ਅਧਿਆਪਕ ’ਤੇ ਪੰਜਵੀਂ ਜਮਾਤ ਦੇ ਬੱਚੇ ਦੀ ਕੁੱਟਮਾਰ ਦੇ ਦੋਸ਼
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਜੁਲਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਬੇਟ ਖੇਤਰ ਵਿੱਚ ਚੱਲਦੇ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ ’ਤੇ ਪੰਜਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼ ਲੱਗੇ ਹਨ। ਪੀੜਤ ਬੱਚੇ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਜਸਨੂਰ ਸਿੰਘ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ ਜਿਸ ਨਾਲ ਸਕੂਲ ਅਧਿਆਪਕ ਦਾ ਭਾਣਜਾ ਵੀ ਪੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਕੂਲ ਤੋਂ ਰੋਂਦਾ ਹੋਇਆ ਘਰ ਆਇਆ ਜਿਸ ਦਾ ਕੰਨ ਵੀ ਸੁੱਜਿਆ ਹੋਇਆ ਸੀ ਜਿਸ ’ਤੇ ਉਹ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਏ। ਉਨ੍ਹਾਂ ਪ੍ਰਿੰਸੀਪਲ ਨੂੰ ਵੀ ਸਾਰੀ ਗੱਲ ਦੱਸੀ ਤੇ ਉਨ੍ਹਾਂ ਨੂੰ ਸ਼ਿਕਾਇਤ ਦੇਣ ਤੋਂ ਇਲਾਵਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਮਾਮਲੇ ਸਬੰਧੀ ਸਕੂਲ ਵਿੱਚ ਪਿੰਡ ਵਾਸੀਆਂ ਤੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਵੀ ਹੋਈ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਲਾਸਰੂਮ ਦੇ ਸੀਸੀਟੀਵੀ ਕੈਮਰੇ ਦਿਖਾਏ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਵਿਦਿਆਰਥੀ ਦੀ ਕਿੰਨੀ ਕੁੱਟਮਾਰ ਹੋਈ ਹੈ। ਮੀਟਿੰਗ ਵਿੱਚ ਬੱਚੇ ਦੇ ਪਿਤਾ ਰਵਿੰਦਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਬਰਿੰਦਰ ਸਿੰਘ, ਪਿੰਡ ਵਾਸੀ ਸੰਦੀਪ ਸਿੰਘ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਵਾਈਸ ਪ੍ਰਧਾਨ ਹਰਚਰਨ ਸਿੰਘ, ਅਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਦੋਵੇਂ ਮੈਂਬਰਾਂ ਵਿਚਕਾਰ ਇਸ ਮੁੱਦੇ ’ਤੇ ਚਰਚਾ ਹੋਈ। ਬੱਚੇ ਦੇ ਮਾਪਿਆਂ ਨੇ ਅਧਿਆਪਕ ਨੂੰ ਸਕੂਲ ’ਚੋਂ ਕੱਢਣ ਦੀ ਮੰਗ ਕੀਤੀ ਹੈ ਜਿਸ ’ਤੇ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲੈਣ ਲਈ ਸਮਾਂ ਮੰਗਿਆ। ਸਕੂਲ ਦੇ ਵਾਈਸ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਅਧਿਆਪਕ ਦੀ ਕਲਾਸ ਬਦਲ ਦਿੰਦੇ ਹਨ ਪਰ ਜਿਹੜੀ ਮੰਗ ਪਰਿਵਾਰ ਅਧਿਆਪਕ ਨੂੰ ਸਕੂਲ ’ਚੋਂ ਕੱਢਣ ਦੀ ਕਰਦਾ ਹੈ, ਉਹ ਅਧਿਕਾਰ ਟਰੱਸਟ ਦੇ ਹਨ, ਜਿਸ ਸਬੰਧੀ ਉਹ ਹੀ ਫ਼ੈਸਲਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਮਾਪੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇਣ ਜੋ ਉਹ ਟਰੱਸਟ ਨੂੰ ਭੇਜ ਦੇਣਗੇ।
ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ: ਪ੍ਰਿੰਸੀਪਲ
ਪ੍ਰਿੰਸੀਪਲ ਕੁਲਦੀਪ ਕੌਰ ਨੇ ਕਿਹਾ ਕਿ ਉਹ ਅੱਜ ਛੁੱਟੀ ’ਤੇ ਹਨ ਅਤੇ ਇਹ ਘਟਨਾ ਕੱਲ੍ਹ ਦੀ ਹੈ, ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਪੀੜਤ ਬੱਚੇ ਦੇ ਮਾਪਿਆਂ ਵੱਲੋਂ ਲਾਏ ਕੁੱਟਮਾਰ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਜੋ ਵੀ ਕਸੂਰਵਾਰ ਮਿਲਿਆ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।