ਆੜ੍ਹਤੀ ਉੱਤੇ ਜ਼ਮੀਨ ’ਤੇ ਕਬਜ਼ਾ ਕਰਨ ਤੇ ਕੁੱਟਮਾਰ ਦੇ ਦੋਸ਼; ਵੀਡੀਓ ਵਾਈਰਲ
ਜਗਜੀਤ ਸਿੰਘ
ਮੁਕੇਰੀਆਂ, 26 ਅਗਸਤ
ਇੱਥੋਂ ਨੇੜਲੇ ਪਿੰਡ ਅਰਥੇਵਾਲ ਦੀ ਔਰਤ ਨੇ ਸਿਆਸੀ ਰਸੂਖਦਾਰ ਦੇ ਨੇੜਲੇ ਪਿੰਡ ਸੜੋਆ ਦੇ ਆੜ੍ਹਤੀ ਉੱਤੇ ਹਾਜੀਪੁਰ ਪੁਲੀਸ ਦੇ ਏਐੱਸਆਈ ਦੀ ਮਦਦ ਨਾਲ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ, ਕੁੱਟਮਾਰ ਅਤੇ ਬਦਸਲੂਕੀ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਬੰਧਿਤ ਆੜ੍ਹਤੀਆ ਔਰਤ ਦੇ ਪਤੀ ਦੀ ਕੁੱਟਮਾਰ ਕਰਦਾ ਸਾਫ ਦਿਖਾਈ ਦੇ ਰਿਹਾ ਹੈ। ਉੱਧਰ ਇਸ ਮਾਮਲੇ ਵਿੱਚ ਆੜ੍ਹਤੀਏ ਸੇਵਾ ਸਿੰਘ ਅਤੇ ਏਐੱਸਆਈ ਰਾਕੇਸ਼ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਆਪਸੀ ਸਮਝੌਤਾ ਹੋ ਜਾਣ ਦਾ ਦਾਅਵਾ ਕੀਤਾ ਹੈ।
ਪਿੰਡ ਅਰਥੇਵਾਲ ਦੀ ਔਰਤ ਮਧੂ ਬਾਲਾ ਨੇ ਦੱਸਿਆ ਕਿ ਉਸ ਦੇ ਪਤੀ ਦੇ ਭਰਾ ਨੇ ਪਿੰਡ ਸੜੋਏ ਦੇ ਆੜ੍ਹਤੀਏ ਸੇਵਾ ਸਿੰਘ ਨੂੰ ਆਪਣਾ ਹਿੱਸਾ ਵੇਚ ਦਿੱਤਾ ਸੀ ਅਤੇ ਉਨ੍ਹਾਂ ਨੇ ਵੇਚੀ ਜ਼ਮੀਨ ਦਾ ਕਬਜ਼ਾ ਸਬੰਧਿਤ ਆੜ੍ਹਤੀਏ ਨੂੰ ਦੇ ਦਿੱਤਾ ਸੀ। ਇਸ ਦੇ ਬਾਵਜੂਦ ਬੀਤੀ 7 ਜੁਲਾਈ ਨੂੰ ਆੜ੍ਹਤੀਏ ਨੇ ਆਪਣੇ ਜਾਣਕਾਰ ਵਿਅਕਤੀਆਂ ਦੀ ਮੱਦਦ ਨਾਲ ਉਨ੍ਹਾਂ ਦੇ ਹਿੱਸੇ ਆਈ ਜ਼ਮੀਨ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਅਤੇ ਬਦਸਲੂਕੀ ਕੀਤੀ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਲੋਕਾਂ ਵੱਲੋਂ ਸਿਵਲ ਹਸਪਤਾਲ ਹਾਜੀਪੁਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਐਮਐਲਆਰ ਕੱਟੀ ਗਈ ਪਰ ਕੇਸ ਦੇ ਜਾਂਚ ਅਧਿਕਾਰੀ ਏਐੱਸਆਈ ਰਾਕੇਸ਼ ਕੁਮਾਰ ਨੇ ਕੋਈ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਇਨਸਾਫ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐੱਸਐੱਸਪੀ ਤੱਕ ਵੀ ਪਹੁੰਚ ਕੀਤੀ, ਪਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ, ਉਲਟਾ ਉਨ੍ਹਾਂ ਕੋਲੋਂ ਏਐੱਸਆਈ ਰਾਕੇਸ਼ ਕੁਮਾਰ ਨੇ ਕਥਿਤ ਧੱਕੇ ਨਾਲ ਰਾਜ਼ੀਨਾਮਾ ਕਰਵਾ ਦਿੱਤਾ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਵਾਲੇ ਆੜ੍ਹਤੀਏ ਸੇਵਾ ਸਿੰਘ ਅਤੇ ਉਸ ਦੇ ਪੁੱਤਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਭ੍ਰਿਸ਼ਟਾਚਾਰ ਕਰਕੇ ਉਨ੍ਹਾਂ ਦੇ ਪੱਖ ਵਿੱਚ ਭੁਗਤਣ ਵਾਲੇ ਏਐੱਸਆਈ ਰਾਕੇਸ਼ ਕੁਮਾਰ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਖਰੀਦੀ ਜ਼ਮੀਨ ’ਤੇ ਹੀ ਕਬਜ਼ਾ ਕੀਤਾ: ਆੜ੍ਹਤੀਆ
ਸਬੰਧਿਤ ਆੜ੍ਹਤੀਏ ਸੇਵਾ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਖਰੀਦੇ ਹਿੱਸੇ ਉੱਤੇ ਹੀ ਕਬਜ਼ਾ ਕੀਤਾ ਹੈ ਅਤੇ ਵੀਡੀਓ ਵਿਚਲਾ ਝਗੜਾ ਖੁਦ ਮਧੂ ਬਾਲਾ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ। ਜ਼ਮੀਨ ਦੀ ਤਕਸੀਮ ਨਾ ਹੋਣ ਕਾਰਨ ਮਧੂ ਬਾਲਾ ਦਾ ਪਰਿਵਾਰ ਪਿੰਡ ਵਿਚਲੀ ਮਹਿੰਗੀ ਜ਼ਮੀਨ ’ਤੇ ਆਪਣਾ ਕਬਜ਼ਾ ਰੱਖਣਾ ਚਾਹੁੰਦੇ ਹਨ, ਜੋ ਸੰਭਵ ਨਹੀਂ ਹੈ। ਉਨ੍ਹਾਂ ਇਸ ਸਬੰਧੀ ਰਾਜ਼ੀਨਾਮਾ ਹੋਣ ਦੀ ਗੱਲ ਵੀ ਆਖੀ। ਏਐੱਸਆਈ ਰਾਕੇਸ਼ ਕੁਮਾਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਹਾਂ ਧਿਰਾਂ ਦਾ ਲਿਖਤੀ ਰਾਜ਼ੀਨਾਮਾ ਹੋਣ ਉਪਰੰਤ ਹੀ ਉਨ੍ਹਾਂ ਸ਼ਿਕਾਇਤ ਦਫ਼ਤਰ ਦਾਖਲ ਕੀਤੀ ਹੈ।