਦੀ ਗੱਲ ਕੀਤੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦਾ ਸ਼ੋਸ਼ਣ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਧਰ, ਸਬੰਧਤ ਠੇਕੇਦਾਰ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਅਦਾਇਗੀ ਕੀਤੀ ਜਾ ਰਹੀ ਹੈ।