ਪੈਸੇ ਬਦਲੇ ਵੋਟਾਂ ਖਰੀਦਣ ਦੇ ਦੋਸ਼
ਨਿੱਜੀ ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਮਾਲਵਾ ਪੱਟੀ ਵਿਚ ਅੱਜ ਪੰਚਾਇਤੀ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਦੀ ਦਾਅਵੇਦਾਰ ਪੰਜਾਬ ਸਰਕਾਰ ਅਤੇ ਉਸ ਵਲੋਂ ਨਿਯੁਕਤ ਕੀਤੇ ਚੋਣ ਅਬਜ਼ਰਵਰ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ ਜਦੋਂ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਜ਼ਾਬਤੇ ਦੀਆਂ ਕਥਿਤ ਧੱਜੀਆਂ ਉਡਾਈਆਂ ਗਈਆਂ ਤੇ ਇਨ੍ਹਾਂ ਦੇ ਸਮਰਥਕਾਂ ਵੱਲੋਂ ਕਥਿਤ ਤੌਰ ’ਤੇ ਪੈਸੇ ਦੇ ਕੇੇ ਵੋਟਾਂ ਖਰੀਦੀਆਂ ਗਈਆਂ ਅਤੇ ਉਨ੍ਹਾਂ ਦੇ ਵਾਹਨ ਪੋਲਿੰਗ ਬੂਥਾਂ ਤੱਕ ਵੋਟਰਾਂ ਨੂੰ ਢੋਂਦੇ ਨਜ਼ਰ ਆਏ। ਅੱਜ ਸਵੇਰ ਤੋਂ ਹੀ ਪੰਚਾਇਤੀ ਚੋਣਾਂ ਲਈ ਕਈ ਥਾਈਂ ਉਮੀਦਵਾਰਾਂ ਵੱਲੋਂ ਵੋਟਾਂ ਦੀ ਖਰੀਦੋ-ਫਰੋਖ਼ਤ ਧੜੱਲੇ ਨਾਲ ਕੀਤੀ ਗਈ। ਕਈ ਪਿੰਡਾਂ ਵਿਚ ਇੱਕ ਵੋਟ 2000 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਵਿਕਣ ਦੀ ਜਾਣਕਾਰੀ ਹਾਸਲ ਹੋਈ ਹੈ ਪਰ ਚੋਣ ਪ੍ਰਕਿਰਿਆ ਦੌਰਾਨ ਕਿਸੇ ਨੂੰ ਇਸ ਦੋਸ਼ ਹੇਠ ਕਾਬੂ ਨਹੀਂ ਕੀਤਾ ਗਿਆ। ਕਈ ਪਿੰਡਾਂ ’ਚ ਵੋਟਾਂ ਦੀ ਕੀਮਤ ਇਸ ਤੋਂ ਵੀ ਵੱਧ ਦੱਸੀ ਗਈ ਹੈ। ਇਹ ਪਤਾ ਲੱਗਿਆ ਹੈ ਕਿ ਵੋਟਾਂ ਖਰੀਦਣ ਵਾਲੇ ਰਾਜਸੀ ਆਗੂਆਂ ਨੇ ਜਿੱਥੇ ਬੁਜ਼ਰਗਾਂ ਦੀਆਂ ਵੋਟਾਂ ਨੂੰ ਪੈਸੇ ਦੇ ਬਲ ਨਾਲ ਖਰੀਦਿਆ, ਉਥੇ ਨਸ਼ੇੜੀ ਨੌਜਵਾਨਾਂ ਨੇ ਆਪਣੀਆਂ ਵੋਟਾਂ ਵੇਚ ਕੇ ਪੈਸੇ ਜੁਟਾਏ। ਕਈ ਪਿੰਡਾਂ ਵਿਚ ਵੋਟਾਂ ਖਰੀਦਣ ਦਾ ਸਿਲਸਿਲਾ ਸ਼ਾਮ ਪੌਣੇ ਚਾਰ ਵਜੇ ਤੱਕ ਚੱਲਦਾ ਰਿਹਾ ਪਰ ਸ਼ਾਮ ਵੇਲੇ ਵੋਟ ਦੀ ਕੀਮਤ ਸਵੇਰ ਨਾਲੋਂ ਜ਼ਿਆਦਾ ਲੱਗੀ। ਕਈ ਥਾਵਾਂ ’ਤੇ ਲੋਕਾਂ ਦੀਆਂ ਵੋਟਾਂ ਘਰੋਂ-ਘਰੀ ਜਾ ਕੇ ਖਰੀਦੀਆਂ ਗਈਆਂ। ਕਈ ਥਾਵਾਂ ’ਤੇ ਵੋਟਾਂ ਦੀ ਖਰੀਦ-ਵੇਚ ਦਾ ਕੰਮ ਕਈ-ਕਈ ਦਿਨ ਪਹਿਲਾਂ ਹੋ ਗਿਆ ਸੀ ਪਰ ਜ਼ਿਆਦਾਤਰ ਥਾਵਾਂ ’ਤੇ ਵੋਟਾਂ ਦੀ ਖਰੀਦ ਅੱਜ ਹੋਈ ਦੱਸੀ ਗਈ ਹੈ।
ਵੋਟਾਂ ਖਰੀਦਣ ਦੀ ਕੋਈ ਸ਼ਿਕਾਇਤ ਨਹੀਂ ਆਈ: ਡਿਪਟੀ ਕਮਿਸ਼ਨਰ
ਡਿਪਟੀ ਕਮਿਸਨਰ ਕੁਲਵੰਤ ਸਿੰਘ ਅਤੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨਾਲ ਜਦੋਂ ਵੋਟਾਂ ਦੀ ਖਰੀਦੋ-ਫਰੋਖਤ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿਚ ਸੁਰੱਖਿਆ ਦਸਤੇ ਸਾਰਾ ਦਿਨ ਗਸ਼ਤ ਕਰਦੇ ਰਹੇ ਪਰ ਉਨ੍ਹਾਂ ਨੂੰ ਕਿਧਰੇ ਵੀ ਅਜਿਹੀ ਖਰੀਦੋ ਫਰੋਖਤ ਨਜ਼ਰ ਨਹੀਂ ਆਏ ਅਤੇ ਨਾ ਹੀ ਕਿਸੇ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕਾਂ ਨੇ ਵੋਟਾਂ ਮੁੱਲ ਲੈਣ ਜਿਹੇ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦੇ ਹਨ।