ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ
ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਮੌਕੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਦੋਂ ਕਿ ਨਵੇ ਜੁੜੇ ਸਾਥੀ ਸਾਥੀ ਪ੍ਰਿੰਸੀਪਲ ਕੁਲਦੀਪ ਸਿੰਘ ਅਤੇ ਕੇਵਲ ਕ੍ਰਿਸ਼ਨ ਸਿੰਗਲਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਜਥੇਬੰਦੀ ਦੇ ਆਗੂ ਚੇਤ ਰਾਮ ਢਿੱਲੋਂ, ਪ੍ਰਿੰਸੀਪਲ ਦਲਜੀਤ ਸਿੰਘ ਚੀਮਾ, ਹਜ਼ੂਰ ਸਿੰਘ ਅਤੇ ਓਮ ਪ੍ਰਕਾਸ਼ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ-ਪੈਨਸ਼ਨਰ ਮਾਰੂ ਨੀਤੀਆਂ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਵੀ ਮੁਨਕਰ ਹੋ ਰਹੀ ਹੈ, ਜਿਸ ਕਾਰਨ ਬੁਢਾਪੇ ਦੌਰਾਨ ਪੈਨਸ਼ਨਰ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨ। ਕਾਮਰੇਡ ਮੋਹਨ ਲਾਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮ-ਪੈਨਸ਼ਨਰਾਂ ਨੂੰ ਮੀਟਿੰਗਾਂ ਦਾ ਸਮਾਂ ਦੇਕੇ ਮੀਟਿੰਗਾਂ ਤੋਂ ਟਾਲਾ ਵੱਟਣ ਦੇ ਨਤੀਜੇ ਅਗਾਮੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ’ਚ ਭੁਗਤਣੇ ਪੈਣਗੇ। ਗੁਰਚਰਨ ਸਿੰਘ ਹਰੀਕਾ ਨੇ ਪੈਨਸ਼ਨਰਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਵਿੱਢਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ ਸਾਂਝੇ ਫਰੰਟ ਦੇ ਸੱਦੇ ’ਤੇ 18 ਸਤੰਬਰ ਦੇ ਜ਼ਿਲ੍ਹਾ ਪੱਧਰੀ ਧਰਨੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਕਰਮ ਸਿੰਘ ਛਾਜਲੀ, ਪੰਨਾ ਲਾਲ, ਰਜਿੰਦਰ ਕੁਮਾਰ ਗਰਗ, ਰਜਿੰਦਰ ਸਿੰਘ ਖ਼ਾਲਸਾ, ਤਾਰਾ ਸਿੰਘ, ਕਸ਼ਮੀਰੀ ਲਾਲ, ਕੁਲਦੀਪ ਪਾਠਕ, ਚਮਕੌਰ ਸਿੰਘ ਸਿੱਧੂ, ਗਿਰਧਾਰੀ ਲਾਲ ਜਿੰਦਲ, ਗੁਰਚਰਨ ਸਿੰਘ ਢੀਂਡਸਾ,ਅਸ਼ੋਕ ਕੁਮਾਰ ਵਰਮਾ, ਮਦਨ ਲਾਲ ਬਾਂਸਲ ਅਤੇ ਜੋਗਿੰਦਰ ਸਿੰਘ ਮੌਜੂਦ ਸਨ।